ਨਾ ਜਨਮ ਦਿਨ ਦੀ ਵਧਾਈ, ਨਾ ਕੱਟ ਸਕਿਆ ਕੇਕ, ਗੁਰਭੇਜ ਦੇ ਹਿੱਸੇ ਆਈ ਪਾਣੀ ਵਾਲੀ ਟੈਂਕੀ

ਪਰਿਵਾਰ ਵੀ ਆਪਣੇ ਇਕੱਲੇ ਪੁੱਤ ਦੇ ਜਨਮ ਦਿਨ ਦੀ ਨਾ ਮਨਾ ਸਕਿਆ ਖੁਸ਼ੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰੁਜ਼ਗਾਰ ਦੀ ਮੰਗ ਅਤੇ ਆਪਣੇ ਹੱਕਾਂ ਲਈ ਪਾਣੀ ਵਾਲੀ ਟੈਂਕੀ ਤੇ ਬੈਠਾ ਗੁਰਭੇਜ ਆਪਣੇ ਜਨਮ ਦਿਨ ਤੇ ਨਾ ਕੇਕ ਕੱਟ ਸਕਿਆ ਅਤੇ ਨਾ ਹੀ ਆਪਣੇ ਪਰਿਵਾਰ ਨਾਲ ਜਨਮ ਦਿਨ ਦੀ ਖੁਸ਼ੀ ਸਾਂਝੀ ਕਰ ਸਕਿਆ। ਗੁਰਭੇਜ ਆਪਣੇ ਜਨਮ ਦਿਨ ਮੌਕੇ ਵੀ ਰੋਟੀ ਤੋਂ ਭੁੱਖਣਭਾਣਾ ਕਮਜੋਰੀ ਦੀ ਹਾਲਤ ’ਚ ਸੁੱਕੀਆਂ ਆਦਰਾਂ ਨਾਲ ਸਰਕਾਰ ਅੱਗੇ ਰੁਜ਼ਗਾਰ ਲਈ ਕੂਕ ਪੁਕਾਰ ਕਰ ਰਿਹਾ ਹੈ। ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨ ਦੇ ਬਾਵਜੂਦ ਵੀ ਉਸ ਨੂੰ ਮੋਤੀਆ ਵਾਲੀ ਸਰਕਾਰ ਨਾਲ ਮੱਥਾ ਲਾਉਣਾ ਪੈ ਰਿਹਾ ਹੈ।

ਦੱਸਣਯੋਗ ਹੈ ਕਿ ਈਟੀਟੈੱਟ ਪਾਸ ਬੇਰੁਜ਼ਾਗਰ ਅਧਿਆਪਕ ਯੂਨੀਅਨ ਦੇ ਕਾਰਕੁੰਨ ਗੁਰਭੇਜ ਫਾਜਲਿਕਾ ਅਤੇ ਮਨੋਜ ਫਿਰੋਜਪੁਰ ਪਿਛਲੇ 10 ਦਿਨਾਂ ਤੋਂ ਸਰਕਾਰੀ ਮਹਿੰਦਰਾ ਕਾਲਜ ਦੀ ਪਾਣੀ ਵਾਲੀ ਟੈਂਕੀ ਤੇ ਡਟੇ ਹੋਏ ਹਨ। ਗੁਰਭੇਜ ਦਾ ਅੱਜ 28ਵਾਂ ਜਨਮ ਦਿਨ ਹੈ, ਪਰ ਉਸ ਨੂੰ ਆਪਣੇ ਜਨਮ ਦਿਨ ਦੀ ਬਹੁਤੀ ਖੁਸ਼ੀ ਨਹੀਂ। ਗੁਰਭੇਜ ਦਾ ਕਹਿਣਾ ਹੈ ਕਿ ਜਦੋਂ ਸਰਕਾਰਾਂ ਨੌਜਵਾਨਾਂ ਦੀਆਂ ਸਿੱਖਿਆ ਤਾ ਮੁੱਲ ਪਾਉਣ ਦੀ ਥਾਂ ਉਨ੍ਹਾਂ ਨੂੰ ਮਰਨ ਲਈ ਟੈਂਕੀਆਂ ਤੇ ਚਾੜ ਦੇਣ, ਫਿਰ ਜਨਮ ਦਿਨ ਦੀਆਂ ਕਿਹੜੀਆਂ ਖੁਸ਼ੀਆਂ ਰਹਿ ਜਾਂਦੀਆਂ ਹਨ। ਉਸਨੇ ਦੱਸਿਆ ਕਿ ਪਹਿਲਾ ਉਹ ਆਪਣਾ ਹਰ ਜਨਮ ਦਿਨ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ ਨਾਲ ਮਨਾਉੁਂਦਾ ਸੀ, ਪਰ ਅੱਜ ਉਸਦਾ ਪਰਿਵਾਰ ਵੀ ਨਾ ਉਸ ਨੂੰ ਪਿਆਰ ਦੇ ਸਕਿਆ ਅਤੇ ਨਾ ਹੀ ਕਲਾਵੇਂ ਦੀ ਨਿੱਘ।

ਉਸਨੇ ਦੱਸਿਆ ਕਿ ਉਸਦੀ ਪਤਨੀ ਅਤੇ ਉਸਦੇ ਮਾਤਾ ਪਿਤਾ ਵੀ ਖੁਸ਼ੀ ਦੀ ਥਾਂ ਧੁਰ ਅੰਦਰੋਂ ਇਸ ਕਰਕੇ ਨਿਰਾਸ਼ ਹਨ ਕਿ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਜਾਇਆ ਦੇ ਹਿੱਸੇ ਪਾਣੀ ਵਾਲੀਆਂ ਟੈਂਕੀਆਂ ਆਉਣਗੀਆ। ਜਦੋਂ ਗੁਰਭੇਜ ਨਾਲ ਗੱਲ ਕੀਤੀ ਗਈ ਤਾ ਉਸ ਦਾ ਕਮਜੋਰੀ ਕਾਰਨ ਅਵਾਜ਼ ਵੀ ਮਸਾ ਹੀ ਨਿਕਲ ਰਹੀ ਸੀ। ਉਸਨੇ ਦੱਸਿਆ ਕਿ ਉਹ ਆਪਣੇ ਜਨਮ ਦਿਨ ਮੌਕੇ ਵੀ ਰੋਟੀ ਤੋਂ ਭੁੱਖਣਭਾਣਾ ਹੈ, ਕੇਕ ਕੱਟਣੇ ਤਾ ਉਨ੍ਹਾਂ ਦੇ ਕਰਮਾਂ ਵਿੱਚ ਕਿੱਥੇ। ਉਸਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਇਕੱਲਾ ਪੁੱਤ ਹੈ ਜਦਕਿ ਇੱਕ ਭੈਣ ਹੈ।

ਉਸਨੇ ਦ੍ਰਿੜਤਾ ਨਾਲ ਕਿਹਾ ਕਿ ਜਦੋਂ ਤੱਕ ਸਰਕਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀਆਂ ਕੱਢੀਆ ਅਸਾਮੀਆਂ ’ਚ ਉਨ੍ਹਾਂ ਨੂੰ ਪਹਿਲ ਦੇਣ ਦਾ ਭਰੋਸਾ ਨਹੀਂ ਦੇੇਵੇਗੀ, ਉਹ ਉਨ੍ਹਾਂ ਸਮਾਂ ਟੈਂਕੀ ਤੇ ਡਟੇ ਰਹਿਣਗੇ। ਉਸਨੇ ਕਿਹਾ ਕਿ ਜਦੋਂ ਡਿਗਰੀਆਂ ਦੇ ਮੁੱਲ ਸਰਕਾਰਾਂ ਦੀ ਰਹਿਮੋਂ ਕਰਮ ਤੇ ਨਿਰਭਰ ਹੋ ਜਾਣ ਤਾ ਫਿਰ ਦੇਸ਼ ਦੇ ਭਵਿੱਖ ਦਾ ਅੰਦਾਜਾ ਤਾ ਸਹਿਜੇ ਲਗਾਇਆ ਜਾ ਸਕਦਾ। ਉਸਨੇ ਦੱਸਿਆ ਕਿ ਕੁਝ ਬਿਸਕੁੱਟ ਆਦਿ ਖਾਕੇ ਹੀ ਗੁਜ਼ਾਰਾਂ ਹੋ ਰਿਹਾ ਹੈ, ਪਰ ਰੁਜ਼ਗਾਰ ਅੱਗੇ ਭੁੱਖੀਆਂ ਆਦਰਾਂ ਨੂੰ ਇਮਤਿਹਾਨ ਤਾ ਦੇਣਾ ਹੀ ਪੈ ਰਿਹਾ ਹੈ।

ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ-ਕੰਬੋਜ

ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਦਾ ਕਹਿਣਾ ਹੈ ਕਿ ਅੱਜ ਸੰਗਰੂਰ ਡੀਸੀ ਦਫ਼ਤਰ ਵਿਖੇ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਨਾਲ ਉਨ੍ਹਾਂ ਦੀ ਪੈਨਲ ਮੀਟਿੰਗ ਹੋਈ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਸਾਰੇ ਮੁੱਦਿਆ ਤੇ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਡੀਸੀ ਸੰਗਰੂਰ ਦੀ ਡਿਊਟੀ ਲਗਾਈ ਗਈ ਹੈ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਉੁਹ ਮੈਸੇਜ ਦੇਣਗੇ। ਉਨ੍ਹਾਂ ਕਿਹਾ ਕਿ ਆਸ ਹੈ ਕਿ ਅਧਿਆਪਕਾਂ ਦੀਆਂ ਮੰਗਾਂ ਹੱਲ ਹੋਣਗੀਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਰਨਾ ਅਤੇ ਟੈਂਕੀ ਤੇ ਚੜ੍ਹੇ ਸਾਥੀ ਡਟੇ ਰਹਿਣਗੇ। ਜੇਕਰ ਟੈਂਕੀ ਤੇ ਕਿਸੇ ਨਾਲ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾ ਇਸ ਲਈ ਸਰਕਾਰ ਜਿੰਮੇਵਾਰ ਹੋਵੇਗੀ।
ਫੋਟੋ: ਪੀਟੀਐੱਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.