ਆਪ ਆਗੂ ਹਿੰਮਤ ਸ਼ੇਰਗਿੱਲ ਨੇ ਲਗਾਇਆ ਸੁਖਬੀਰ ਬਾਦਲ ‘ਤੇ ਗੰਭੀਰ ਦੋਸ਼

Himmat Shergill

ਆਈ.ਐਸ.ਆਈ. ਦੇ ਨਾਅ ‘ਤੇ ਕੇਜਰੀਵਾਲ ਨੂੰ ਮਰਵਾਉਣਾ ਚਾਹੁੰਦਾ ਐ ਸੁਖਬੀਰ ਬਾਦਲ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਲੀਗਲ ਸੈਲ ਦੇ ਕਨਵੀਨਰ ਅਤੇ ਮੁਹਾਲੀ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ ਅਤੇ ਆਈ.ਐਸ.ਆਈ. ਦਾ ਨਾਅ ਲੈ ਕੇ ਪਹਿਲਾ ਅਰਵਿੰਦ ਕੇਜਰੀਵਾਲ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਮਰਵਾਉਣਾ ਚਾਹੁੰਦੇ ਹਨ। ਹਿੰਮਤ ਸਿੰਘ ਸ਼ੇਰਗਿੱਲ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦਰਮਿਆਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸ਼ੇਰਗਿੱਲ ਨੇ ਅੱਗੇ ਕਿਹਾ ਕਿ ਸੁਖਬੀਰ ਬਾਦਲ ਘਟੀਆ ਰਾਜਨੀਤੀ ‘ਤੇ ਉਤਰ ਆਏ ਹਨ ਜਿਸ ਕਾਰਨ ਉਨ੍ਹਾਂ ਨੇ ਕਲ ਪ੍ਰੈਸ ਕਾਨਫਰੰਸ ਵਿੱਚ ਇਹ ਬਿਆਨ ਦਿੱਤਾ ਕਿ ਪੰਜਾਬ ਵਿੱਚ ਆਈ.ਐਸ.ਆਈ. ਹਮਲੇ ਕਰਵਾਉਣਾ ਚਾਹੁੰਦਾ ਹੈ ਅਤੇ ਉਨ੍ਹਾਂ ਦੇ ਨਿਸ਼ਾਨੇ ‘ਤੇ ਕਈ ਅਹਿਮ ਆਗੂ ਵੀ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਪਤਾ ਹੈ ਕਿ ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲਣ ਵਾਲੀ ਹੈ ਜਿਸ ਕਾਰਨ ਹੀ ਉਨ੍ਹਾਂ ਇੱਕ ਪਲਾਨ ਤਿਆਰ ਕਰਦੇ ਹੋਏ ਆਈ.ਐਸ.ਆਈ. ਦਾ ਨਾਅ ਲੈ ਕੇ ਸੀਨੀਅਰ ਲੀਡਰ ਅਰਵਿੰਦ ਕੇਜਰੀਵਾਲ ਅਤੇ ਹੋਰਨਾਂ ਨੂੰ ਮਰਵਾਉਣਾ ਚਾਹੁੰਦਾ ਹੈ। ਜੇਕਰ ਸੁਖਬੀਰ ਬਾਦਲ ਨੂੰ ਆਈ.ਐਸ.ਆਈ. ਬਾਰੇ ਇੰਨੀ ਹੀ ਜਾਣਕਾਰੀ ਹੈ ਤਾਂ ਉਹ ਦੱਸੇ ਕਿ ਆਈ.ਐਸ.ਆਈ. ਨੇ ਕਿਹੜੇ ਕਿਹੜੇ ਲੀਡਰ ਨੂੰ ਆਪਣਾ ਨਿਸ਼ਾਨਾ ਬਣਾਉਣਾ ਹੈ ਜਾਂ ਫਿਰ ਕਿਹੜੇ ਲੀਡਰਾਂ ਨੂੰ ਪੰਜਾਬ ਵਿੱਚ ਆਪਣਾ ਹੁਣ ਤੱਕ ਨਿਸ਼ਾਨਾ ਬਣਾਇਆ ਹੈ। ਹਿੰਮਤ ਸ਼ੇਰਗਿੱਲ ਨੇ ਕਿਹਾ ਕਿ ਕੀ ਆਪਣੀ ਕਮਜੋਰੀ ਸੁਖਬੀਰ ਸਿੰਘ ਬਾਦਲ ਆਈ.ਐਸ.ਆਈ. ਦੇ ਸਿਰ ਮੜ੍ਹਨਾ ਚਾਹੁੰਦੇ ਹਨ ਕਿਉਂਕਿ ਅਹਿਮ ਲੀਡਰਾਂ ‘ਤੇ ਹੋਏ ਹਮਲਿਆਂ ਵਿੱਚ ਹੁਣ ਤੱਕ ਪੁਲਿਸ ਕਿਸੇ ਵੀ ਸਿੱਟੇ ‘ਤੇ ਨਹੀਂ ਪੁੱਜੀ ਤੇ ਹੁਣ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।

ਆਈ.ਐਸ.ਆਈ. ਦਾ ਪੱਖ ਪੂਰਦੇ ਨਜ਼ਰ ਆਏ ਸ਼ੇਰਗਿੱਲ

ਹਿੰਮਤ ਸ਼ੇਰਗਿੱਲ ਚੰਡੀਗੜ੍ਹ ਵਿਖੇ ਆਈ.ਐਸ.ਆਈ. ਦਾ ਹੀ ਪੱਖ ਪੂਰਦੇ ਨਜ਼ਰ ਆਏ। ਸ਼ੇਰਗਿੱਲ ਨੇ ਆਪਣੀ ਸਾਰੀ ਪ੍ਰੈਸ ਕਾਨਫਰੰਸ ਵਿੱਚ ਇਹ ਹੀ ਕਿਹਾ ਕਿ ਆਈ.ਐਸ.ਆਈ. ਨੇ ਪਿਛਲੇ 9 ਸਾਲਾਂ ਵਿੱਚ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਸ਼ ਨਹੀਂ ਕੀਤੀ ਹੈ ਤਾਂ ਹੁਣ ਕਿਉਂ ਕਰੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਆਈ.ਐਸ.ਆਈ. ਨੇ ਇੱਕ ਵੀ ਹਮਲਾ ਪੰਜਾਬ ਵਿੱਚ ਨਹੀਂ ਕੀਤਾ ਹੈ। ਬੇਸ਼ੱਕ ਬਾਅਦ ਵਿੱਚ ਪੱਤਰਕਾਰਾਂ ਵਲੋਂ ਟੋਕਣ ‘ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਦਾ ਗਲਤ ਮਤਲਬ ਨਾ ਲਿਆ ਜਾਵੇ ।