ਮਾਮਲਾ ਪਿੰਡ ਬਾਦਲ ਦੇ ਖੇਤਾਂ ’ਚੋਂ ਫੜੀ ਨਕਲੀ ਸ਼ਰਾਬ ਦੇ ਮਾਮਲੇ ’ਚ ਅਸਲ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਹੋਣ ਦਾ
-
ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਐ : ਐਸਪੀ
ਲੰਬੀ/ਕਿੱਲਿਆਂਵਾਲੀ ਮੰਡੀ,(ਮੇਵਾ ਸਿੰਘ)। ਪਿੰਡ ਬਾਦਲ ਦੇ ਨਾਲ ਲਗਦੇ ਖੇਤ ਵਿੱਚ ਬਣੇ ਕਮਰਿਆਂ ਵਿੱਚੋਂ ਆਬਕਾਰੀ ਵਿਭਾਗ ਪੰਜਾਬ ਤੇ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਫੜੀ ਗਈ ਨਕਲੀ ਸ਼ਰਾਬ ਨੂੰ ਲੈਕੇ ਪੁਲਿਸ ਵੱਲੋਂ ਅਸਲ ਦੋਸ਼ੀਆਂ ਵਿਰੁੱਧ ਪਰਚਾ ਦਰਜ ਨਾ ਕਰਨ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਪੁਲਿਸ ਥਾਣਾ ਲੰਬੀ ਦੇ ਮੂਹਰੇ ਆਪ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਵਿੱਚ ਮੁੱਖ ਮਾਰਗ ਨੰ: 9 ਮਲੋਟ-ਡੱਬਵਾਲੀ ’ਤੇ ਧਰਨਾ ਦਿੰਦਿਆਂ ਟਰੈਟਿਕ ਜਾਮ ਕਰ ਦਿੱਤਾ ਇਸ ਮੌਕੇ ਮੀਤ ਹੇਅਰ ਵਿਧਾਇਕ ਬਰਨਾਲਾ, ਪ੍ਰੋ: ਬਲਜਿੰਦਰ ਕੌਰ ਵਿਧਾਇਕ ਤਲਵੰਡੀ ਸਾਬੋ ਵੀ ਮੌਜੂਦ ਸਨ।
ਆਪ ਆਗੂਆਂ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤਰਨਤਾਰਨ ਦੇ ਪਿੰਡ ਵਿੱਚ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਵੱਧ ਮੌਤਾਂ ਹੋਈਆਂ ਸਨ ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੇਕਰ ਪੰਜਾਬ ਅੰਦਰੋਂ ਕਿਸੇ ਵਿਅਕਤੀ ਕੋਲੋਂ ਕੈਮੀਕਲ ਵਾਲੀ ਸ਼ਰਾਬ ਫੜੀ ਜਾਂਦੀ ਹੈ ਤਾਂ ਉਸ ਵਿਅਕਤੀ ’ਤੇ ਧਾਰਾ 302 ਲਾਈ ਜਾਵੇਗੀ। ਵਿਧਾਇਕ ਕੁਲਤਾਰ ਸੰਧਵਾਂ ਨੇ ਆਖਿਆ ਕਿ ਜੋ ਨਕਲੀ ਸ਼ਰਾਬ ਫੜੀ ਗਈ ਹੈ ਪੁਲਿਸ ਵੱਲੋਂ ਨੌਕਰਾਂ ਆਨੰਦ ਸਰਮਾ ਉਤਰਾਖੰਡ, ਰਾਜਾ ਚੰਡੀਗੜ, ਜ਼ਸਨ ਖਿਉਵਾਲੀ ਤੇ ਪ੍ਰਗਟ ਸਿੰਘ ਲਾਲਬਾਈ ’ਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਗੋਗਲੂਆਂ ਤੋਂ ਮਿੱਟੀ ਝਾੜ ਦਿੱਤੀ ਹੈ। ਵਿਧਾਇਕ ਸੰਧਵਾਂ ਦੇ ਦਾਅਵਾ ਕੀਤਾ ਕਿ ਨਕਲੀ ਸ਼ਰਾਬ ਦੇ ਅਸਲ ਦੋਸੀ ਨੇ ਆਪ ਥਾਣਾ ਲੰਬੀ ਵਿੱਚ ਬੈਠਕੇ ਐਫ.ਆਈ.ਆਰ ਦਰਜ ਕਰਵਾਈ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਆਖਣ ਅਨੁਸਾਰ ਉਕਤ ਸਾਰਿਆਂ ’ਤੇ ਧਾਰਾ 302 ਲਗਾਉਣੀ ਚਾਹੀਦੀ ਹੈ ਤੇ ਅਸਲ ਦੋਸ਼ੀ ’ਤੇ ਪੁਲਿਸ ਨੂੰ ਪਰਚਾ ਦਰਜ ਕਰਨਾ ਚਾਹੀਦਾ ਹੈ। ਬੁਲਾਰਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਕਲੀ ਸ਼ਰਾਬ ਸਬੰਧੀ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਤੋਂ ਕਰਵਾਉਣੀ ਚਾਹੀਦੀ ਹੈ।ਇਸ ਮੌਕੇ ਵਿਧਾਇਕ ਬਰਨਾਲਾ ਮੀਤ ਹੇਅਰ ਨੇ ਕਿਹਾ ਕਿ ਇਹ ਨਕਲੀ ਸ਼ਰਾਬ ਦੀ ਫੈਕਟਰੀ ਉਥੋਂ ਮਿਲੀ ਹੈ, ਜਿੱਥੋਂ ਥੋੜ੍ਹੀ ਦੂਰ ’ਤੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਦੀ ਰਿਹਾਇਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 10 ਸਾਲ ਰਹੀ ਅਕਾਲੀ ਦਲ ਦੀ ਸਰਕਾਰ ਸਮੇਂ ਨਸ਼ਾ ਮਾਫੀਆ ਚਲਦਾ ਸੀ ਤੇ ਜਿਸ ਨੂੰ ਪੰਜਾਬ ਦੀ ਮੌਜੂਦ ਕੈਪਟਨ ਸਰਕਾਰ ਨੇ ਅੱਗੇ ਵਧਾਇਆ ਹੈ।
ਇਸ ਮੌਕੇ ਪ੍ਰੋਫੈਸਰ ਬਲਜਿੰਦਰ ਕੌਰ ਵਿਧਾਇਕ ਤਲਵੰਡੀ ਸਾਬੋ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਪੰਜਾਬ ਵਿੱਚੋਂ ਹਰ ਤਰ੍ਹਾਂ ਦੇ ਨਸ਼ੇ ਨੂੰ 4 ਹਫਤਿਆਂ ਵਿੱਚ ਖਤਮ ਕਰਨ ਦਾ ਵਾਅਦਾ ਕੀਤਾ ਸੀ ਤੇ ਅੱਜ ਵਾਅਦਾ ਪਤਾ ਨਹੀਂ ਕਿੱਥੇ ਹਵਾ ਹੋ ਗਿਆ। ਉਕਤ ਸਾਰੇ ਮਾਮਲੇ ਸਬੰਧੀ ਜਦੋਂ ਮੌਕੇ ’ਤੇ ਮੌਜੂਦ ਰਾਜਪਾਲ ਸਿੰਘ ਹੁੰਦਲ ਐਸ.ਪੀ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਸਾਰੇ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਵੱਲੋਂ ਬੜੀ ਬਰੀਕੀ ਨਾਲ ਕੀਤੀ ਜਾ ਰਹੀ ਹੈ, ਕਾਨੂੰਨ ਅਨੁਸਾਰ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ, ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਇਸ ਮੌਕੇ ਗੋਲਡੀ ਕੰਬੋਜ ਪ੍ਰਧਾਨ ਬੀਸੀ ਵਿੰਗ ਪੰਜਾਬ, ਧਰਮਜੀਤ ਸਿੰਘ ਰਾਮੇਆਣਾ, ਜਗਦੀਪ ਸਿੰਘ ਕਾਕਾ ਬਰਾੜ, ਰਾਜਪਾਲ ਸਿੰਘ ਸਿੱਧੂ, ਨਵਦੀਪ ਜੀਦਾ, ਜਗਦੇਵ ਸਿੰਘ ਜਿਲ੍ਹਾ ਪ੍ਰਧਾਨ, ਸੁਖਜਿੰਦਰ ਸਿੰਘ ਕਾਉਣੀ, ਸੁਖਜੀਤ ਸਿੰਘ ਢਿਲਵਾਂ,ਨੀਲ ਗਰਗ ਬਠਿੰਡਾ, ਅਨਿਲ ਠਾਕਰ, ਜਗਮੋਹਨ ਸਿੰਘ ਸੁਖਨਾ, ਅਮੋਲਕ ਸਿੰਘ, ਖੁਸ਼ਵੀਰ ਮਾਨ ਸਹਿਣਾਖੇੜਾ,ਮਨਵੀਰ ਖੁੱਡੀਆਂ, ਕਾਰਜ ਸਿੰਘ ਵਿਰਕ, ਹਰਦੀਪ ਸਿੰਘ ਅਤੇ ਪਰਮਜੀਤ ਸਿੰਘ ਗਿੱਲ ਆਦਿ ਮੌਜੂਦ ਸਨ। ਪ੍ਰੋਗਰਾਮ ਦੇ ਆਖਰ ਵਿਚ ਆਪ ਆਗੂਆਂ ਵੱਲੋਂ ਇਕ ਮੰਗ ਪੱਤਰ ਜਸਪਾਲ ਸਿੰਘ ਡੀਐਸਪੀ ਮਲੋਟ ਨੂੰ ਸੌਂਪਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।