ਕਿਸਾਨੀ ਸੰਘਰਸ਼ ’ਚ ਝੰਡਿਆਂ ਦੀ ਲੋਕਪ੍ਰਿਅਤਾ ਨੇ ਤੋੜੇ ਰਿਕਾਰਡ

ਪੰਜਾਬ ਦੇ ਹਰੇਕ ਪਾਸੇ ਨਜ਼ਰ ਆ ਰਹੇ ਨੇ ਕਿਸਾਨੀ ਝੰਡੇ

ਸੰਗਰੂਰ, (ਗੁਰਪ੍ਰੀਤ ਸਿੰਘ) ਇਨੀਂ ਦਿਨੀਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਘੋਲ ਸਿਖ਼ਰ ’ਤੇ ਹੈ ਇਸ ਕਿਸਾਨ ਘੋਲ਼ ਦਾ ਪ੍ਰਭਾਵ ਪੰਜਾਬ ਦੇ ਹੇਠਲੇ ਪੱਧਰ ਤੱਕ ਫੈਲ ਚੁੱਕਿਆ ਹੈ ਪੰਜਾਬ ਦੇ ਹਰ ਖੇਤਰ ਨੂੰ ਇਸ ਘੋਲ ਨੇ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ ਇਸ ਘੋਲ ਦੌਰਾਨ ਸੰਘਰਸ਼ ਦਾ ਪ੍ਰਤੀਕ ਕਿਸਾਨੀ ਝੰਡਾ ਇਸ ਵੇਲੇ ਲੋਕਪ੍ਰਿਅਤਾ ਦੀਆਂ ਹੱਦਾਂ ਟੱਪ ਚੁੱਕਿਆ ਹੈ ਕਿਸਾਨੀ ਝੰਡੇ ਦੀ ਮੰਗ ਏਨੀ ਜ਼ਿਆਦਾ ਵਧ ਚੁੱਕੀ ਹੈ ਕਿ ਜਥੇਬੰਦੀਆਂ ਦਾ ਵੱਡਾ ਬਜਟ ਝੰਡੇ ਛਪਵਾਉਣ ’ਤੇ ਲੱਗ ਰਿਹਾ ਹੈ ਇੱਕ ਅਨੁਮਾਨ ਮੁਤਾਬਕ ਸੂਬੇ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਵੱਡਾ ਬਜਟ ਝੰਡਿਆਂ ਦੀ ਛਪਾਈ ’ਤੇ ਲੱਗ ਚੁੱਕਿਆ ਹੈ ਜਥੇਬੰਦੀ ਵੱਲੋਂ ਹੁਣ ਤੱਕ 40 ਲੱਖ ਰੁਪਏ ਤੋਂ ਜ਼ਿਆਦਾ ਦਾ ਖਰਚ ਝੰਡਿਆਂ ਦੀ ਛਪਾਈ ’ਤੇ ਆ ਚੁੱਕਿਆ ਹੈ ਅਤੇ ਇਨ੍ਹਾਂ ਝੰਡਿਆਂ ਦੀ ਮੰਗ ਹੋਰ ਵੀ ਜ਼ਿਆਦਾ ਵਧ ਰਹੀ ਹੈ

ਜਾਣਕਾਰੀ ਮੁਤਾਬਕ ਪੰਜਾਬ ਵਿੱਚ ਕਿਸਾਨੀ ਅੰਦੋਲਨ ਦਾ ਜੋਸ਼ ਹਰੇਕ ਪਾਸੇ ਨਜ਼ਰ ਆ ਰਿਹਾ ਹੈ ਸੂਬੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸ਼ਹਿਰਾਂ ਵਿਚਲੇ ਘਰਾਂ, ਦੁਕਾਨਾਂ, ਫੈਕਟਰੀਆਂ, ਮਾਲਜ਼ ’ਤੇ ਸਿਰਫ਼ ਕਿਸਾਨੀ ਝੰਡੇ ਹੀ ਨਜ਼ਰ ਆ ਰਹੇ ਹਨ ਸਭ ਤੋਂ ਜ਼ਿਆਦਾ ਮੰਗ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਦੀ ਦੱਸੀ ਜਾ ਰਹੀ ਹੈ

ਪੰਜਾਬ ਵਿੱਚ ਸੜਕਾਂ ’ਤੇ ਦੌੜਦੀਆਂ ਚਾਰ ਪਹੀਆ ਗੱਡੀਆਂ ਦਾ ਸ਼ਿੰਗਾਰ ਕਿਸਾਨੀ ਝੰਡੇ ਤੋਂ ਬਿਨ੍ਹਾਂ ਅਧੂਰਾ ਹੈ ਸੜਕਾਂ ’ਤੇ ਦੌੜਦੀਆਂ ਗੱਡੀਆਂ ਵਿੱਚੋਂ ਔਸਤਨ ਚਾਰ ਗੱਡੀਆਂ ਵਿੱਚੋਂ ਇੱਕ ਗੱਡੀ ’ਤੇ ਕਿਸਾਨੀ ਝੰਡਾ ਲੱਗਿਆ ਨਜ਼ਰੀ ਪੈਂਦਾ ਹੈ ਸ਼ਹਿਰਾਂ ਵਿੱਚ ਕਿਸਾਨੀ ਘੋਲ਼ ਦਾ ਅਸਰ ਜ਼ੋਰਦਾਰ ਤਰੀਕੇ ਨਾਲ ਵੇਖਣ ਨੂੰ ਮਿਲ ਰਿਹਾ ਹੈ ਸ਼ਹਿਰਾਂ ਵਿੱਚ ਮੌਜ਼ੂਦ ਟਰੱਕ ਯੂਨੀਅਨਾਂ, ਟੈਕਸੀ, ਟਰੈਕਟਰ ਟਰਾਲੀ, ਟੈਂਪੂ ਯੂਨੀਅਨਾਂ ਵਿੱਚ ਕਿਸਾਨੀ ਝੰਡਿਆਂ ਭਰਮਾਰ ਦਿਖ ਰਹੀ ਹੈ ਸ਼ਹਿਰ ਵਿੱਚ ਮੌਜ਼ੂਦ ਇੱਕ ਵਿਅਕਤੀ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਘਰ ’ਤੇ ਕਿਸਾਨੀ ਝੰਡਾ ਲਾਇਆ ਹੋਇਆ ਹੈ ਉਨ੍ਹਾਂ ਦੱਸਿਆ ਕਿ ਉਹ ਭਾਵੇਂ ਦਿੱਲੀ ਵਿੱਚ ਆਪਣੇ ਕਿਸਾਨ ਭਰਾਵਾਂ ਦੀ ਹਮਾਇਤ ’ਤੇ ਨਹੀਂ ਜਾ ਸਕੇ ਪਰ ਉਨ੍ਹਾਂ ਦਾ ਸਮਰਥਨ ਕਿਸਾਨਾਂ ਦੇ ਸੰਘਰਸ਼ ਦੇ ਪੂਰੀ ਤਰ੍ਹਾਂ ਨਾਲ ਹੈ

ਜਿਸ ਕਾਰਨ ਉਨ੍ਹਾਂ ਨੇ ਆਪਣੇ ਘਰ ’ਤੇ ਕਿਸਾਨੀ ਝੰਡਾ ਲਾਇਆ ਹੋਇਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਦਾ ਝੰਡਾ ਆਪਣੇ ਘਰ ਦੀ ਛੱਤ ਤੇ ਨਹੀਂ ਲਾਇਆ ਅਤੇ ਨਾ ਹੀ ਕਦੇ ਵੀ ਕਿਸੇ ਪਾਰਟੀ ਦਾ ਸਮਰਥਕ ਰਹੇ ਹਨ ਪਿੰਡਾਂ ਵਿੱਚ ਹਾਲਾਤ ਸ਼ਹਿਰਾਂ ਤੋਂ ਜ਼ਿਆਦਾ ਸੰਘਰਸ਼ੀ ਬਣ ਚੁੱਕੇ ਹਨ ਜ਼ਿਲ੍ਹਾ ਸੰਗਰੂਰ ਦੇ ਹਰੇਕ ਪਿੰਡ ਵਿੱਚੋਂ ਵੱਡੀ ਗਿਣਤੀ ਕਿਸਾਨ ਤੇ ਮਜ਼ਦੂਰ ਦਿੱਲੀ ਧਰਨੇ ’ਚ ਸ਼ਮੂਲੀਅਤ ਲਈ ਗਏ ਹੋਏ ਹੋਨ ਪਿੰਡਾਂ ਵਿੱਚ ਅਜਿਹਾ ਕੋਈ ਘਰ ਨਹੀਂ ਹੈ ਜਿਸਦੇ ਬਨੇਰੇ ’ਤੇ ਕਿਸਾਨੀ ਝੰਡਾ ਨਾ ਝੂਲਦਾ ਹੋਵੇ ਸੰਗਰੂਰ ਨੇੜਲੇ ਪਿੰਡਾਂ, ਤੁੰਗਾਂ, ਕੁਲਾਰਾਂ, ਮੰਗਵਾਲ, ਬਾਲੀਆਂ ਦੇ ਵੱਡੀ ਗਿਣਤੀ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਆਪੋ ਆਪਣੇ ਘਰਾਂ ’ਤੇ ਕਿਸਾਨੀ ਝੰਡੇ ਲਾਏ ਹੋਏ ਹਨ

ਬਾਲੀਆਂ ਪਿੰਡ ਦੇ ਸ਼ੇਰ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚ ਇਹ ਕਿਸਾਨੀ ਸੰਘਰਸ਼ ਬਹੁਤ ਹੇਠਲੇ ਪੱਧਰ ਤੱਕ ਫੈਲਿਆ ਹੋਇਆ ਹੈ ਉਨ੍ਹਾਂ ਦੱਸਿਆ ਕਿ ਪਿੰਡ ਦਾ ਹਰੇਕ ਵਸਨੀਕ ਇੱਕ ਜਾਂ ਦੋ ਵਾਰ ਦਿੱਲੀ ਧਰਨੇ ’ਤੇ ਆਪਣੀ ਹਾਜ਼ਰੀ ਲਗਵਾ ਕੇ ਆਇਆ ਹੈ ਅਤੇ ਵੱਡੀ ਗਿਣਤੀ ਲੋਕ ਅਜਿਹੇ ਵੀ ਹਨ ਜਿਹੜੇ ਹਾਲੇ ਵੀ ਧਰਨੇ ’ਤੇ ਮੌਜ਼ੂਦ ਹਨ ਅਤੇ ਉਨ੍ਹਾਂ ਦਾ ਸਿਰੜ ਹੈ ਕਿ ਉਹ ਇੱਕ ਪਾਸਾ ਕਰਕੇ ਹੀ ਦਿੱਲੀ ਤੋਂ ਵਾਪਿਸ ਆਉਣਗੇ

ਟੋਲ ਟੈਕਸ ’ਤੋਂ ਬਚਣ ਲਈ ਵੀ ਕਿਸਾਨੀ ਝੰਡੇ ਦੀ ਹੋ ਰਹੀ ਹੈ ਵਰਤੋਂ

ਵੱਡੀ ਗਿਣਤੀ ਵਿੱਚ ਕਾਰਾਂ ਤੇ ਹੋਰ ਵਾਹਨਾਂ ਵਾਲਿਆਂ ਵੱਲੋਂ ਦਿੱਲੀ ਦੇ ਰਸਤੇ ਵਿੱਚ ਪੈਂਦੇ ਟੋਲ ਟੈਕਸਾਂ ਤੋਂ ਬਚਣ ਲਈ ਇਸ ਕਿਸਾਨੀ ਝੰਡੇ ਦੀ ਵਰਤੋਂ ਕੀਤੀ ਜਾ ਰਹੀ ਹੈ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਵਾਸਤੇ ਕਿਰਾਏ ’ਤੇ ਗੱਡੀ ਲੈ ਕੇ ਜਾਣ ਵਾਲੇ ਡਰਾਇਵਰਾਂ ਵੱਲੋਂ ਕਿਸਾਨੀ ਝੰਡੇ ਦੀ ਆੜ ਵਿੱਚ ਟੋਲ ਟੈਕਸ ਬਚਾਇਆ ਜਾ ਰਿਹਾ ਹੈ ਟੋਲ ਟੈਕਸ ’ਤੇ ਝੰਡੇ ਵਾਲੀਆਂ ਗੱਡੀਆਂ ਨੂੰ ਬਗੈਰ ਟੋਲ ਦਿੱਤਿਆਂ ਹੀ ਭੇਜ ਦਿੱਤਾ ਜਾਂਦਾ ਹੈ ਜਿਸ ਕਾਰਨ ਡਰਾਇਵਰਾਂ ਦਾ ਕਿਸਾਨੀ ਝੰਡਿਆਂ ਪ੍ਰਤੀ ਪ੍ਰੇਮ ਹੋਰ ਵੀ ਵਧ ਰਿਹਾ ਹੈ

ਨੌਜਵਾਨੀ ’ਤੇ ਕਿਸਾਨੀ ਝੰਡੇ ਦਾ ਜ਼ੋਰਦਾਰ ਅਸਰ

ਮਹਿੰਗੇ ਬ੍ਰਾਂਡਿਡ ਕੱਪੜਿਆਂ ਦਾ ਸ਼ੌਕ ਰੱਖਣ ਵਾਲੇ ਪੰਜਾਬੀ ਨੌਜਵਾਨਾਂ ਵੱਲੋਂ ਆਪਣੀਆਂ ਕਾਰਾਂ, ਜੀਪਾਂ ਤੇ ਖ਼ਾਸ ਕਰ ਟਰੈਕਟਰਾਂ ਨੂੰ ਹੋਰ ਸਾਮਾਨ ਲਾਉਣ ਦੇ ਨਾਲੋਂ ਝੰਡੇ ਲਾ ਕੇ ਸ਼ਿੰਗਾਰਿਆ ਜਾ ਰਿਹਾ ਹੈ ਇਸ ਵਾਰ ਇਹ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਨੌਜਵਾਨਾਂ ਦੇ ਸ਼ੌਕ ਆਪ ਮੁਹਾਰੇ ਕਿਸਾਨੀ ਸੰਘਰਸ਼ ਨਾਲ ਜੁੜ ਗਏ ਹਨ ਪੰਜਾਬ ਦੇ ਵੱਖ-ਵੱਖ ਕਲਾਕਾਰਾਂ ਵੱਲੋਂ ਨੌਜਵਾਨਾਂ ਦਾ ਰੁਝਾਨ ਵੇਖਦਿਆਂ ਕਿਸਾਨੀ ਜਜ਼ਬੇ ਵਾਲੇ ਗੀਤ ਰਿਕਾਰਡ ਕਰਵਾਏ ਜਾ ਰਹੇ ਹਨ ਜਿਨ੍ਹਾਂ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ

ਝੰਡਿਆਂ ਦੀ ਲੋਕਪ੍ਰਿਅਤਾ ਨੇ ਰਿਕਾਰਡ ਤੋੜਿਆ : ਝੰਡਾ ਸਿੰਘ ਜੇਠੂਕੇ

‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੋਹਰੀ ਆਗੂ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਜਥੇਬੰਦੀ ਦੇ ਝੰਡਿਆਂ ਦੀ ਲੋਕਪ੍ਰਿਅਤਾ ਦਿਨੋਂ ਦਿਨ ਵਧਦੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਸਾਨੂੰ ਹੈਰਾਨੀ ਹੋ ਰਹੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਲੈ ਕੇ ਦੂਜੇ ਸੂਬਿਆਂ ਦੇ ਲੋਕਾਂ ਵੱਲੋਂ ਵੀ ਝੰਡਿਆਂ ਦੀ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਪਿਛਲੇ 2 ਦਿਨਾਂ ਵਿੱਚ 85 ਹਜ਼ਾਰ ਦੇ ਕਰੀਬ ਝੰਡਾ ਵੰਡਿਆ ਜਾ ਚੁੱਕਿਆ ਹੈ ਅਤੇ ਹਾਲੇ ਵੀ ਮੰਗ ਹੋਰ ਵੀ ਵਧ ਰਹੀ ਹੈ

ਜਿਸ ਕਾਰਨ ਡੇਢ ਲੱਖ ਝੰਡੇ ਦਾ ਨਵਾਂ ਆਰਡਰ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਝੰਡਾ ਬਣਵਾਇਆ ਜਾ ਰਿਹਾ ਹੈ ਜਿਸ ਕਾਰਨ ਇਹ ਝੰਡੇ ਬਣਾਉਣ ਵਾਲੀ ਕੰਪਨੀ ਵੱਲੋਂ ਦਿਨ ਰਾਤ ਝੰਡੇ ਬਣਵਾਉਣ ਦਾ ਕੰਮ ਚੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਇੱਕ ਝੰਡੇ ਨੂੰ ਬਣਾਉਣ ’ਤੇ ਔਸਤਨ 25 ਤੋਂ 30 ਰੁਪਏ ਦਾ ਖਰਚਾ ਆਉਂਦਾ ਹੈ ਅਤੇ ਇਸੇ ਮੁੱਲ ਵਿੱਚ ਅੱਗੇ ਦਿੱਤਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਝੰਡਿਆਂ ਦੇ ਨਾਲ ਬੈਜਾਂ ਦੀ ਡਿਮਾਂਡ ਵੀ ਕਾਫ਼ੀ ਜ਼ਿਆਦਾ ਵਧ ਚੁੱਕੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.