ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਵੇਂ ਵਰ੍ਹੇ ਮੌਕੇ ਦੇਸ਼ ਦੀ ਰਾਜਧਾਨੀ ਕਿਸਾਨਾਂ ਦੇ ਘੇਰੇ ’ਚ

ਰਾਜਧਾਨੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਨੇ ਨਵੇਂ ਵਰ੍ਹੇ ਦਾ ਕੀਤਾ ਸਵਾਗਤ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਦੇਸ਼ ਦੀ ਆਜ਼ਾਦੀ ਦੇ 73 ਸਾਲਾਂ ਬਾਅਦ ਪਹਿਲੀ ਵਾਰ ਹੋ ਰਿਹਾ ਹੈ ਕਿ ਨਵੇਂ ਵਰੇ ਦੀ ਸ਼ੁਰੂਆਤ ਮੌਕੇ ਕੌਮੀ ਰਾਜਧਾਨੀ ਕਿਸਾਨਾਂ ਨਾਲ ਘਿਰੀ ਹੋਈ ਹੈ। ਲਗਭਗ 36 ਦਿਨਾਂ ਤੋਂ ਕਿਸਾਨਾਂ ਨੇ ਦਿੱਲੀ ਦੇ ਸਾਰੇ ਬਾਰਡਰ ਘੇਰੇ ਹੋਏ ਹਨ । ਦੇਸ਼ ਵਿੱਚ ਇਸ ਤੋਂ ਪਹਿਲਾਂ ਕੌਮੀ ਰਾਜਧਾਨੀ ਦਾ ਅਜਿਹਾ ਘੇਰਾ ਕਦੇ ਨਹੀਂ ਦੇਖਿਆ। ਉਂਜ ਭਾਵੇਂ ਰਾਜਧਾਨੀ ਅੰਦਰ ਧਰਨੇ ਪ੍ਰਦਰਸ਼ਨ ਤਾਂ ਪਹਿਲਾ ਵੀ ਹੋਏ ਹਨ ਪਰ ਕਿਸਾਨੀ ਅੰਦੋਲਨ ਨੇ ਦੇਸ਼ ਪੱਧਰੀ ਅੰਦੋਲਨ ਦਾ ਰੂਪ ਲੈ ਲਿਆ ਹੈ। ਇੱਧਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਨਵਾਂ ਵਰ੍ਹਾਂ ਕਿਸਾਨਾਂ ਲਈ ਖੇਤੀ ਕਾਨੁੂੰਨਾਂ ਨੂੰ ਰੱਦ ਕਰਵਾਉਣ ਲਈ ਹੋਰ ਜੋਸ਼ ਭਰਪੂਰ ਹੋਵੇਗਾ।

ਦੱਸਣਯੋਗ ਹੈ ਕਿ 32 ਸਾਲ ਪਹਿਲਾਂ ਕਿਸਾਨੀ ਮੰਗਾਂ ਸਬੰਧੀ ਯੂਪੀ ਦੇ ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਨੇ 25 ਅਕਤੂਬਰ 1988 ਨੂੰ ਦਿੱਲੀ ਦੇ ਬੋਟ ਕਲੱਬ ਵਿੱਚ ਧਰਨਾ ਸ਼ੁਰੂ ਕੀਤਾ ਸੀ, ਉਸ ਸਮੇਂ ਲਗਭਗ 5 ਲੱਖ ਕਿਸਾਨ ਦਿੱਲੀ ਪਹੁੰਚੇ ਸਨ ਪਰ ਇਹਨਾਂ ਨੇ ਦਿੱਲੀ ਦੀ ਘੇਰਾਬੰਦੀ ਨਹੀਂ ਕੀਤੀ ਸੀ। ਉਸ ਵੇਲੇ ਸੰਚਾਰ ਸਾਧਨ ਸਿਰਫ ਦੂਰਦਰਸ਼ਨ ਤੇ ਰੇਡੀਓ ਹੀ ਸਨ, ਜਿਹਨਾਂ ’ਤੇ ਰਾਜੀਵ ਗਾਂਧੀ ਸਰਕਾਰ ਦਾ ਕੰਟਰੋਲ ਸੀ। ਲੋਕ ਕਿਸਾਨਾਂ ਦੀਆਂ ਖਬਰਾਂ ਬੀ ਬੀ ਸੀ ’ਤੇ ਸੁਣਦੇ ਸਨ ਜਾਂ ਫਿਰ ਅਗਲੇ ਦਿਨ ਦੀ ਅਖ਼ਬਾਰ ਵਿੱਚ ਪੜ੍ਹਦੇ ਸਨ। ਬੇਸ਼ੱਕ ਕਿਸਾਨਾਂ ਦੀਆਂ 32 ਮੰਗਾਂ ਸਨ ਪਰ ਮਹਿੰਦਰ ਸਿੰਘ ਟਿਕੈਤ ਨੇ 1 ਨਵੰਬਰ ਨੂੰ ਬਿਨਾਂ ਕਿਸੇ ਸਮਝੌਤੇ ਦੇ ਇਹ ਧਰਨਾ ਖਤਮ ਕਰ ਦਿੱਤਾ ਸੀ।

ਭ੍ਰਿਸ਼ਟਾਚਾਰ ਖਿਲਾਫ ਲੋਕਪਾਲ ਲਈ ਅੰਨਾ ਹਜ਼ਾਰੇ ਨੇ 4 ਅਪ੍ਰੈਲ 2011 ਨੂੰ ਅੰਦੋਲਨ ਸ਼ੁਰੂ ਕੀਤਾ ਜੋ 28 ਦਸੰਬਰ 2011 ਤੱਕ ਚੱਲਿਆ। ਸਾਲ 2012 ਵਿੱਚ ਮਾਸੂਮ ਲੜਕੀ ਨਿਰਭਿਆ ਨਾਲ ਹੋਈ ਦਰਿੰਦਗੀ ਤੋਂ ਬਾਅਦ ਦਿੱਲੀ ਵਿੱਚ ਵੱਡਾ ਰੋਸ ਪ੍ਰਦਰਸ਼ਨ ਸ਼ੁਰੂ ਹੋਇਆ ਜਿਸਦੀ ਬਦੌਲਤ ਦੇਸ਼ ਵਿੱਚ ਜਬਰ ਜਨਾਹ ਦੇ ਮਾਮਲੇ ਵਿੱਚ ਨਵੇਂ ਕਾਨੂੰਨ ਬਣੇ। ਜੂਨ 2015 ਵਿੱਚ ਗਜੇਂਦਰ ਚੌਹਾਨ ਨੂੰ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦਾ ਚੇਅਰਮੈਨ ਲਗਾਉਣ ’ਤੇ ਕੌਮੀ ਰਾਜਧਾਨੀ ਵਿੱਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ। ਡਾਇਰੈਕਟਰ ਆਨੰਦ ਪਟਵਰਧਨ, ਦੀਵਾਕਰ ਬੈਨਰਜੀ ਅਤੇ ਹੋਰ ਅਨੇਕਾਂ ਹਸਤੀਆਂ ਨੇ ਆਪੋ ਆਪਣੇ ਐਵਾਰਡ ਵਿਦਿਆਰਥੀਆਂ ਦੇ ਹੱਕ ਵਿੱਚ ਵਾਪਸ ਕਰ ਦਿੱਤੇ।

ਇਸ ਮਗਰੋਂ 14 ਦਸੰਬਰ 2019 ਵਿੱਚ ਨਾਗਰਿਕਤਾ ਸੋਧ ਕਾਨੂੰਨ ਯਾਨੀ ਸੀ ਏ ਏ ਦੇ ਖਿਲਾਫ ਸ਼ਾਹੀਨ ਬਾਗ ਵਿੱਚ ਰੋਸ ਮੁਜ਼ਾਹਰੇ ਸ਼ੁਰੂ ਹੋਏ ਤੇ ਇਹ ਰੋਸ ਪ੍ਰਦਰਸ਼ਨ 24 ਮਾਰਚ 2020 ਨੂੰ ਖਤਮ ਹੋਏ। ਇਸ ਮਗਰੋਂ ਦਿੱਲੀ ਵਿੱਚ ਦੰਗੇ ਭੜਕ ਗਏ ਤੇ ਇਹਨਾਂ ਦੰਗਿਆਂ ਵਿੱਚ ਚਾਰ ਬੱਸਾਂ, ਛੇ ਕਾਰਾਂ, 80 ਮੋਟਰ ਸਾਈਕਲਾਂ, ਦੋ ਪੁਲਿਸ ਵਾਹਨਾਂ ਤੇ 23 ਹੋਰ ਵਾਹਨਾਂ ਸਮੇਤ 115 ਦੇ ਕਰੀਬ ਵਾਹਨ ਫੂਕੇ ਗਏ ਤੇ ਅਨੇਕਾਂ ਮੌਤਾਂ ਹੋਈਆਂ। ਆਜ਼ਾਦੀ ਤੋਂ ਬਾਅਦ ਦਿੱਲੀ ਦੀਆਂ ਬਰੂਹਾਂ ਘੇਰ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਵਾਲਾ ਮੌਜੂਦਾ ਕਿਸਾਨ ਅੰਦੋਲਨ ਪਹਿਲਾ ਅੰਦੋਲਨ ਹੈ। ਭਾਵੇਂ ਸਰਕਾਰ ਤੇ ਕਿਸਾਨਾਂ ਵਿਚਾਲੇ 7 ਗੇੜ ਦੀ ਗੱਲਬਾਤ ਹੋ ਚੁੱਕੀ ਹੈ ਪਰ ਨਵੇਂ ਵਰ੍ਹੇ ’ਤੇ ਕੌਮੀ ਰਾਜਧਾਨੀ ਦਾ ਘੇਰਿਆ ਹੋਣਾ ਆਜ਼ਾਦੀ ਤੋਂ ਬਾਅਦ ਦੀ ਪਹਿਲੀ ਘਟਨਾ ਹੈ ਜੋ ਅੱਜ ਦੇ ਅਤਿ ਆਧੁਨਿਕ ਸੰਚਾਰ ਸਾਧਨਾਂ ਦੇ ਯੁੱਗ ਵਿੱਚ ਸਾਰੀ ਦੁਨੀਆਂ ਵਿੱਚ ਵੇਖੀ ਜਾ ਰਹੀ ਹੈ।

ਨਵਾਂ ਵਰ੍ਹਾਂ ਕਿਸਾਨੀ ਅੰਦੋਲਨ ’ਚ ਭਰੇਗਾ ਹੋਰ ਜੋਸ਼

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਨਿਆਲ ਦਾ ਕਹਿਣਾ ਹੈ ਕਿ ਨਵੇਂ ਵਰ੍ਹੇ ਨੂੰ ਲੱਖਾਂ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਹੀ ਜੀ ਆਇਆ ਕਹਿਣਗੇ। ਉਨ੍ਹਾਂ ਕਿਹਾ ਕਿ ਨਵੇਂ ਵਰ੍ਹੇ ’ਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਆਪਣੇ ਰੋਹ ਅਤੇ ਜੋਸ਼ ਨੂੰ ਹੋਰ ਤਕੜਾ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਦਾ ਮਿਲ ਰਿਹਾ ਸਾਥ ਕਿਸਾਨਾਂ ਦੀ ਜਿੱਤ ਨੂੰ ਨਵੇਂ ਸਾਲ ’ਚ ਯਾਦਗਾਰੀ ਬਣਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.