ਗੰਭੀਰ ਚੁਣੌਤੀ ਹੈ ਖੇਤੀ ’ਤੇ ਵਾਤਾਵਰਨ ਬਦਲਾਅ ਦਾ ਅਸਰ

Environment

ਵਾਤਾਵਰਨ ਬਦਲਾਅ ਪੂਰੀ ਦੁਨੀਆ ਲਈ ਚੁਣੌਤੀ ਬਣ ਗਿਆ ਹੈ। ਵਾਤਾਵਰਨ ਬਦਲਾਅ ਦਾ ਵਿਆਪਕ ਪ੍ਰਭਾਵ ਵੱਖ-ਵੱਖ ਖੇਤਰਾਂ ’ਤੇ ਪੈ ਰਿਹਾ ਹੈ। ਖੇਤੀ ਵੀ ਇਸ ਨਾਲ ਪ੍ਰਭਾਵਿਤ ਹੋ ਰਹੀ ਹੈ। ਖੇਤੀ ’ਤੇ ਵਾਤਾਵਰਨ ਬਦਲਾਅ ਦੇ ਉਲਟ ਪ੍ਰਭਾਵ ਕਾਰਨ ਕਰੋੜਾਂ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਹਾਲ ਹੀ ’ਚ ਆਈ ਇੱਕ ਸਰਵੇ ਦੀ ਰਿਪੋਰਟ ਖੇਤੀ ’ਤੇ ਵਾਤਾਵਰਨ ਬਦਲਾਅ ਦੇ ਵਿਆਪਕ ਪ੍ਰਭਾਵਾਂ ਦਾ ਖੁਲਾਸਾ ਕਰਦੀ ਹੈ। ਇਸ ਰਿਪੋਰਟ ਅਨੁਸਾਰ ਪਿਛਲੇ ਪੰਜ ਸਾਲਾਂ ’ਚ ਉਲਟ ਵਰਤਾਵਰਨੀ ਘਟਨਾਵਾਂ ਕਾਰਨ ਭਾਰਤ ’ਚ 80 ਫੀਸਦੀ ਛੋਟੇ ਕਿਸਾਨਾਂ ਨੂੰ ਫਸਲਾਂ ਦਾ ਨੁਕਸਾਨ ਝੱਲਣਾ ਪਿਆ ਹੈ।

ਸੰਸਾਰ ਭਰ ਦੇ ਮਾਹਿਰ ਇੱਕ ਅਰਸੇ ਤੋਂ ਵਾਤਾਵਰਨ ਬਦਲਾਅ ਦੇ ਖਤਰਿਆਂ ਬਾਰੇ ਚਿਤਾਵਨੀ ਦਿੰਦੇ ਆ ਰਹੇ ਹਨ ਪਰ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਵਾਤਾਵਰਨ ਬਦਲਾਅ ’ਤੇ ਚਰਚਾ ਤਾਂ ਹੋਣ ਲੱਗੀ ਹੈ ਪਰ ਇਸ ਨਾਲ ਨਜਿੱਠਣ ਲਈ ਕਾਰਗਰ ਉਪਾਵਾਂ ’ਤੇ ਗੰਭੀਰਤਾ ਨਾਲ ਕੰਮ ਨਹੀਂ ਹੋ ਰਿਹਾ। ਅਸੀਂ ਸਾਰੇ ਜਾਣਦੇ ਹਾਂ ਕਿ ਵਾਤਾਵਰਨ ਬਦਲਾਅ ਕਾਰਨ ਬਰਸਾਤ ਦੇ ਪੈਟਰਨ ’ਚ ਬਦਲਾਅ ਹੋ ਰਿਹਾ ਹੈ। ਕਿਤੇ ਜ਼ਿਆਦਾ ਬਰਸਾਤ ਤੇ ਕਿਤੇ ਸੋਕੇ ਦੀ ਸਥਿਤੀ ਬਣ ਜਾਂਦੀ ਹੈ, ਜਿਸ ਨਾਲ ਫਸਲਾਂ ਦੀ ਪੈਦਾਵਾਰ ਪ੍ਰਭਾਵਿਤ ਹੁੰਦੀ ਹੈ।

ਗੰਭੀਰ ਚੁਣੌਤੀ ਹੈ ਖੇਤੀ ’ਤੇ ਵਾਤਾਵਰਨ ਬਦਲਾਅ ਦਾ ਅਸਰ

ਹਾਲ ਦੇ ਦੋ-ਤਿੰਨ ਸਾਲਾਂ ’ਚ ਉੱਚ ਤਾਪਮਾਨ ਨਾਲ ਫਸਲਾਂ ਦਾ ਵਾਧਾ ਪ੍ਰਭਾਵਿਤ ਹੋਇਆ ਹੈ। ਕਣਕ ਵਰਗੀਆਂ ਕਈ ਫਸਲਾਂ ਵਧੇਰੇ ਤਾਪਮਾਨ ਨੂੰ ਸਹਿਣ ਨਹੀਂ ਕਰ ਸਕੀਆਂ, ਜਿਸ ਨਾਲ ਉਨ੍ਹਾਂ ਦੀ ਪੈਦਾਵਾਰ ਘਟੀ ਹੈ। ਉੱਚ ਤਾਪਮਾਨ ਅਤੇ ਨਮੀ ਦੀ ਸਥਿਤੀ ਨੇ ਕੀਟ ਅਤੇ ਰੋਗਾਂ ਦੀ ਕਰੋਪੀ ਨੂੰ ਵਧਾਇਆ ਹੈ। ਉੱਤਰੀ ਭਾਰਤ ਦੀ ਕਪਾਹ ਪੱਟੀ ’ਚ ਪਿਛਲੇ ਕਈ ਸਾਲਾਂ ਤੋਂ ਗੁਲਾਬੀ ਸੁੰਡੀ ਕਪਾਹ ਦੀ ਫਸਲ ਨੂੰ ਤਬਾਹ ਕਰ ਰਹੀ ਹੈ। ਫਸਲਾਂ ਦੇ ਜਿਹੜੇ ਰੋਗਾਂ ਬਾਰੇ ਖੇਤੀ ਵਿਭਾਗ ਨੂੰ ਪਤਾ ਹੈ, ਉਨ੍ਹਾਂ ਨਾਲ ਨਜਿੱਠਣਾ ਹੀ ਭਾਰੀ ਪੈ ਰਿਹਾ ਹੈ।

Read Also : Sunam Police: ਸੁਨਾਮ ਪੁਲਿਸ ਵੱਲੋਂ ਮੋਬਾਇਲ ਫੋਨ ਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ

ਉੱਪਰੋਂ ਇਹ ਸ਼ੱਕ ਵੀ ਹੈ ਕਿ ਵਾਤਾਵਰਨ ਬਦਲਾਅ ਕਾਰਨ ਕੁਝ ਨਵੇਂ ਰੋਗ ਵੀ ਫਸਲਾਂ ’ਤੇ ਹਮਲਾ ਕਰ ਸਕਦੇ ਹਨ, ਜਿਸ ਨਾਲ ਨਜਿੱਠਣ ਲਈ ਕਿਸਾਨਾਂ ਕੋਲ ਲੋੜੀਂਦੀ ਤਿਆਰੀ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵਾਤਾਵਰਨ ਬਦਲਾਅ ਦੇ ਕਈ ਨੁਕਸਾਨ ਖੇਤੀ ਨੂੰ ਪ੍ਰਭਾਵਿਤ ਕਰ ਰਹੇ ਹਨ। ਦੇਸ਼ ਦੇ ਵੱਖ-ਵੱਖ ਭਾਗਾਂ ’ਚ ਵਾਤਾਵਰਨ ਬਦਲਾਅ ਕਾਰਨ ਸੋਕੇ ਦੀ ਸਥਿਤੀ ਬਣ ਰਹੀ ਹੈ, ਇਸ ਨਾਲ ਜ਼ਮੀਨ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਹੋ ਰਹੀ ਹੈ, ਜੋ ਪਾਣੀ ਦੇ ਪੱਧਰ ’ਚ ਗਿਰਾਵਟ ਦੀ ਵਜ੍ਹਾ ਬਣ ਰਹੀ ਹੈ। ਜਿੱਥੇ ਕਿਤੇ ਜ਼ਿਆਦਾ ਬਰਸਾਤ ਹੋ ਰਹੀ ਹੈ, ਉੱਥੇ ਇਸ ਕਾਰਨ ਮਿੱਟੀ ਦਾ ਕਟਾਅ ਹੋਣ ਨਾਲ ਉਸ ਦੀ ਊਰਜਾ ਘੱਟ ਹੋ ਰਹੀ ਹੈ। ਸੋਕੇ ਦੀ ਸਥਿਤੀ ’ਚ ਮਿੱਟੀ ’ਚ ਖਾਰਾਪਣ ਵਧ ਜਾਂਦਾ ਹੈ, ਜਿਸ ਨਾਲ ਫਸਲਾਂ ਦੇ ਵਾਧੇ ’ਚ ਰੁਕਾਵਟ ਆਉਂਦੀ ਹੈ।

ਹਾਲ ਦੇ ਸਾਲਾਂ ’ਚ ਕਿਸਾਨ ਬਦਲਦੇ ਵਾਤਾਵਰਨ ਪੈਟਰਨ ਕਾਰਨ ਫਸਲਾਂ ਦੀ ਪੈਦਾਵਾਰ ’ਚ ਬੇਯਕੀਨੀ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਬੀਤੇ ਇੱਕ ਦਹਾਕੇ ’ਚ ਕਦੇ ਜ਼ਿਆਦਾ ਪੈਦਾਵਾਰ ਅਤੇ ਕਦੇ ਘੱਟ ਪੈਦਾਵਾਰ ਦੀ ਸਥਿਤੀ ਬਣ ਰਹੀ ਹੈ। ਵਾਤਾਵਰਨ ਬਦਲਾਅ ਦਾ ਨੁਕਸਾਨ ਕਿਸ ਕਦਰ ਪ੍ਰਤੱਖ ਨਜ਼ਰ ਆਉਣ ਲੱਗਾ ਹੈ, ਇਸ ਦਾ ਅੰਦਾਜ਼ਾ ਡਿਵੈਲਪਮੈਂਟ ਇੰਟੈਲੀਜੈਂਸ ਯੂਨਿਟ (ਡੀਆਈਯੂ) ਦੇ ਸਹਿਯੋਗ ਨਾਲ ਫੋਰਮ ਆਫ ਇੰਟਰਪ੍ਰਾਈਜੇਜ ਫਾਰ ਇਕਵਿਟੇਬਲ ਡਿਵੈਲਪਮੈਂਟ (ਐਫਈਈਡੀ) ਵੱਲੋਂ ਕੀਤੇ ਗਏ ਸਰਵੇ ਦੇ ਨਤੀਜਿਆਂ ਤੋਂ ਲਾਇਆ ਜਾ ਸਕਦਾ ਹੈ।

ਮਾਨਸੂਨ ਦਾ ਸਮੇਂ ਤੋਂ ਪਹਿਲਾਂ ਵਾਪਸ ਪਰਤਣਾ

ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਪਿਛਲੇ ਪੰਜ ਸਾਲਾਂ ’ਚ ਉਲਟ ਵਾਤਾਵਰਨ ਘਟਨਾਵਾਂ ਕਾਰਨ ਭਾਰਤ ’ਚ 80 ਫੀਸਦੀ ਛੋਟੇ ਕਿਸਾਨਾਂ ਨੂੰ ਫਸਲ ਦਾ ਨੁਕਸਾਨ ਝੱਲਣਾ ਪਿਆ ਹੈ। ਸਰਵੇ ਦੇ ਨਤੀਜੇ ਦੱਸਦੇ ਹਨ ਕਿ ਫਸਲ ਦੇ ਨੁਕਸਾਨ ਦੇ ਮੁੱਢਲੇ ਕਾਰਨਾਂ ’ਚ ਸੋਕਾ (41 ਫੀਸਦੀ), ਜ਼ਿਆਦਾ ਜਾਂ ਗੈਰ-ਮੌਸਮੀ ਬਰਸਾਤ ਸਮੇਤ ਬੇਕਾਬੂ ਬਰਸਾਤ (32 ਫੀਸਦੀ) ਅਤੇ ਮਾਨਸੂਨ ਦਾ ਸਮੇਂ ਤੋਂ ਪਹਿਲਾਂ ਵਾਪਸ ਪਰਤਣਾ ਜਾਂ ਦੇਰ ਨਾਲ ਆਉਣਾ (24 ਫੀਸਦੀ) ਹੈ।

ਸਰਵੇ ’ਚ ਜਿਹੜੇ ਕਿਸਾਨਾਂ ਨੂੰ ਸ਼ਾਮਲ ਕੀਤਾ ਗਿਆ, ਉਨ੍ਹਾਂ ’ਚ ਲਗਭਗ 43 ਫੀਸਦੀ ਕਿਸਾਨਾਂ ਨੂੰ ਖੇਤਾਂ ’ਚ ਖੜ੍ਹੀਆਂ ਫਸਲਾਂ ਦਾ ਘੱਟੋ-ਘੱਟ ਅੱਧਾ ਹਿੱਸਾ ਗਵਾਉਣਾ ਪਿਆ ਹੈ। ਬਰਸਾਤ ਨਾਲ ਚੌਲਾਂ, ਸਬਜ਼ੀਆਂ ਅਤੇ ਦਾਲਾਂ ਖਾਸ ਤੌਰ ’ਤੇ ਪ੍ਰਭਾਵਿਤ ਹੋਈਆਂ ਹਨ। ਦੇਸ਼ ’ਚ ਕਿਤੇ ਪਾਣੀ ਜ਼ਿਆਦਾ ਅਤੇ ਕਿਤੇ ਕਮੀ ਕਾਰਨ ਜਿਸ ਤਰ੍ਹਾਂ ਕਿਸਾਨ ਨੁਕਸਾਨ ਝੱਲ ਰਹੇ ਹਨ ਇਸ ਬਾਰੇ ਸਰਵੇ ਰਿਪੋਰਟ ’ਚ ਚਾਨਣ ਪਾਇਆ ਗਿਆ ਹੈ।

ਇਹ ਸਰਵੇ ਰਿਪੋਰਟ ਦੱਸਦੀ ਹੈ ਕਿ ਦੇਸ਼ ਦੇ ਉੱਤਰੀ ਰਾਜਾਂ ’ਚ ਝੋਨੇ ਦੇ ਖੇਤਾਂ ਦੇ ਅਕਸਰ ਇੱਕ ਹਫਤੇ ਤੋਂ ਜ਼ਿਆਦਾ ਸਮੇਂ ਤੱਕ ਪਾਣੀ ਭਰੇ ਰਹਿਣ ਦੀ ਵਜ੍ਹਾ ਨਾਲ ਨਵੇਂ ਲਾਏ ਪੌਦੇ ਨਸ਼ਟ ਹੋ ਜਾਂਦੇ ਹਨ, ਉੱਧਰ, ਮਹਾਂਰਾਸ਼ਟਰ ਤੇਲੰਗਾਨਾ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ’ਚ ਘੱਟ ਬਰਸਾਤ ਕਾਰਨ ਚੌਲ, ਮੱਕਾ, ਕਪਾਹ, ਸੋਇਆਬੀਨ, ਮੂੰਗਫਲੀ ਅਤੇ ਦਾਲਾਂ ਵਰਗੀਆਂ ਵੱਖ-ਵੱਖ ਫਸਲਾਂ ਦੀ ਬਿਜਾਈ ’ਚ ਦੇਰੀ ਹੋਈ ਹੈ।

ਖੇਤੀ ’ਤੇ ਵਾਤਾਵਰਨ ਬਦਲਾਅ ਦੇ ਮਾੜੇ ਪ੍ਰਭਾਵਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਲਗਾਤਾਰ ਘੱਟ ਹੁੰਦੀ ਆਮਦਨੀ ਕਾਰਨ ਦੇਸ਼ ’ਚ ਪਹਿਲਾਂ ਤੋਂ ਹੀ ਕਿਸਾਨਾਂ ’ਚ ਅਸੰਤੋਸ਼ ਹੈ। ਜੇਕਰ ਕਿਸਾਨਾਂ ਦੀ ਆਮਦਨੀ ’ਚ ਹੋਰ ਗਿਰਾਵਟ ਆਉਂਦੀ ਹੈ ਤਾਂ ਉਨ੍ਹਾਂ ’ਚ ਨਿਰਾਸ਼ਾ ਦਾ ਭਾਵ ਵਧੇਗਾ। ਇਹ ਨਿਰਾਸ਼ਾ ਕਈ ਸਮੱਸਿਆਵਾਂ ਨੂੰ ਜਨਮ ਦੇਵੇਗੀ। ਫਸਲਾਂ ਦੀ ਪੈਦਾਵਾਰ ’ਚ ਕਮੀ ਕਾਰਨ ਖੁਰਾਕ ਸੁਰੱਖਿਆ ’ਤੇ ਖਤਰਾ ਮੰਡਰਾਉਣਾ ਸੁਭਾਵਿਕ ਹੈ, ਜਿਸ ਨਾਲ ਅੰਨ ਦੀ ਕਮੀ ਨਾਲ ਸਮਾਜ ’ਚ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਵਾਤਾਵਰਨ ਬਦਲਾਅ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕਣੇ ਹੀ ਹੋਣਗੇ ਕਿਉਂਕਿ ਭਵਿੱਖ ’ਚ ਸਮੱਸਿਆਵਾਂ ਦਾ ਹੋਰ ਵਧਣਾ ਤੈਅ ਹੈ।

ਤੁਪਕਾ ਅਤੇ ਫੁਹਾਰਾ ਸਿੰਚਾਈ

ਕੁਦਰਤ ਨਾਲ ਲਗਾਤਾਰ ਖਿਲਵਾੜ ਕਰਕੇ ਹੁਣ ਅਸੀਂ ਉਸ ਮੁਕਾਮ ’ਤੇ ਪਹੁੰਚ ਗਏ ਹਾਂ, ਜਿੱਥੇ ਵਾਤਾਵਰਨ ਅਨੁਕੂਲ ਰਣਨੀਤੀ ਵਿਕਸਿਤ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਜੇਕਰ ਖੇਤੀ ਨੂੰ ਬਚਾਉਣਾ ਹੈ ਅਤੇ ਅੰਨ ਦੀ ਕਮੀ ਨੂੰ ਟਾਲਣ ਤੇ ਭੁੱਖਮਰੀ ਦੇ ਹਾਲਾਤ ਤੋਂ ਬਚਣਾ ਹੈ ਤਾਂ ਸਾਨੂੰ ਕਿਸਾਨਾਂ ਨੂੰ ਸੋਕਾ ਪ੍ਰਤੀਰੋਧੀ ਫਸਲਾਂ ਦੀ ਖੇਤੀ, ਰਲਵੀਂ ਖੇਤੀ ਅਤੇ ਕੁਦਰਤੀ ਵਸੀਲਿਆਂ ਦੀ ਸੁਰੱਖਿਆ ਸਮੇਤ ਵਾਤਾਵਰਨ ਬਦਲਾਅ ਦੇ ਅਨੁਕੂਲ ਤਮਾਮ ਸਮੁੱਚੀਆਂ ਖੇਤੀ ਪਹਿਲਾਂ ਨੂੰ ਅਪਣਾਉਣ ਦੀ ਦਿਸ਼ਾ ’ਚ ਵਧਣਾ ਹੋਵੇਗਾ। ਤੁਪਕਾ ਅਤੇ ਫੁਹਾਰਾ ਸਿੰਚਾਈ ਵਰਗੇ ਸਿੰਚਾਈ ਦੇ ਆਧੁਨਿਕ ਤਰੀਕੇ ਅਪਣਾ ਕੇ ਪਾਣੀ ਬਚਾਉਣ ਲਈ ਯਤਨ ਕਰਨੇ ਹੋਣਗੇ। ਸਾਡੇ ਖੇਤੀ ਵਿਗਿਆਨੀ ਦਹਾਕਿਆਂ ਤੋਂ ਫਸਲ ਵਿਭਿੰਨਤਾ ਨੂੰ ਹੱਲਾਸ਼ੇਰੀ ਦੇਣ ਦੀ ਪੈਰਵੀ ਕਰ ਰਹੇ ਹਨ। ਹੁਣ ਜੇਕਰ ਕੀਟਾਂ ਅਤੇ ਬਿਮਾਰੀਆਂ ਦੀ ਕਰੋਪੀ ਨੂੰ ਕੰਟਰੋਲ ਕਰਨਾ ਹੈ ਤਾਂ ਫਸਲ ਵਿਭਿੰਨਤਾ ਹੀ ਇਸ ਦਾ ਉਪਾਅ ਹੈ।

ਵਾਤਾਵਰਨ ਬਦਲਾਅ

ਜ਼ਰੂਰੀ ਹੈ ਕਿ ਅਸੀਂ ਅਜਿਹਾ ਕੰਮ ਨਾ ਕਰੀਏ ਜਿਸ ਨਾਲ ਵਾਤਾਵਰਨ ਬਦਲਾਅ ਦਾ ਖਤਰਾ ਵਧੇ। ਕਿਸਾਨਾਂ ਨੂੰ ਜਲਵਾਯੂ ਦੇ ਅਨੁਕੂਲ ਫਸਲਾਂ ਦੀ ਬਿਜਾਈ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਖੇਤੀ ਖੋਜ ਸੰਸਥਾਨਾਂ ਨੂੰ ਵਾਤਾਵਰਨ ਬਦਲਾਅ ਦੇ ਪ੍ਰਭਾਵਾਂ ਦਾ ਅਧਿਐਨ ਕਰਕੇ ਕਿਸਾਨਾਂ ਨੂੰ ਸਹੀ ਸਲਾਹ ਦੇਣ ਦੀ ਵੱਡੀ ਜਿੰਮੇਵਾਰੀ ਚੁੱਕਣੀ ਹੋਵੇਗੀ। ਵਾਤਾਵਰਨ ਬਦਲਾਅ ਦਾ ਖੇਤੀ ’ਤੇ ਉਲਟ ਪ੍ਰਭਾਵ ਇੱਕ ਗੰਭੀਰ ਚੁਣੌਤੀ ਹੈ, ਜਿਸ ਦੇ ਹੱਲ ਲਈ ਸਮੂਹਿਕ ਯਤਨਾਂ ਦੀ ਲੋੜ ਹੈ। ਅਨੁਕੂਲ ਖੇਤੀ ਪਹਿਲਾਂ ਨੂੰ ਅਪਣਾ ਕੇ ਮਿਥੇ ਤਰੀਕੇ ਨਾਲ ਵਾਤਾਵਰਨ ਬਦਲਾਅ ਦੀ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਜੇਕਰ ਅਸੀਂ ਅਜਿਹਾ ਕਰਾਂਗੇ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਰਾਕ ਸੁਰੱਖਿਆ ਯਕੀਨੀ ਕਰਨਾ ਸੰਭਵ ਹੈ।

ਅਮਰਪਾਲ ਵਰਮਾ
(ਇਹ ਲੇਖਕ ਦੇ ਆਪਣੇ ਵਿਚਾਰ ਹਨ)