ਵਿਧਾਇਕ ਜੱਗਾ ਨੂੰ ਮਨਾਉਣ ਆਏ ‘ਆਪ’ ਆਗੂ ਬੇਰੰਗ ਪਰਤੇ
(ਸੱਚ ਕਹੂੰ ਨਿਊਜ਼) ਲੁਧਿਆਣਾ। ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਸੀ ਤੇੇ ਉਨ੍ਹਾਂ ਨੂੰ ਆਮ ਆਦਮੀ ਦਾ ਮੁੱਖ ਮੰਤਰੀ ਦੱਸਿਆ ਇਸ ਤੋਂ ਬਾਅਦ ਚਰਚੇ ਛਿੜ ਗਏ ਸਨ ਕਿ ਹਿੱਸੋਵਾਲ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ।
ਇਸ ਨੂੰ ਦੇਖਦੇ ਹੋਏ ‘ਆਪ’ ਦੇ ਵਿਧਾਇਕਾਂ ਅਤੇ ਆਗੂਆਂ ਵੱਲੋਂ ਹਿੱਸੋਵਾਲ ਨੂੰ ਮਨਾਉਣ ਲਈ ਜ਼ੋਰ- ਅਜ਼ਮਾਇਸ਼ ਕੀਤੀ ਜਾ ਰਹੀ ਹੈ। ਅੱਜ ਐੱਮ. ਐੱਲ. ਏ. ਕੁਲਵੰਤ ਸਿੰਘ ਸੰਧਵਾਂ ਦੀ ਅਗਵਾਈ ਹੇਠ ਚਾਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਅਮਰਜੀਤ ਸਿੰਘ ਸੰਦੋਆ ਅਤੇ ਹਰਜੋਤ ਸਿੰਘ ਬੈਂਸ ਸਾਬਕਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ਜਗਤਾਰ ਸਿੰਘ ਜੱਗਾ ਦੇ ਜੱਦੀ ਪਿੰਡ ਹਿੱਸੋਵਾਲ ਪੁੱਜੇ ਤੇ ਉਹਨਾਂ ਵਿਧਾਇਕ ਸ. ਜੱਗਾ ਨਾਲ ਗੱਲਬਾਤ ਕੀਤੀ।
ਇਹਨਾਂ ਆਗੂਆਂ ਨੇ ਵਿਧਾਇਕ ਹਿੱਸੋਵਾਲ ਨੂੰ ਮੁੜ ਆਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਦਿੱਤੇ ਜਾਣ ਦੀ ਘਰ ਗੱਲ ਕੀਤੀ ਪਰ ਵਿਧਾਇਕ ਹਿੱਸੋਵਾਲ ਨੇ ਦੋ-ਟੁੱਕ ਜਵਾਬ ਦਿੰਦਿਆਂ ਆਖਿਆ ਕਿ ਹੁਣ ਉਹ ਪਾਰਟੀ ’ਚ ਵਾਪਸ ਨਹੀਂ ਆਉਣਗੇ, ਕਿਉਂਕਿ ਆਮ ਆਦਮੀ ਪਾਰਟੀ ਆਪਣੇ ਵਿਧਾਇਕਾਂ ਅਤੇ ਆਗੂਆਂ ਦੀ ਕਦਰ ਨਹੀਂ ਕਰਦੀ, ਜਿਸ ਪਾਕ-ਸਾਫ ਰਾਜਨੀਤੀ ਦਾ ਦਾਅਵਾ ਕਰਕੇ ਆਮ ਆਦਮੀ ਪਾਰਟੀ ਪੰਜਾਬ ’ਚ ਆਈ ਸੀ, ਉਸ ਨਿਸ਼ਾਨੇ ਤੋਂ ਭਟਕ ਗਈ ਹੈ, ਜਿਸ ਕਾਰਨ ਉਨਾਂ ਦਾ ਪਾਰਟੀ ’ਚ ਦਮ ਘੁੱਟ ਰਿਹਾ ਸੀ।
ਚੰਨੀ ਤੋਂ ਕਾਫ਼ੀ ਪ੍ਰਭਾਵਿਤ
ਉਹ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਲਏ ਗਏ ਫੈਸਲਿਆਂ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ। ਇਸ ਲਈ ਉਹਨਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਤੈਅ ਹੈ, ਜਿਸ ’ਤੇ ਸ. ਜੱਗਾ ਨੇ ਉਹਨਾਂ ਨੂੰ ਮਨਾਉਣ ਆਏ ਆਪ ਆਗੂਆਂ ਨੂੰ ਬੇਰੰਗ ਵਾਪਸ ਮੋੜ ਦਿੱਤਾ।
ਇਸ ਮਿਲਣੀ ਸਬੰਧੀ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਸੰਧਵਾਂ ਨੇ ਆਖਿਆ ਕਿ ਵਿਧਾਇਕ ਹਿੱਸੋਵਾਲ ਪੰਜ ਸਾਲ ਉਨ੍ਹਾਂ ਨਾਲ ਰਹੇ ਹਨ ਅਤੇ ਉਨ੍ਹਾਂ ਨੂੰ ਮਿਲਣ ਲਈ ਆਏ ਸਨ ਤਾਂ ਜੋ ਆਮ ਆਦਮੀ ਪਾਰਟੀ ਦੀ ਚੰਗੀ ਰਾਜਨੀਤੀ ਤੇ ਵਧੀਆ ਬਦਲਾਅ ਦੀ ਰਾਜਨੀਤੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ