ਬਰਨਾਲਾ ‘ਚ ਮਹਾਂ ਕਿਸਾਨ ਰੈਲੀ ਦੌਰਾਨ ਆਇਆ ਕਿਸਾਨਾਂ / ਮਜ਼ਦੂਰਾਂ ਦਾ ਹੜ੍ਹ

ਨੌਦੀਪ ਨੂੰ ਰਿਹਾਅ ਕਰਨ ਤੇ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਨ ਦੀ ਉੱਠੀ ਮੰਗ

ਬਰਨਾਲਾ (ਜਸਵੀਰ ਸਿੰਘ ਗਹਿਲ/ਰਾਜਿੰਦਰ ਸ਼ਰਮਾ) ਖੇਤੀ ਸੈਕਟਰ ਚ ਸੁਧਾਰ ਦੇ ਨਾਂਅ ਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਨੂੰਨਾਂ ਦੇ ਵਿਰੋਧ ਵਿਚ ਸਥਾਨਕ ਅਨਾਜ ਮੰਡੀ ਵਿੱਚ ਕਿਸਾਨ ਸੰਘਰਸ਼ ਨੂੰ ਹੋਰ ਅੱਗੇ ਵਧਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ “ਕਿਸਾਨ ਮਜ਼ਦੂਰ ਏਕਤਾ ਮਹਾਂ- ਰੈਲੀ” ਕੀਤੀ ਗਈ। ਵਿਸ਼ਾਲ ਪੰਡਾਲ ਵਿੱਚ ਉਮੜੇ ਜਨ ਸੈਲਾਬ ਨੇ ਇਸ ਨੂੰ ਹਕੀਕੀ ਅਰਥਾਂ ਚ ਮਹਾਂ ਰੈਲੀ ਬਣਾ ਦਿੱਤਾ। ਲੱਖਾਂ ਦੀ ਤਦਾਦ ਚ ਇਕੱਤਰ ਹੋਏ ਕਿਸਾਨ ਮਰਦ, ਔਰਤਾਂ ਤੇ ਮਜ਼ਦੂਰਾਂ ਵੱਲੋਂ ਇਕਜੁਟਤਾ ਦਾ ਸੱਦਾ ਦਿੰਦਿਆਂ ਕਾਨੂੰਨਾਂ ਦੇ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਤਿੰਨੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਭਰੇ ਪੰਡਾਲ ਵਿਚ ਹੱਥਾਂ ਚ ਕਿਸਾਨੀ ਝੰਡੇ ਫੜੀ ਬੈਠੇ ਕਿਸਾਨ ਤੇ ਸਿਰਾਂ ਤੇ ਪੀਲੀਆਂ ਚੁੰਨੀਆਂ ਲੈ ਕੇ ਬੈਠੀਆਂ ਔਰਤਾਂ ਸਰੋਂ ਦੇ ਖੇਤ ਚ ਖੜ੍ਹੇ ਹੋਣ ਦਾ ਭੁਲੇਖਾ ਪੈ ਰਿਹਾ ਸੀ।

ਇਕੱਠ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਚੱਲ ਰਹੇ ਕਿਸਾਨ ਸੰਘਰਸ਼ ਨੂੰ ਤਕੜਾਈ ਦੇਣ ਲਈ ਜਿੱਥੇ ਸੰਘਰਸ਼ ਅੰਦਰ ਖੇਤ ਮਜ਼ਦੂਰਾਂ ਸਮੇਤ ਹੋਰਨਾਂ ਤਬਕਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ ਉਥੇ ਨਾਲ ਹੀ ਸੰਘਰਸ਼ ਦੇ ਧਰਮ ਨਿਰਲੇਪ ਕਿਰਦਾਰ ਨੂੰ ਹੋਰ ਮਜ਼ਬੂਤ ਕਰਨ ਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਸੰਘਰਸ਼ ਦੀ ਆਜ਼ਾਦੀ ਦੀ ਰਾਖੀ ਕਰਨੀ ਵੀ ਜ਼ਰੂਰੀ ਹੈ। ਕਿਸਾਨ ਸੰਘਰਸ਼ ਦੀ ਧਾਰ ਭਾਜਪਾਈ ਹਕੂਮਤ ਤੇ ਕਾਰਪੋਰੇਟ ਗੱਠਜੋੜ ਦੇ ਹਮਲੇ ਖਿਲਾਫ ਸੇਧਿਤ ਕਰਦਿਆਂ ਦੇਸ਼ ਭਰ ਦੇ ਕਿਸਾਨਾਂ ਦਾ ਏਕਾ ਮਜ਼ਬੂਤ ਕਰਨਾ ਚਾਹੀਦਾ ਹੈ।

ਉਹਨਾਂ 26 ਜਨਵਰੀ ਦੀਆਂ ਘਟਨਾਵਾਂ ਬਾਰੇ ਟਿੱਪਣੀਆਂ ਕਰਦਿਆਂ ਕਿਹਾ ਕਿ ਸੰਘਰਸ਼ ਅੰਦਰ ਘੁਸੀਆਂ ਹੋਈਆਂ ਪਰਾਈਆਂ ਸ਼ਕਤੀਆਂ ਰਾਹੀਂ ਮੋਦੀ ਹਕੂਮਤ ਨੇ ਸੰਘਰਸ਼ ‘ਤੇ ਵਿਸ਼ੇਸ਼ ਫ਼ਿਰਕੇ ਦਾ ਲੇਬਲ ਲਾਉਣ ਦਾ ਯਤਨ ਕੀਤਾ ਸੀ ਤੇ ਇਸ ਰਾਹੀਂ ਇਸਨੂੰ ਫਿਰਕੂ ਰਾਸ਼ਟਰਵਾਦ ਦੇ ਹਮਲੇ ਹੇਠ ਲਿਆਉਣਾ ਚਾਹਿਆ ਸੀ ਜਿਸਨੂੰ ਦੇਸ਼ ਭਰ ਦੇ ਕਿਸਾਨਾਂ ਦੇ ਏਕੇ ਤੇ ਸੰਘਰਸ਼ ਤਾਂਘ ਨੇ ਇੱਕ ਵਾਰ ਸਫਲਤਾ ਨਾਲ ਪਛਾੜ ਦਿੱਤਾ ਹੈ। ਉਹਨਾਂ ਮੁਲਕ ਦੇ ਕਿਰਤੀ ਲੋਕਾਂ ਵੱਲੋਂ ਸਾਮਰਾਜੀ ਬਹੁਕੌਮੀ ਕੰਪਨੀਆਂ ਖਿਲਾਫ਼ ਜੂਝਣ ਦੀ ਭਾਵਨਾ ਨੂੰ ਖਰੀ ਦੇਸ਼ ਭਗਤੀ ਕਰਾਰ ਦਿੱਤਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਇਕ ਇਤਿਹਾਸਕ ਕਿਸਾਨ ਅੰਦੋਲਨ ਹੈ।

ਇਸ ਦੀ ਕਾਮਯਾਬੀ ਲਈ ਜਾਤਾਂ,ਧਰਮਾਂ ,ਇਲਾਕਿਆਂ ਤੋਂ ਉਪਰ ਉਠ ਕੇ ਏਕੇ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਕਿਸਾਨ ਆਪਣੇ ਸਿਦਕ ਤੇ ਸਬਰ ਨਾਲ ਆਉਣ ਵਾਲੇ ਦਿਨਾਂ ਵਿੱਚ ਜਿੱਤ ਦੀ ਨਵੀਂ ਇਬਾਰਤ ਲਿਖਣਗੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਇਹ ਮਸਲਾ ਖੇਤ ਮਜ਼ਦੂਰਾਂ ਦੇ ਜੂਨ ਗੁਜ਼ਾਰੇ ਤੇ ਰੁਜ਼ਗਾਰ ਉੱਪਰ ਵੱਡੀ ਸੱਟ ਸ਼ਾਬਤ ਹੋਵੇਗੀ।

ਭਾਕਿਯੂ ਉਗਰਾਹਾਂ ਦੀ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਔਰਤਾਂ ਨੇ ਹੁਣ ਤੱਕ ਇਸ ਸੰਘਰਸ਼ ਅੰਦਰ ਬਹੁਤ ਅਹਿਮ ਹਿੱਸਾ ਪਾਇਆ ਹੈ। ਕਿਸਾਨ ਅਤੇ ਔਰਤਾਂ ਇਸ ਸੰਘਰਸ਼ ਅੰਦਰ ਇੱਕ ਹੋਣਹਾਰ ਜਾਨਦਾਰ ਧਿਰ ਹਨ ਤੇ ਇਸ ਧਿਰ ਦੀ ਸ਼ਮੂਲੀਅਤ ਸੰਘਰਸ਼ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਬਹੁਤ ਜ਼ਰੂਰੀ ਹੈ। ਖੇਤ ਮਜ਼ਦੂਰ ਔਰਤਾਂ ਨੂੰ ਵੀ ਅਜਿਹੀ ਧਿਰ ਵਜੋਂ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਮੋਦੀ ਸਰਕਾਰ ਵੱਲੋਂ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਤੇ ਮਜ਼ਦੂਰ ਆਗੂ ਨੌਦੀਪ ਕੌਰ ਗੰਧੜ੍ਹ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ। ਜੱਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਇਹ ਸੰਘਰਸ਼ ਪੰਜਾਬ ਦੇ ਸਭਨਾਂ ਮਿਹਨਤਕਸ਼ ਤਬਕਿਆਂ ਦਾ ਸੰਘਰਸ਼ ਬਣਨਾ ਚਾਹੀਦਾ ਹੈ ਜਿਸ ਵਿਚ ਹਰ ਕਿਰਤੀ ਆਪਣਾ ਹਿੱਸਾ ਪਾਵੇ।

ਰੈਲੀ ਨੂੰ ਸੰਯੁਕਤ ਮੋਰਚੇ ‘ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਕੁਲਵੰਤ ਸਿੰਘ ਸੰਧੂ ਤੇ ਰੁਲਦੂ ਸਿੰਘ ਮਾਨਸਾ, ਕਿਰਨਜੀਤ ਸਿੰਘ ਸੇਖੋਂ,ਬਲਦੇਵ ਸਿੰਘ ਨਿਹਾਲਗੜ੍ਹ,ਪਵਿੱਤਰ ਸਿੰਘ ਲਾਲੀ, ਉੱਤਰ ਪ੍ਰਦੇਸ਼ ਤੋਂ ਹਰਪਾਲ ਸਿੰਘ ਬੁਲਾਰੀ ਨੇ ਵੀ ਸੰਬੋਧਨ ਕੀਤਾ। ਮਹਾਂਰੈਲੀ ਦੌਰਾਨ ਮੰਚ ਸੰਚਾਲਨ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਕੀਤਾ ਗਿਆ। ਅੱਜ ਦੇ ਇਕੱਠ ‘ਚ ਆਗੂਆਂ ਵੱਲੋਂ 27 ਫਰਵਰੀ ਨੂੰ ਦਿੱਲੀ ਮੋਰਚੇ ‘ਚ ਵਿਸ਼ਾਲ ਗਿਣਤੀ ‘ਚ ਪੁੱਜਣ ਤੇ 8 ਮਾਰਚ ਨੂੰ ਔਰਤ ਦਿਵਸ ਮੌਕੇ ਦਿੱਲੀ ਮੋਰਚੇ ‘ਚ ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਪੁੱਜਣ ਦੇ ਨਾਲ ਨਾਲ 23 ਫਰਵਰੀ ਨੂੰ ਪੰਜਾਬ ਤੇ ਦਿੱਲੀ ‘ਚ ਵੱਖ ਵੱਖ ਥਾਵਾਂ ਤੇ ਚੱਲ ਰਹੇ ਮੋਰਚਿਆਂ ‘ਚ ਪਗੜੀ ਸੰਭਾਲ ਜੱਟਾ ਲਹਿਰ ਦੇ ਨਾਇਕ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਸੱਦਾ ਵੀ ਦਿੱਤਾ ਗਿਆ।

ਕਿਸਾਨ ਮਜ਼ਦੂਰ ਏਕਤਾ ਮਹਾਂ- ਰੈਲੀ” ਦੀਆਂ ਮੰਗਾਂ

ਸਟੇਜ ਤੋਂ ਸਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਸੰਘਰਸ਼ ਦੌਰਾਨ ਗ੍ਰਿਫ਼ਤਾਰ ਕੀਤੇ ਸਭਨਾਂ ਕਿਸਾਨਾਂ ਨੂੰ ਫੌਰੀ ਰਿਹਾਅ ਕੀਤੇ ਜਾਣ ਤੇ ਉਹਨਾਂ ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ, 26 ਤਰੀਕ ਨੂੰ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਦੀ ਮੌਤ ਦੀ ਜਾਂਚ ਕਰਵਾ ਕੇ ਜਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣ ਤੋਂ ਇਲਾਵਾ ਪੰਜਾਬ ਸਰਕਾਰ ਪਾਸੋਂ ਬਾਦਲ ਸਰਕਾਰ ਵੱਲੋਂ ਬਣਾਏ ਠੇਕਾ ਖੇਤੀ ਕਾਨੂੰਨ ਨੂੰ ਰੱਦ ਕਰਨ ਦੇ ਐਲਾਨ ਨੂੰ ਫੌਰੀ ਲਾਗੂ ਕਰਕੇ ਆਪਣੇ ਵੱਲੋਂ ਅਜਿਹਾ ਨਵਾਂ ਕਾਨੂੰਨ ਲਿਆਉਣ ਦੀਆਂ ਵਿਉਂਤਾਂ ਫੌਰੀ ਰੱਦ ਕਰਨ, ਏ.ਪੀ.ਐੱਮ.ਸੀ ਐਕਟ ‘ਚ 2017 ‘ਚ ਕੀਤੀਆਂ ਕਿਸਾਨ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ, ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ ਤੇ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਲਾਗੂ ਕੀਤੇ ਜਾਣ ਦੀਆਂ ਮੰਗਾਂ ਜੋਰਦਾਰ ਢੰਗ ਨਾਲ ਉਠਾਈਆਂ।