ਟਰੱਕਾਂ ਨੂੰ ਲੱਗੀਆਂ ਬਰੇਕਾਂ ਨਾਲ ਪੰਜਾਬ ‘ਚ ਪੌਣੇ ਦੋ ਅਰਬ ਦਾ ਨੁਕਸਾਨ

Trucks, Carrying, Breaks, Punjab

ਹੜਤਾਲ ਸੱਤਵੇਂ ਦਿਨ ‘ਚ ਸ਼ਾਮਲ, ਪੰਜਾਬ ‘ਚ 80 ਹਜਾਰ ਟਰੱਕਾਂ ਦੇ ਪਹੀਏ ਜਾਮ | Trucks

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੂਰੇ ਦੇਸ਼ ਅੰਦਰ ਚੱਲ ਰਹੀ ਟਰੱਕਾਂ ਦੀ ਹੜਤਾਲ ਕਾਰਨ ਇਕੱਲੇ ਪੰਜਾਬ ਸੂਬੇ ਅੰਦਰ ਹੀ ਟਰੱਕ ਓਪਰੇਟਰਾਂ ਨੂੰ ਅੱਜ ਤੱਕ ਪੌਣੇ ਦੋ ਅਰਬ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ, ਜਦਕਿ ਹੜਤਾਲ ਅਜੇ ਜਾਰੀ ਹੈ। ਉਂਜ ਇਸ ਹੜਤਾਲ ਕਾਰਨ ਫੈਕਟਰੀਆਂ ਵਾਲਿਆਂ ਸਮੇਤ ਵਪਾਰੀਆਂ ਨੂੰ ਵੱਡੇ ਪੱਧਰ ‘ਤੇ ਨੁਕਸਾਨ ਸਹਿਣਾ ਪੈ ਰਿਹਾ ਹੈ।  ਇੱਧਰ ਟਰੱਕਾਂ ਦੀ ਹੜ੍ਹਤਾਲ ਕਾਰਨ ਸੂਬੇ ਸਮੇਤ ਦੇਸ਼ ਅੰਦਰ ਹੀ ਢੋਆ ਢੁਆਈ ਦਾ ਕੰਮ ਠੱਪ ਹੋਇਆ ਪਿਆ ਹੈ, ਜਿਸ ਕਾਰਨ ਸਬਜੀਆਂ, ਫਲਾਂ ਸਮੇਤ ਹੋਰ ਵਸਤਾਂ ਦੇ ਭਾਅ ਦੁੱਗਣੇ ਹੋ ਗਏ ਹਨ।

ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਜਾਣਕਾਰੀ ਅਨੁਸਾਰ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸੱਦੇ ‘ਤੇ ਪੂਰੇ ਦੇਸ਼ ਅੰਦਰ ਆਪਣੀਆਂ ਮੰਗਾਂ ਨੂੰ ਲੈ ਕੇ ਟਰੱਕਾਂ ਦੀ ਹੜਤਾਲ ਅੱਜ ਸੱਤਵੇਂ ਦਿਨ ‘ਚ ਪੁੱਜ ਗਈ ਹੈ ਅਤੇ ਪੰਜਾਬ ਦੇ 80 ਹਜ਼ਾਰ ਟਰੱਕਾਂ ਦੇ ਚੱਕੇ ਜਾਮ ਹਨ। ਸੱਤ ਦਿਨਾਂ ਤੋਂ ਇਸ ਹੜਤਾਲ ਕਾਰਨ ਟਰੱਕ ਅਪਰੇਟਰਾਂ ਦਾ ਲਗਭਗ 175 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਹੜਤਾਲ ਕਾਰਨ ਜੋ ਟਰੱਕ ਅਪਰੇਟਰ ਢੋਆ ਢੁਆਈ ਕਾਰਨ ਬਾਹਰਲੇ ਰਾਜਾਂ ਵਿੱਚ ਮਾਲ ਭਰਕੇ ਗਏ ਹੋਏ ਸਨ, ਨੂੰ ਉਧਰ ਹੀ ਰੁਕਣਾ ਪੈ ਰਿਹਾ ਹੈ। ਇੱਧਰ ਢੋਆ ਢੁਆਈ ‘ਤੇ ਲੱਗੀਆਂ ਬ੍ਰੇਕਾਂ ਕਾਰਨ ਫਲ, ਸਬਜੀਆਂ ਅਤੇ ਹੋਰ ਰਾਜਾਂ ਤੋਂ ਆਉਣ ਵਾਲੀਆਂ ਵਸਤਾਂ ਦਾ ਕੰਮ ਠੱਪ ਹੈ, ਜਿਸ ਕਾਰਨ ਬਜਾਰਾਂ ਅੰਦਰ ਇਨ੍ਹਾਂ ਦੇ ਭਾਅ ਵਿੱਚ ਦੁੱਗਣਾ ਵਾਧਾ ਹੋ ਗਿਆ ਹੈ। ਇਸ ਹੜਤਾਲ ਕਾਰਨ ਅਨੇਕਾਂ ਫੈਕਟਰੀਆਂ ਅੰਦਰ ਬਣਿਆ ਹੋਇਆ ਕੱਚਾ ਮਾਲ ਸਮੇਤ ਹੋਰ ਸਮਾਨ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਰਕੇ ਫੈਕਟਰੀ ਮਾਲਕਾਂ ਅਤੇ ਵਪਾਰੀਆਂ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ

ਨੌਜਵਾਨ ਟਰੱਕ ਅਪਰੇਟਰ ਬਹਾਦਰ ਸਿੰਘ ਬੁੱਟਰ ਦਾ ਕਹਿਣਾ ਹੈ ਕਿ ਉਹ ਹੜਤਾਲ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਬੰਗਲੋਰ ਵਿਖੇ ਆਲੂ ਭਰ ਕੇ ਲੈ ਗਿਆ ਸੀ, ਪਰ ਉਸ ਤੋਂ ਬਾਅਦ ਹੜਤਾਲ ਕਾਰਨ ਉਹ ਉਥੇ ਹੀ ਫਸਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਟਰੱਕ ਅਪਰੇਟਰਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨੇ ਤਾਂ ਜੋ ਉਹ ਆਪਣਾ ਗੁਜਾਰਾ ਕਰ ਸਕਣ। ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਨੇ ਇਸ ਸਬੰਧੀ ਦੱਸਿਆ ਕਿ ਹੜਤਾਲ ਕਾਰਨ ਟਰੱਕ ਅਪਰੇਟਰਾਂ ਨੂੰ ਰੋਜਾਨਾਂ 25 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਸੱਤ ਦਿਨਾਂ ਤੋਂ 80 ਹਜ਼ਾਰ ਟਰੱਕ ਸੜਕਾਂ ਤੋਂ ਦੂਰ ਹਨ।

ਹੈਪੀ ਸੰਧੂ ਦਾ ਕਹਿਣਾ ਹੈ ਕਿ ਪੂਰੇ ਦੇਸ਼ ਅੰਦਰ 92 ਲੱਖ ਤੋਂ ਵੱਧ ਟਰੱਕ ਇਸ ਹੜਤਾਲ ਵਿੱਚ ਸ਼ਾਮਲ ਹਨ।  ਉਨ੍ਹਾਂ ਦੱਸਿਆ ਕਿ ਅਜਿਹਾ ਫੈਸਲਾ ਟਰੱਕ ਅਪਰੇਟਰਾਂ ਨੂੰ ਆਪਣੇ ਪਰਿਵਾਰ ਦੀ ਰੋਜੀ ਰੋਟੀ ਬਚਾਉਣ ਲਈ ਲੈਣਾ ਪਿਆ ਹੈ, ਕਿਉਂਕਿ ਕੇਂਦਰ ਸਰਕਾਰ ਨੇ ਅਨੇਕਾਂ ਟੈਕਸ ਲਾਕੇ ਟਰੱਕਾਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਤਬਾਹ ਕਰਨ ਦੀ ਕੋਈ ਕਸਰ ਨਹੀਂ ਛੱਡੀ ਹੈ।

ਡੀਜ਼ਲ, ਟੋਲ ਟੈਕਸਾਂ ਆਦਿ ਤੋਂ ਰਾਹਤ ਮੁੱਖ ਮੰਗਾਂ : ਹੈਪੀ ਸੰਧੂ | Trucks

ਟਰੱਕ ਅਪਰੇਟਰਾਂ ਦੀ ਮੁੱਖ ਮੰਗ ਡੀਜ਼ਲ ਨੂੰ ਜੀਐੱਸਟੀ ਦੇ ਘੇਰੇ ਵਿੱਚ ਲਿਆਉਣ ਦੀ ਹੈ ਤਾਂ ਜੋ ਆਸਮਾਨ ‘ਤੇ ਪੁੱਜੇ ਡੀਜ਼ਲ ਦੇ ਰੇਟਾਂ ‘ਤੇ ਨੱਥ ਪਾਈ ਜਾ ਸਕੇ। ਇਸ ਤੋਂ ਇਲਾਵਾ ਟੋਲ ਟੈਕਸਾਂ ਦੀ ਪੈ ਰਹੀ ਵੱਡੀ ਮਾਰ ਤੋਂ ਛੁਟਕਾਰਾ ਵੀ ਟਰੱਕ ਅਪਰੇਟਰਾਂ ਦੀ ਮੰਗ ਹੈ। ਇਸ ਦੇ ਨਾਲ ਹੀ ਇਸੋਰੈਂਸ ਘਟਾਉਣ ਸਮੇਤ ਆਮ ਟੈਕਸ ਨੂੰ ਘਟਾਉਣ ਦੀ ਮੰਗ ਵੀ ਸ਼ਾਮਲ ਹੈ।  ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਡੀਜ਼ਲ ਦੇ ਭਾਅ ਨਾਲ ਹੀ ਸਭ ਕੁਝ ਜੁੜਿਆ ਹੋਇਆ ਹੈ, ਜਿਸ ਕਾਰਨ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ। (Trucks)

LEAVE A REPLY

Please enter your comment!
Please enter your name here