ਕਿਸਾਨ ਅੰਦੋਲਨ ਦੇ ਹੱਕ ’ਚ 101 ਕਰਮਚਾਰੀ ਯੂਨੀਅਨ ਦਫਤਰ ਅੱਗੇ ਭੁੱਖ ਹੜਤਾਲ ’ਤੇ ਬੈਠੇ

ਮੋਦੀ ਸਰਕਾਰ ਅੱਜ ਤੱਕ ਦੀ ਸਭ ਤੋਂ ਵੱਧ ਲੋਕ ਵਿਰੋਧੀ, ਕਿਸਾਨ, ਮਜਦੂਰ ਅਤੇ ਦਲਿਤ ਵਿਰੋਧੀ ਸਰਕਾਰ : ਆਗੂ

ਪਟਿਆਲਾ, (ਨਰਿੰਦਰ ਸਿੰਘ ਬਠੋਈ)। ਕਿਸਾਨ ਅੰਦੋਲਨ ਦੇ ਹੱਕ ਵਿੱਚ ਇਸ ਮਹਾਨ ਅੰਦੋਲਨ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਪ.ਸ.ਸ.ਫ. ਅਤੇ ਪ੍ਰਧਾਨ ਕਲਾਸ ਫੋਰਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ 101 ਕਰਮਚਾਰੀ ਯੂਨੀਅਨ ਦਫਤਰ ਅੱਗੇ ਭੁੱਖ ਹੜਤਾਲ ’ਤੇ ਬੈਠੇ ਅਤੇ ਇੱਕ ਵਿਸ਼ਾਲ ਰੈਲੀ ਸੜਕ ਜਾਮ ਕਰਕੇ ਕੀਤੀ ਗਈ। ਇਸ ਤੋਂ ਇਲਾਵਾ ਮੋਦੀ ਸਰਕਾਰ ਵੱਲੋਂ ਕਿਸਾਨ ਅਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਭੁੱਖ ਹੜਤਾਲ ਵਿੱਚ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਦੀਪ ਚੰਦ ਹੰਸ, ਰਾਮ ਕਿਸ਼ਨ, ਸੂਰਜ ਯਾਦਵ, ਬਲਜਿੰਦਰ ਸਿੰਘ, ਮਾਧੋ ਲਾਲ, ਰਾਮ ਲਾਲ ਰਾਮਾ, ਗੁਰਦਰਸ਼ਨ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਹੋਰ ਸਰਗਰਮ ਆਗੂ ਸ਼ਾਮਲ ਸਨ।

ਇਸ ਭੁੱਖ ਹੜਤਾਲ ਅਤੇ ਵਿਸ਼ਾਲ ਰੈਲੀ ਵਿੱਚ ਜੁੜੇ ਵਿਸ਼ਾਲ ਇਕੱਠ ਨੂੰ ਸੂਬਾਈ ਤੇ ਕੌਮੀ ਆਗੂ ਦਰਸ਼ਨ ਸਿੰਘ ਲੁਬਾਣਾ, ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਐਸ.ਕੇ. ਗੌਤਮ, ਉਤਮ ਸਿੰਘ ਬਾਗੜੀ ਨੇ ਸੰਬੋਧਨ ਕੀਤਾ ਅਤੇ ਕਿਸਾਨ ਅੰਦੋਲਨ ਦੀ ਜਿੱਤ ਤੱਕ ਇਸ ਸੰਘਰਸ਼ ਦੀ ਹਰ ਤਰੀਕੇ ਨਾਲ ਮਦਦ ਅਤੇ ਹਮਾਇਤ ਜਾਰੀ ਰੱਖਣ ਦਾ ਅਹਿਦ ਕੀਤਾ।  ਇਸ ਇਕੱਠ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਅੱਜ ਤੱਕ ਦੀ ਸਭ ਤੋਂ ਵੱਧ ਲੋਕ ਵਿਰੋਧੀ, ਕਿਸਾਨ, ਮਜਦੂਰ, ਗਰੀਬ, ਨੌਜਵਾਨ, ਵਿਦਿਆਰਥੀ, ਛੋਟੇ ਕਾਰੋਬਾਰੀ, ਘੱਟ ਗਿਣਤੀਆਂ ਅਤੇ ਦਲਿਤ ਵਿਰੋਧੀ ਜਾਲਮ ਸਰਕਾਰ ਹੋ ਨਿਬੜੀ ਹੈ। ਭਾਰਤ ਦੇ ਲੋਕਾਂ ਦੇ ਸਾਹਮਣੇ ਇਸ ਦਾ ਫਿਰਕਾਪ੍ਰਸਤ ਫਾਸੀਵਾਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਦਾ ਕਰੂਪ ਚਿਹਰਾ ਆ ਚੁੱਕਾ ਹੈ।

ਆਗੂਆਂ ਨੇ ਕਿਹਾ ਕਿ ਜਿੱਥੇ ਮੋਦੀ ਸਰਕਾਰ ਨੇ ਕੋਰੋਨਾ ਦੀ ਆੜ ਵਿੱਚ 44 ਕਿਰਤ ਕਾਨੂੰਨ ਖਤਮ ਕੀਤੇ, ਮੁਲਾਜਮਾਂ, ਮਜਦੂਰਾਂ ਵਿਰੋਧੀ ਫੈਸਲੇ, ਬਿਜਲੀ ਬਿੱਲ 2020 ਲਿਆਂਦਾ, ਮੋਟਰ ਵਹੀਕਲ ਐਕਟ 2020 ਲਿਆਂਦਾ, ਧਾਰਾ 370 ਤੋੜੀ, ਸੰਵਿਧਾਨਕ ਕਾਲਾ ਕਾਨੂੰਨ ਪਾਸ ਕੀਤਾ, ਨਿੱਜੀਕਰਨ ਦਾ ਅਮਲ ਤੇਜ ਕੀਤਾ, ਉੱਥੇ ਸਭ ਤੋਂ ਘਾਤਕ ਕਾਰਾ ਇਸੇ ਸਮੇਂ ਵਿੱਚ ਜੂਨ ਮਹੀਨੇ ਵਿੱਚ ਕਿਸਾਨਾਂ ਦੀਆਂ ਜਮੀਨਾਂ ਖਤਮ ਕਰਨ ਲਈ, ਕਾਰਪੋਰੇਟ ਘਰਾਣਿਆਂ ਨੂੰ ਖਾਧ ਪਦਾਰਥ ਅਤੇ ਅਨਾਜ ਸਟੋਰ ਕਰਨ ਦੀ ਅਤੇ ਜਮੀਨਾਂ ਹੜੱਪਣ ਦੀ ਖੁੱਲ੍ਹ ਦਿੰਦੇ ਤਿੰਨ ਕਾਲੇ ਕਾਨੂੰਨ ਹੋਂਦ ਵਿੱਚ ਲਿਆਕੇ ਦੇਸ਼ ਦੇ ਅੰਨਦਾਤਾ ਕਿਸਾਨਾਂ ਤੇ ਵੱਡਾ ਹਮਲਾ ਕੀਤਾ ਹੈ ਜਿਹੜਾ ਕਿ ਕਿਸਾਨਾਂ ਨੂੰ ਅਤੇ ਖੇਤੀ ਆਰਥਿਕਤਾ ਨੂੰ ਤਬਾਹ ਕਰਕੇ ਰੱਖ ਦੇਵੇਗਾ।

ਸਦਕੇ ਜਾਈਏ ਕਿਸਾਨ ਜਥੇਬੰਦੀਆਂ ਦੇ ਜਿਨ੍ਹਾਂ ਨੇ ਮੋਦੀ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾ ਨੂੰ ਠੋਕਵੀ ਚੁਣੋਤੀ ਦਿੰਦੇ ਹੋਏ ਜਬਰਦਸਤ ਸੰਘਰਸ਼ ਛੇੜ ਦਿੱਤਾ, ਜਿਹੜਾ ਕਿ ਸਾਰੇ ਦੇਸ਼ ਵਿੱਚ ਫੈਲ ਗਿਆ ਅਤੇ 10 ਲੱਖ ਤੋਂ ਵੱਧ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਨੇ ਇੱਕ ਮਹੀਨੇ ਤੋਂ ਦਿੱਲੀ ਨੂੰ ਚੁਫੇਰੇ ਤੋਂ ਘੇਰਿਆ ਹੋਇਆ ਹੈ। ਇਸ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਕਿਸਾਨਾਂ ਦੀ ਪਹਿਲਕਦਮੀ ਅਤੇ ਸ਼ਿਰਕਤ ਲਾਮਿਸਾਲ ਵੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਪ੍ਰਸ਼ਾਸ਼ਨ ਨੂੰ ਮੁਲਾਜਮ ਪੈਨਸ਼ਨਰ ਮੰਗਾਂ ਅਤੇ ਅਧਿਆਪਕਾਂ ਦੀਆਂ ਮੰਗਾਂ ਦਾ ਮੈਮੋਰੰਡਮ ਨੂੰ ਸੌਂਪਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.