ਪਟਿਆਲਾ ਦੇ ਇੱਕ ਹੋਰ ਕਿਸਾਨ ਦੀ ਠੰਢ ਲੱਗਣ ਕਾਰਨ ਮੌਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਨੇੜਲੇ ਪਿੰਡ ਲੰਗ ਦੇ ਇੱਕ ਕਿਸਾਨ ਦੀ ਦਿੱਲੀ ਵਿਚਲੇ ਧਰਨੇ ’ਚ ਠੰਢ ਲੱਗਣ ਕਾਰਨ ਮੌਤ ਹੋ ਗਈ। ਲੰਬੜਦਾਰ ਕੇਸਰ ਸਿੰਘ ਨਾਮ ਦਾ ਇਹ ਕਿਸਾਨ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿਖੇ ਸਿੰਘੂ ਬਾਰਡਰ ’ਤੇ ਚੱਲ ਰਹੇ ਧਰਨੇ ਵਿੱਚ ਡਟਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਠੰਢ ਲੱਗਣ ਕਾਰਨ ਉਸ ਦੀ ਹਾਲਤ ਵਿਗੜ ਗਈ ਜਿਸ ਕਾਰਨ ਉਸ ਨੂੰ ਦੋ ਦਿਨ ਪਹਿਲਾਂ ਪਟਿਆਲਾ ਲਿਆਂਦਾ ਗਿਆ ਜਿਸ ਦੀ ਅੱਜ ਵੱਡੇ ਤੜਕੇ ਮੌਤ ਹੋ ਗਈ । ਉਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਸਬੰਧਤ ਸੀ। ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਸਮੇਤ ਕਈ ਹੋਰਨਾਂ ਨੇ ਕੇਸਰ ਸਿੰਘ ਨੂੰ ਕਿਸਾਨ ਅੰਦੋਲਨ ਦਾ ਸ਼ਹੀਦ ਕਰਾਰ ਦਿੰਦਿਆਂ ਸਰਕਾਰ ਤੋਂ ਉਸ ਦੇ ਪਰਿਵਾਰ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।
ਕਿਸਾਨ ਦੇ ਸਸਕਾਰ ਮੌਕੇ ਅੱਜ ਪਿੰਡ ਵਾਸੀਆਂ ਅਤੇ ਕਿਸਾਨਾਂ ਵਿੱਚ ਮੋਦੀ ਸਰਕਾਰ ਅਤੇ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਖਿਲਾਫ਼ ਗੁੱਸਾ ਸਾਫ਼ ਦੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਅੜੀ ਕਾਰਨ ਕਿਸਾਨਾਂ ਨੂੰ ਆਪਣੀ ਜਾਨ ਕੁਰਬਾਨ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਸੜਕਾਂ ’ਤੇ ਬੈਠਾ ਹੈ ਪਰ ਸਰਕਾਰਾਂ ਹੀਟਰਾਂ ਵਾਲੇ ਕਮਰਿਆਂ ਵਿੱਚ ਬੈਠ ਕੇ ਕਿਸਾਨੀ ਪ੍ਰਤੀ ਆਪਣਾ ਕਰੂਰ ਚਿਹਰਾ ਬਿਆਨ ਕਰ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.