ਡਾਇਰੀਆ ਤੋਂ ਪੀੜਤ ਬੱਚੇ ਦੀ ਹੋ ਗਈ ਮੌਤ, ਕੀ ਭਿਆਨਕ ਹੈ ਇਹ ਬਿਮਾਰੀ?

Diarrhea

ਜਲੰਧਰ। ਸਿਹਤ ਵਿਭਾਗ ਵੱਲੋਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਜਾਗਰੂਕਤਾ ਵੀ ਫੈਲਾ ਰਿਹਾ ਹੈ। ਫਿਰ ਵੀ ਕੋਈ ਨਾ ਕੋਈ ਮੌਤ ਇਸ ਬਿਮਾਰੀ ਨਾਲ ਹੋ ਹੀ ਜਾਂਦੀ ਹੈ। ਸਿਹਤ ਵਿਭਾਗ ਲਗਾਤਾਰ ਸੈਮੀਨਾਰ ਕਰਵਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਇਸ ਤੋਂ ਬਚਣ ਲਈ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਕੁਝ ਦਨਿ ਪਹਿਲਾਂ ਡਾਇਰੀਆ (Diarrhea) ਕੰਟਰੋਲ ਪ੍ਰੋਗਰਾਮ ਤਹਿਤ ਏਐੱਨਐੱਮ ਅਤੇ ਆਸ਼ਾ ਵਰਕਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ, ਜੇਕਰ ਬੱਚੇ ਡਾਇਰੀਆ ਤੋਂ ਪੀੜਤ ਹੋਣ ਤਾਂ ਉਨ੍ਹਾਂ ਨੂੰ ਓਆਰਐੱਸ ਦਾ ਘੋਲ ਦਿੱਤਾ ਜਾਵੇ ਅਤੇ ਨਜ਼ਦੀਕੀ ਸਿਹਤ ਕੇਂਦਰ ਤੋਂ ਇਲਾਜ ਕਰਵਾਇਆ ਜਾਵੇ।

ਇਸ ਤੋਂ ਇਲਾਵਾ ਬਰਸਾਤ ਦੇ ਮੌਮ ਦੌਰਾਨ ਦਸਤ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਸਾਫ਼ ਪਾਣੀ ਪੀਣਾ ਯਕੀਨੀ ਬਣਾਇਆ ਜਾਵੇ ਅਤੇ ਘਰ ਦੇ ਬਣੇ ਭੋਜਨ ਨੂੰ ਮਹੱਤਵ ਦਿੱਤਾ ਜਾਵੇ ਤਾਂ ਜੋ ਪੇਟ ’ਚ ਇਨਫੈਕਸ਼ਨ ਨਾ ਹੋਵੇ ਪਰ ਫਿਰ ਕਵੀ ਦੂਜੇ ਪਾਸੇ ਕੁਝ ਲੋਕ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਲਾਹਾਂ ਨੂੰ ਨਜ਼ਰਅੰਦਾਜ਼ ਕਰਕੇ ਗਲਤੀਆਂ ਕਰ ਰਹੇ ਹਨ।

ਇਸ ਦੌਰਾਨ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਕ 5 ਸਾਲ ਦਾ ਬੱਚਾ ਆਪਣੇ ਪਰਿਵਾਰ ਵੱਲੋਂ ਸੁਚੇ ਨਾ ਹੋਣ ਕਾਰਨ ਜ਼ਿੰਦਗੀ ਦੀ ਲੜਾਈ ਹਾਰ ਗਿਆ। ਜਾਣਕਾਰੀ ਅਨੁਸਾਰ ਬਿਹਾਰ ਦਾ ਰਹਿਣ ਵਾਲਾ ਸੰਜੇ ਗਾਂਧੀ ਨਗਰ ਨਿਵਾਸੀ ਉਦਿਤ ਆਪਣੀ ਪਤਨੀ ਨਾਲ ਦੇਰ ਸ਼ਾਮ ਸਿਵਲ ਹਸਪਤਾਲ ਪਹੁੰਚਿਆ। ਉਸ ਨੇ ਆਪਣੇ 5 ਸਾਲਾ ਬੱਚੇ ਮਨੀ ਨੂੰ ਚੁੱਕਿਆ ਹੋਇਆ ਸੀ। ਦੋਵੇਂ ਪਤੀ-ਪਤਨੀ ਡਾਕਟਰ ਨੂੰ ਆਪਣੇ ਬੱਚੇ ਨੂੰ ਬਚਾਉਣ ਲਈ ਬੇਨਤੀ ਕਰ ਰਹੇ ਸਨ।

ਸੀਨੀਅਰ ਮੈਡੀਲ ਅਫ਼ਸਰ ਡਾ. ਵਰਿੰਦਰ ਕੌਰ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਚੈਕਿੰਗ ਕਰ ਰਹੇ ਸਨ ਅਤੇ ਤੁਰੰਤ ਡਿਊਟੀ ’ਤੇ ਮੌਜ਼ੂਦ ਮੈਡੀਕਲ ਅਫ਼ਸਰ ਡਾ. ਸਚਿਨ ਨਾਲ ਮਿਲ ਕੇ ਬੱਚੇ ਦਾ ਚੈੱਕਅਪ ਕੀਤਾ। ਜਦੋਂ ਡਾਕਟਰ ਸਚਿਨ ਨੇ ਬੱਚੇ ਦਾ ਪੇਟ ਦਬਾਇਆ ਤਾਂ ਉਸ ਦੇ ਮੂੰਹ ’ਚੋਂ ਬਹੁਤ ਸਾਰਾ ਪਾਣੀ ਨਿੱਕਲਿਆ ਪਰ ਪਤਾ ਲੱਗਾ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਉਦਿਤ ਨੇ ਡਾਕਟਰਾਂ ਨੂੰ ਦੱਸਿਆ ਕਿ ਬੇਟੇ ਨੂੰ ਡਾਇਰੀਆ ਹੋ ਗਿਆ ਸੀ ਅਤੇ ਸਵੇਰ ਤੋਂ ਉਲਟੀਆਂ ਅਤੇ ਦਸਤ ਹੋ ਰਹੇ ਹਨ।

ਪਾਣੀ ਬੱਚੇ ਦੀ ਸਾਹ ਨਲੀ ਵਿੱਚ ਚਲਾ ਗਿਆ

ਇਲਾਕੇ ਦੇ ਰਹਿਣ ਵਾਲੇ ਇੱਕ ਡਾਕਟਰ ਨੂੰ ਵਿਖਾਇਆ ਅਤੇ ਉਸ ਨੇ ਕੁਝ ਦਵਾਈਆਂ ਵੀ ਦਿੱਤੀਆਂ ਪਰ ਬੇਟੇ ਦੀ ਤਬੀਅਤ ਸਵੇਰ ਤੋਂ ਸ਼ਾਮ ਤੱਕ ਵਿਗੜਦੀ ਰਹੀ। ਉਸ ਦੀ ਪਤਨੀ ਨੇ ਸੋਚਿਆ ਕਿ ਬੇਟੇ ਦੇ ਸਰੀਰ ’ਚ ਪਾਣੀ ਦੀ ਕਮੀ ਨਾ ਹੋਵੇ ਇਸ ਲਈ ਉਸ ਨੇ ਬੇਟੇ ਨੂੰ ਬਹੁਤ ਸਾਰਾ ਪਾਣੀ ਪਿਲਾ ਦਿੱਤਾ। ਸੀਨੀਅਰ ਮੈਡੀਕਲ ਅਫ਼ਸਰ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਮਿ੍ਰਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮਾਂ ਨੇ ਬੱਚੇ ਨੂੰ ਲੇਟੇ ਹੋਏ ਨੂੰ ਹੀ ਪਾਣੀ ਪਿਆਇਆ ਸੀ।

ਇਹ ਵੀ ਪੜ੍ਹੋ : ਡੇਂਗੂ ਨੇ ਡਰਾਏ ਲੋਕ, ਸਰਕਾਰ ਕਹਿੰਦੀ ਅਸੀਂ ਪੂਰੀ ਤਰ੍ਹਾਂ ਤਿਆਰ…

ਪਾਣੀ ਬੱਚੇ ਦੀ ਸਾਹ ਨਲੀ ਵਿੱਚ ਚਲਾ ਗਿਆ ਅਤੇ ਉਸ ਨੂੰ ਸਾਹ ਲੈਣ ’ਚ ਦਿੱਕਤ ਆਈ ਅਤੇ ਬੱਚੇ ਦੀ ਮੌਤ ਹੋ ਗਈ। ਜੇਕਰ ਪਰਿਵਾਰ ਸਮੇਂ ਸਿਰ ਬੱਚੇ ਨੂੰ ਸਿਵਲ ਹਸਪਤਾਲ ’ਚ ਪਹੰੁਚਾ ਦਿੰਦਾ ਤਾਂ ਬੱਚੇ ਦੀ ਜਾਨ ਬਚਾਈ ਜਾ ਸਕਦੀ ਸੀ। ਇਸ ਲਈ ਮਾਹਿਰਾਂ ਨੇ ਕਿਹਾ ਕਿ ਡਾਇਰੀਆ ਐਨਾ ਖ਼ਤਰਨਾਕ ਨਹੀਂ ਹੈ ਜੇਕਰ ਸਹੀ ਸਮੇਂ ’ਤੇ ਸਹੀ ਇਲਾਜ਼ ਹੋ ਜਾਵੇ ਅਤੇ ਦੂਸ਼ਿਤ ਪਾਣੀ ਪੀਣ ਤੋਂ ਬਚਿਆ ਜਾਵੇ ਤਾਂ ਇਸ ਤੋਂ ਬਚਾਅ ਹੋ ਸਕਦਾ ਹੈ।