ਮੋਬਾਇਲ ਫੋਨਾਂ ਦੀ ਦੁਕਾਨ ਵਰਗੀ ਜੇਲ

ਪੰਜਾਬ ਦੀ ਫਰੀਦਕੋਟ ਦੀ ਸੈਂਟਰਲ ਜੇਲ ਨੂੰ ਮੋਬਾਇਲ ਫੋਨਾਂ ਵਾਲੀ ਦੁਕਾਨ ਕਹਿ ਦੇਈਏ ਤਾਂ ਕੋਈ ਗਲਤ ਨਹੀਂ ਹੋਵੇਗਾ. ਜੇਲ ਪ੍ਰਸ਼ਾਸਨ ਦੀ ਸੂਚਨਾ ਅਨੁਸਾਰ ਪਿਛਲੇ ਚਾਰ ਮਹੀਨਿਆਂ ‘ਚ ਕੈਦੀਆਂ ਕੋਲ 60 ਮੋਬਾਇਲ ਫੋਨ ਬਰਾਮਦ ਹੋਏ ਹਨ ਇਸ ਤਰ੍ਹਾਂ ਜੇਲ੍ਹ ‘ਚੋਂ ਇੱਕ ਦਿਨ ਛੱਡ ਕੇ ਫੋਨ ਬਰਾਮਦ ਹੋਇਆ ਹੈ। ਇਹ ਜੇਲ੍ਹ ਉਸ ਵੇਲੇ ਚਰਚਾ ਦੀ ਸਿਖ਼ਰ ‘ਤੇ ਆ ਗਈ ਜਦੋਂ ਪਿਛਲੇ ਦਿਨੀਂ ਇੱਕ ਕੈਦੀ ਨੇ ਆਪਣੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ‘ਚ ਮੁੱਖ ਮੰਤਰੀ ਤੇ ਜੇਲ੍ਹ ਮੰਤਰੀ ਨੂੰ ਗਾਲੀ-ਗਲੋਚ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ. ਫ਼ਰੀਦਕੋਟ ਜੇਲ੍ਹ ਨਸ਼ਿਆਂ, ਕੈਦੀਆਂ ਦੀਆਂ ਖੁਦਕੁਸ਼ੀਆਂ ਤੇ ਮੌਤਾਂ ਲਈ ਵੀ ਚਰਚਾ ‘ਚ ਰਹੀ ਹੈ ਕਹਿਣ ਨੂੰ ਇਸ ਜੇਲ੍ਹ ਦਾ ਨਾਂਅ ਮਾਡਰਨ ਜੇਲ੍ਹ ਹੈ ਪਰ ਕਾਨੂੰਨ ਲਾਗੂ ਹੋਣ ਪੱਖੋਂ ਜ਼ੀਰੋ ਹੀ ਰਹੀ ਹੈ।

ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਮੰਤਰੀ ਬਣਦੇ ਸਾਰ ਛਾਪੇਮਾਰੀ ਵੀ ਕੀਤੀ ਪਰ ਫੋਨ ਮਿਲਣ ਦਾ ਸਿਲਸਿਲਾ ਬੰਦ ਨਹੀਂ ਹੋਇਆ ਹੈਰਾਨੀ ਤਾਂ ਇਸ ਗੱਲ ਦੀ ਵੀ ਹੈ ਕਿ ਰੰਧਾਵਾ ਸਾਹਿਬ ਨੂੰ ਇੱਕ ਕੈਦੀ ਫੋਨ ਕਰਕੇ ਵਧਾਈ ਵੀ ਦੇ ਗਿਆ ਕਹਿਣ ਨੂੰ ਇਹ ਲਤੀਫ਼ੇ ਵਰਗੀ ਗੱਲ ਹੈ ਪਰ ਇੱਥੇ ਲਾਕਾਨੂੰਨੀ ਗੰਭੀਰ ਮਾਮਲਾ ਹੈ ਕਿਉਂਕਿ ਨਸ਼ਾ ਤਸਕਰੀ ਤੋਂ ਅਪਰਾਧ  ਨੂੰ ਹਵਾ ਜੇਲ੍ਹਾਂ ‘ਚ ਮਿਲਦੀ ਰਹੀ ਹੈ।

ਜੇਲ੍ਹ ਜਾ ਕੇ ਵੀ ਅਪਰਾਧੀ ਆਪਣੀਆਂ ਸਰਗਰਮੀਆਂ ਵਧਾਉਂਦੇ ਰਹੇ ਹਨ ਫੋਨ ਵਾਲੇ ਕੈਦੀਆਂ ਖਿਲਾਫ਼ ਕਾਰਵਾਈ ਤਾਂ ਹੋ ਜਾਂਦੀ ਹੈ ਪਰ ਫੋਨ ਅੰਦਰ ਪਹੁੰਚਦੇ ਕਿਵੇਂ ਹਨ, ਇਸ ਬਾਰੇ ਜੇਲ੍ਹ ਵਿਭਾਗ ਚੁੱਪ ਹੈ ਪਿਛਲੇ ਸਮੇਂ ‘ਚ ਜੇਲ੍ਹਾਂ ਅੰਦਰ ਮੁਲਾਕਾਤਾਂ ਦੌਰਾਨ ਸਖ਼ਤੀ ਵਧੀ ਹੈ ਕੈਦੀਆਂ ਨੂੰ ਉਹਨਾਂ ਦੇ ਪਰਿਵਾਰ ਵਾਲੇ ਸਾਮਾਨ ਨਹੀਂ ਦੇ ਸਕਦੇ. ਫਿਰ ਅੰਦਰੋਂ ਮੋਬਾਇਲ ਉੱਗਦੇ ਤਾਂ ਹੈ ਨ੍ਹੀਂ ਪੁਲਿਸ ਇਸ ਤਹਿ ਤੱਕ ਨਹੀਂ ਜਾਂਦੀ ਕਿ ਆਖ਼ਰ ਜੇਲ੍ਹ ਦੇ ਮੁਲਾਜ਼ਮਾਂ ਦੇ ਭ੍ਰਿਸ਼ਟਾਚਾਰ ਕਾਰਨ ਹੀ ਇਹ ਖੇਡ ਖੇਡੀ ਜਾਂਦੀ ਹੈ ਫੋਨ ਮਿਲਣ ਦੀਆਂ ਖ਼ਬਰਾਂ ਰੋਜ਼ ਆਉਂਦੀਆਂ ਹਨ ਪਰ ਫੋਨ ਭੇਜਣ ਵਾਲੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਬਹੁਤ ਘੱਟ ਪੜ੍ਹਨ-ਸੁਣਨ ਨੂੰ ਮਿਲਦੀ ਹੈ।

ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਸਮੇਂ ਜੇਲ੍ਹਾਂ ਗੈਂਗਸਟਰਾਂ ਲਈ ਸਵਰਗ ਬਣੀਆਂ ਰਹੀਆਂ ਤੇ ਗੈਂਗਸਟਰ ਨਾਭਾ ਵਰਗੀ ਅਤਿ ਸੁਰੱਖਿਅਤ ਜੇਲ੍ਹ ਤੋੜ ਕੇ ਫਰਾਰ ਹੋ ਗਏ ਲਾਕਾਨੂੰਨੀ ਦਾ ਹਾਲ ਸਿਰਫ਼ ਜੇਲ੍ਹਾਂ ‘ਚ ਹੀ ਨਹੀਂ ਸਗੋਂ ਦੂਜੇ ਮਹਿਕਮਿਆਂ ‘ਚ ਵੀ ਅਜਿਹਾ ਹੀ ਹੈ ਪਰ ਘੱਟੋ-ਘੱਟ ਜੇਲ੍ਹਾਂ ‘ਚ ਅਜਿਹਾ ਪ੍ਰਬੰਧ ਤਾਂ ਹੋਣਾ ਹੀ ਚਾਹੀਦਾ ਹੈ ਤਾਂ ਕਿ ਕੈਦੀ ਹੋਰ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਹੋਣ ਦੀ ਬਜਾਇ ਆਪਣੇ-ਆਪ ਦਾ ਸੁਧਾਰ ਕਰਨ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਜਿਵੇਂ ਸਹਿਕਾਰਤਾ ਵਿਭਾਗ ਦੇ ਡਿਫ਼ਾਲਟਰਾਂ ਨੂੰ ਲੀਹ ‘ਤੇ ਲਿਆਂਦਾ ਹੈ ਉਹ ਜੇਲ੍ਹਾਂ ਨੂੰ ਅਸਲ ‘ਚ ਸੁਧਾਰ ਘਰ ਬਣਾਉਣਗੇ।