ਇੱਕ ਚੰਗਾ ਵਿਦਿਆਰਥੀ ਬਣ ਸਕਦੈ ਆਉਣ ਵਾਲੇ ਸਮੇਂ ਦਾ ਭਵਿੱਖ
ਇੱਕ ਚੰਗਾ ਵਿਦਿਆਰਥੀ ਉਹ ਹੁੰਦਾ ਹੈ ਜੋ ਸਖਤ ਮਿਹਨਤ ਲਗਨ ਨਾਲ ਵਿੱਦਿਆ ਹਾਸਲ ਕਰਕੇ ਆਪਣੇ ਟੀਚੇ ਮਿੱਥ ਕੇ ਮੰਜਿਲ ਦੀ ਪ੍ਰਾਪਤੀ ਵੱਲ ਵਧਦਾ ਹੈ। ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰਦਾ ਹੈ। ਵਿਦਿਆਰਥੀ ਦਾ ਮੁੱਖ ਕਰਤੱਵ ਵਿੱਦਿਆ ਪ੍ਰਾਪਤ ਕਰਨਾ ਤੇ ਕੁੱਝ ਸਿੱਖਣਾ ਹੈ। ਇਹੀ ਉਮਰ ਸਿੱਖਣ ਦੀ ਹੁੰਦੀ ਹੈ । ਉਨ੍ਹਾਂ ਨੂੰ ਆਪਣਾ ਕੀਮਤੀ ਸਮਾਂ ਫਜੂਲ ਕੰਮਾਂ ਵਿਚ ਲਾ ਕੇ ਨਸ਼ਟ ਨਹੀਂ ਕਰਨਾ ਚਾਹੀਦਾ ਪੜ੍ਹਾਈ ਵੱਲ ਧਿਆਨ ਨਾ ਦੇਣਾ ਕੋਈ ਸਿਆਣਪ ਨਹੀਂ ਆਖੀ ਜਾਂਦੀ। ਇੱਕ ਚੰਗੇ ਵਿਦਿਆਰਥੀ ਨੂੰ ਆਪਣੇ ਮਾਪਿਆਂ ਤੇ ਅਧਿਆਪਕਾਂ ਪ੍ਰਤੀ ਆਪਣਾ ਵਿਹਾਰ, ਪਿਆਰ ਤੇ ਸਤਿਕਾਰ ਵਾਲਾ ਰਵੱਈਆ ਰੱਖਣਾ ਚਾਹੀਦਾ ਹੈ। ਅਕਸਰ ਹੀ ਦੇਖਿਆ ਜਾਂਦਾ ਹੈ ਕਿ ਉਹੀ ਵਿਦਿਆਰਥੀ ਕਾਮਯਾਬ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਸਖਤ ਮਿਹਨਤ ਕੀਤੀ ਹੈ ਤੇ ਭਾਰਤ ਨੂੰ ਅਜਿਹੇ ਨਾਗਰਿਕਾਂ ਦੀ ਜਰੂਰਤ ਹੈ, ਜੋ ਆਪਣੀ ਮਿਹਨਤ ਨਾਲ ਦੇਸ਼ ਨੂੰ ਤਰੱਕੀ ਦੀ ਟੀਸੀ ’ਤੇ ਲੈ ਜਾਣ।
ਵੱਡਿਆਂ ਅਤੇ ਗੁਰੂਆਂ ਦਾ ਆਦਰ ਕਰਨ ਵਾਲਾ, ਨਿਯਮਬੱਧ ਅਤੇ ਮਿਹਨਤੀ ਨੌਜਵਾਨ ਹੀ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕਦਾ ਹੈ। ਰੋਜਾਨਾ ਦੀ ਜਿੰਦਗੀ ਵਿੱਚ ਦੇਖਿਆ ਜਾਂਦਾ ਹੈ ਕਿ ਕਈ ਵਿਦਿਆਰਥੀ ਅਸਫਲ ਹੋ ਜਾਂਦੇ ਹਨ ਤੇ ਛੇਤੀ ਹੀ ਹੌਂਸਲਾ ਹਾਰ ਜਾਂਦੇ ਹਨ ਜੋ ਤਰੱਕੀਆਂ ਦੀਆਂ ਲੀਹਾਂ ਤੋਂ ਮੁੱਖ ਮੋੜ ਲੈਂਦੇ ਹਨ। ਪਰ ਸਫਲ ਵਿਦਿਆਰਥੀ ਬਣਨ ਲਈ ਮਿਹਨਤ, ਅਨੁਸ਼ਾਸਨ, ਸਮੇਂ ਦੇ ਪਾਬੰਦ, ਇੱਕ ਸਕਾਰਾਤਮਕ ਰਵੱਈਆ ਅਤੇ ਹੋਰ ਬਹੁਤ ਸਾਰੇ ਗੁਣ ਹੋਣੇ ਜਰੂਰੀ ਹਨ। ਇਹ ਸਾਰੇ ਚੰਗੇ ਗੁਣਾਂ ਦਾ ਉਪਯੋਗ ਵਿਦਿਆਰਥੀ ਨੂੰ ਨਿਸ਼ਚਿਤ ਤੌਰ ’ਤੇ ਇੱਕ ਵਧੀਆ ਵਿਦਿਆਰਥੀ ਬਣਾ ਦੇਵੇਗਾ। ਇੱਕ ਚੰਗਾ ਵਿਦਿਆਰਥੀ ਹੀ ਬੁਰੀ ਸੰਗਤ ਤੋਂ ਬਚਦਾ ਤੇ ਚੰਗੇ ਆਚਰਣ ਵਾਲੇ ਗੁਣ ਗ੍ਰਹਿਣ ਕਰਦਾ ਹੈ। ਇਸ ਕਰਕੇ ਚੰਗਾ ਵਿਦਿਆਰਥੀ ਉਹੀ ਹੈ, ਜੋ ਸਕੂਲਾਂ ਤੇ ਕਾਲਜਾਂ ਵਿਚ ਮਿਲਣ ਵਾਲੀ ਵਿੱਦਿਆ ਦੇ ਮਹੱਤਵ ਨੂੰ ਸਮਝਦਾ ਹੈ ਕਿ ਇਸ ਨਾਲ ਉਸ ਦੇ ਜੀਵਨ ਦੇ ਘੋਲ ਲਈ ਤਿਆਰੀ ਹੋ ਰਹੀ ਹੈ। ਉਸ ਨੂੰ ਆਪਣਾ ਜੀਵਨ ਬਿਲਕੁਲ ਸੁਚੱਜਾ ਗੁਜ਼ਾਰਨਾ ਚਾਹੀਦਾ ਹੈ, ਕਿਉਂਕਿ ਉਸ ਦੇ ਇਸ ਜੀਵਨ ਉੱਪਰ ਹੀ ਉਸ ਦੀ ਆਉਣ ਵਾਲੀ ਜਿੰਦਗੀ ਦੀ ਰੂਪ-ਰੇਖਾ ਉੱਸਰੇਗੀ। ਇੱਕ ਚੰਗਾ ਵਿਦਿਆਰਥੀ ਹਮੇਸ਼ਾ ਹੀ ਆਪਣੇ ਭਵਿੱਖ ਲਈ ਚਿੰਤਤ ਰਹਿੰਦਾ ਹੈ।
ਮਿੱਠਾ ਬੋਲਣਾ ਚੰਗੇ ਵਿਦਿਆਰਥੀ ਦਾ ਗੁਣ ਹੈ। ਉਸ ਨੂੰ ਵੱਡਿਆਂ-ਛੋਟਿਆਂ ਨਾਲ ਬੋਲਦੇ ਸਮੇਂ ਆਪਣੇ ਮੂੰਹ ਵਿਚੋਂ ਨਿੱਕਲਦੇ ਸਬਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਨੂੰ ਮਿੱਠਤ ਅਤੇ ਨਿਮਰਤਾ ਦਾ ਪੱਲਾ ਕਦੇ ਵੀ ਨਹੀਂ ਛੱਡਣਾ ਚਾਹੀਦਾ। ਕਹਿੰਦੇ ਹਨ ਕਿ ਮਿੱਠਾ ਬੋਲਣ ਨਾਲ ਹਰ ਇੱਕ ਦਾ ਦਿਲ ਜਿੱਤਿਆ ਜਾ ਸਕਦਾ ਹੈ। ਵਿਦਿਆਰਥੀ ਇੱਕ ਪਾਠ-ਪੁਸਤਕਾਂ ਪੜ੍ਹਨ ਵਾਲਾ ਕਿਤਾਬੀ-ਕੀੜਾ ਨਹੀਂ ਬਣਨਾ ਚਾਹੀਦਾ। ਅਸਲ ਵਿਚ ਆਪਣੀਆਂ ਪਾਠ-ਪੁਸਤਕਾਂ ਤੋਂ ਬਿਨਾਂ ਹੋਰ ਪੁਸਤਕਾਂ ਤੇ ਅਖਬਾਰਾਂ ਰਸਾਲਿਆਂ ਨੂੰ ਪੜ੍ਹ ਕੇ ਵਿਦਿਆਰਥੀ ਨੂੰ ਰਾਜਨੀਤੀ, ਅਰਥ-ਵਿਗਿਆਨ ਤੇ ਵਿਗਿਆਨ ਦੀਆਂ ਨਵੀਨ ਕਾਢਾਂ ਸਬੰਧੀ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ, ਪਰ ਉਸ ਨੂੰ ਸਰਗਰਮ ਹੋ ਕੇ ਰਾਜਨੀਤੀ ਵਿਚ ਵੀ ਹਿੱਸਾ ਲੈਣਾ ਚਾਹੀਦਾ ਤੇ ਆਪਣੇ ਜੀਵਨ ਦੇ ਇਸ ਕੀਮਤੀ ਸਮੇਂ ਨੂੰ ਰਾਜਨੀਤੀ ਦੇ ਸਿਧਾਂਤਾਂ ਨੂੰ ਪੜ੍ਹਨ, ਵੱਖ-ਵੱਖ ਲਹਿਰਾਂ, ਰਾਜਸੀ ਪਾਰਟੀਆਂ ਤੇ ਸੰਸਾਰ ਰਾਜਨੀਤੀ ਬਾਰੇ ਡੂੰਘਾ ਗਿਆਨ ਪ੍ਰਾਪਤ ਕਰਨ ਵਿਚ ਲਾਉਣਾ ਚਾਹੀਦਾ ਹੈ, ਤਾਂ ਜੋ ਜਦੋਂ ਉਹ ਆਪਣੀ ਪੜ੍ਹਾਈ ਸਮਾਪਤ ਕਰਕੇ ਸਕੂਲ ਜਾਂ ਕਾਲਜ ਵਿਚੋਂ ਬਾਹਰ ਆਵੇ, ਤਾਂ ਉਹ ਆਪਣੀਆਂ ਰਾਜਨੀਤਿਕ ਜਿੰਮੇਵਾਰੀਆਂ ਨੂੰ ਨਿਭਾਉਣ ਦੇ ਪੂਰੀ ਤਰ੍ਹਾਂ ਯੋਗ ਹੋਵੇ। ਅਜਿਹੇ ਰਾਜਨੀਤੀਵੇਤਾ ਦਾ ਰਾਜਸੀ ਘੋਲ, ਸੰਘਰਸ ਤੇ ਅਗਵਾਈ ਲੋਕਾਂ ਲਈ ਤੇ ਦੇਸ਼ ਲਈ ਕਲਿਆਣਕਾਰੀ ਸਾਬਤ ਹੋ ਸਕਦੀ ਹੈ। ਇੱਕ ਚੰਗਾ ਵਿਦਿਆਰਥੀ ਇੱਕ ਚੰਗਾ ਨੇਤਾ (ਲੀਡਰ) ਹੋਣਾ ਚਾਹੀਦਾ ਹੈ। ਚੰਗੇ ਵਿਦਿਆਰਥੀ ਵਿੱਚ ਨੈਤਿਕਾਂ ਮੁੱਲਾਂ ਦਾ ਹੋਣਾ ਜਰੂਰੀ ਹੈ। ਜਿਵੇਂ ਕਿ ਸੱਚਾਈ, ਇਮਾਨਦਾਰੀ, ਨੇਕੀ, ਵੱਡਿਆਂ ਦਾ ਸਤਿਕਾਰ ਆਦਿ।
ਚੰਗੇ ਵਿਦਿਆਰਥੀ ਨੂੰ ਆਪਣਾ ਸਮਾਂ ਬੇਕਾਰ ਨਹੀਂ ਗੁਆਉਣਾ ਚਾਹੀਦਾ। ਉਸ ਨੂੰ ਸਮੇਂ ਦਾ ਪਾਬੰਦ ਹੋਣਾ ਚਾਹੀਦਾ ਹੈ। ਉਸ ਨੂੰ ਆਪਣੇ ਹਰ ਕੰਮ ਲਈ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਇੱਕ ਚੰਗਾ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਬਣ ਸਕਦਾ ਹੈ। ਵਿਦਿਆਰਥੀ ਨੂੰ ਅਨੁਸ਼ਾਸਨ ਦਾ ਪਾਬੰਦ ਵੀ ਹੋਣਾ ਚਾਹੀਦਾ ਹੈ। ਉਸ ਨੂੰ ਆਪਣੇ ਸਾਰੇ ਕੰਮ ਨੇਮ ਨਾਲ ਕਰਨ ਦੇ ਨਾਲ-ਨਾਲ ਸਕੂਲ ਜਾਂ ਕਾਲਜ ਵਿਚ ਬਣੇ ਨੇਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਅਧਿਆਪਕਾਂ ਨੂੰ ਹਮੇਸ਼ਾ ਸਤਿਕਾਰ ਦੇਣ ਵਾਲਾ ਤੇ ਸਮਾਜ ਦੀ ਸੇਵਾ ਕਰਨ ਵਾਲਾ ਵਿਦਿਆਰਥੀ ਇੱਕ ਚੰਗਾ ਨਾਗਰਿਕ ਬਣ ਸਕਦਾ ਹੈ। ਚੰਗੇ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਦਾ ਇਹ ਸਮਾਂ ਆਪਣੇ-ਆਪ ਨੂੰ ਵਧੇਰੇ ਗਿਆਨਵਾਨ ਬਣਾਉਣ, ਆਪਣੀ ਸਿਹਤ ਨੂੰ ਚੰਗਾ ਬਣਾਉਣ, ਸਮਾਜ ਸੇਵਾ ਕਰਨ, ਅਨਪੜ੍ਹਤਾ ਨੂੰ ਦੂਰ ਕਰਨ ਤੇ ਵੱਧ ਤੋਂ ਵੱਧ ਪੜ੍ਹਾਈ ਕਰਨ ਵਿਚ ਗੁਜਾਰੇ ਤੇ ਆਪਣੇ-ਆਪ ਨੂੰ ਭਵਿੱਖ ਵਿਚ ਜਿੰਮੇਵਾਰ ਰਾਜਸੀ ਆਗੂ ਬਣਾਉਣ ਲਈ ਤਿਆਰ ਕਰੇ ਕਿਉਂਕਿ ਇਸ ਵਿਚ ਹੀ ਵਿਦਿਆਰਥੀ ਜਮਾਤ, ਸੁਮੱਚੀ ਨੌਜਵਾਨ ਪੀੜ੍ਹੀ ਤੇ ਦੇਸ਼ ਦਾ ਭਲਾ ਹੈ।
ਵਰਤਮਾਨ ਸਾਡੇ ਦੇਸ਼ ਦੇ ਜੋ ਹਾਲਾਤ ਹਨ ਹੁਣ ਸਾਨੂੰ ਆਪਣੇ ਦੇਸ਼ ਲਈ ਕੁੱਝ ਕਰਨਾ ਚਾਹੀਦਾ ਹੈ ਤੇ ਦੇਸ਼ ਲਈ ਕੁੱਝ ਕਰਨ ਵਿਚ ਜੋ ਹਿੱਸਾ ਇੱਕ ਚੰਗਾ ਪੜਿ੍ਹਆ ਲਿਖਿਆ ਵਿਅਕਤੀ ਕਰ ਸਕਦਾ ਹੈ, ਉਹ ਇੱਕ ਅਨਪੜ੍ਹ ਜਾਂ ਅੱਧ-ਪੜਿ੍ਹਆ ਨਹੀਂ ਕਰ ਸਕਦਾ। ਅੱਜ ਪੰਜਾਬ ਦੀ ਅਜਿਹੀ ਸਥਿਤੀ ਹੋ ਚੁੱਕੀ ਹੈ ਕਿ ਪੰਜਾਬ ਦੇ ਹਰ ਇੱਕ ਵਰਗ ਨੂੰ ਲੋਕਤੰਤਰੀ ਸਰਕਾਰ ਤੋਂ ਵੀ ਆਪਣੇ ਹੱਕ ਲੈਣ ਲਈ ਸੜਕਾਂ ’ਤੇ ਰੁਲਣਾ ਪੈ ਰਿਹਾ ਹੈ। ਪੰਜਾਬ ਦੇ ਨੌਜਵਾਨ ਪੜ੍ਹ-ਲਿਖ ਕੇ ਡਿਗਰੀਆਂ ਲੈ ਕੇ ਵੀ ਬੇਰੁਜਗਾਰ ਅੱਜ ਸੜਕਾਂ ’ਤੇ ਹਨ। ਪ੍ਰਸ਼ਾਸਨ ਵੱਲੋਂ ਇਨ੍ਹਾਂ ਆਉਣ ਵਾਲੇ ਭਵਿੱਖਤ ਅਧਿਆਪਕਾਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਸੋ ਅੱਜ ਦਾ ਨੌਜਵਾਨ ਵਿਦਿਆਰਥੀ ਵਰਗ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਸਕਦਾ ਹੈ ਤੇ ਆਪਣੇ ਹੱਕਾਂ ਲਈ ਸਰਕਾਰ ਨੂੰ ਜਾਗਰੂਕ ਕਰ ਸਕਦਾ ਹੈ।
ਗਗਨਦੀਪ ਧਾਲੀਵਾਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ