ਪੰਜਾਬ ਮੰਡੀ ਬੋਰਡ ਨੇ ਸਾਢੇ ਤਿੰਨ ਸਾਲਾਂ ’ਚ ਖਰਚੇ ਡੇਢ ਅਰਬ, ਕੇਂਦਰ ਦੇ ਖੇਤੀ ਕਾਨੁੂੰਨ ਫੇਰਨਗੇ ਪਾਣੀ

ਸਾਲ 2018 ਤੇ ਸਾਲ 2019 ’ਚ ਹੀ ਮੰਡੀਆਂ ਦੇ ਵਿਕਾਸ ਕਾਰਜਾਂ ’ਤੇ ਖਰਚੇ ਇੱਕ ਅਰਬ ਤੋਂ ਜ਼ਿਆਦਾ ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਪੰਜਾਬ ਮੰਡੀ ਬੋਰਡ ਨੂੰ ਲੱਗੇ ਡਰਾਉਣ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਦੇ ਪ੍ਰਬੰਧਾਂ ਅਤੇ ਹੋਰ ਵਿਕਾਸ ਕਾਰਜ਼ਾਂ ਲਈ ਲਗਭਗ ਸਾਢੇ ਤਿੰਨ ਸਾਲ ’ਚ ਹੀ ਡੇਢ ਅਰਬ ਦੀ ਰਾਸ਼ੀ ਖਰਚ ਕੀਤੀ ਗਈ ਹੈ। ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਪੰਜਾਬ ਮੰਡੀ ਬੋਰਡ ਮਾਲੀਏ ਪੱਖੋਂ ਖਾਲੀ ਖੜਕਣ ਲਈ ਮਜ਼ਬੂਰ ਹੋ ਜਾਵੇਗਾ। ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਮੰਡੀਆਂ ’ਚ ਫਸਲ ਹੀ ਨਹੀਂ ਆਵੇਗੀ ਤਾਂ ਫਿਰ ਰੈਵਨਿਊ ਦੀ ਕਿੱਥੋਂ ਆਸ ਕੀਤੀ ਜਾ ਸਕਦੀ ਹੈ। ਇੱਥੋਂ ਤੱਕ ਕਿ ਪੰਜਾਬ ਮੰਡੀ ਬੋਰਡ ਦਾ ਢਾਂਚਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।

ਜਾਣਕਾਰੀ ਅਨੁਸਾਰ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਕਾਨੁੂੰਨਾਂ ਖਿਲਾਫ਼ ਦਿੱਲੀ ਪੱਕੇ ਮੋਰਚੇ ਲਾਏ ਹੋਏ ਹਨ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਮਾੜਾ ਅਸਰ ਕਿਸਾਨਾਂ ਦੇ ਨਾਲ ਹੀ ਦਹਾਕਿਆਂ ਤੋਂ ਚੱਲ ਰਹੇ ਪੰਜਾਬ ਮੰਡੀ ਬੋਰਡ ’ਤੇ ਵੀ ਪਵੇਗਾ। ਕਣਕ, ਝੋਨਾ ਅਤੇ ਹੋਰ ਫਸਲਾਂ ਖਰੀਦ ਕਰਨ ਵਾਲੀਆਂ ਏਜੰਸੀਆਂ ਤੋਂ ਪੰਜਾਬ ਮੰਡੀ ਬੋਰਡ ਨੂੰ ਭਾਰੀ ਮਾਲੀਆ ਇਕੱਤਰ ਹੁੰਦਾ ਹੈ। ਇਸ ਮਾਲੀਏ ’ਚੋਂ ਹੀ ਪੰਜਾਬ ਮੰਡੀ ਬੋਰਡ ਵੱਲੋਂ ਸ਼ਹਿਰ-ਸਹਿਰ ਅਤੇ ਪਿੰਡ-ਪਿੰਡ ਫੈਲੀਆਂ ਵੱਡੀਆਂ ਮੰਡੀਆਂ, ਸਬ ਸੈਂਟਰਾਂ ਆਦਿ ਦੇ ਵਿਕਾਸ ਕਾਰਜ਼ਾਂ ਉੱਪਰ ਕਰੋੜਾ ਰੁਪਏ ਖਰਚ ਕੀਤੇ ਜਾਂਦੇ ਹਨ। ਸੱਚ ਕਹੂੰ ਵੱਲੋਂ ਪੰਜਾਬ ਮੰਡੀ ਬੋਰਡ ਕੋਲੋ ਸਾਲ 2017 ਤੋਂ ਲੈ 15 ਅਗਸਤ 2020 ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿਕਾਸ ਕਾਰਜਾਂ ’ਤੇ ਖਰਚ ਕੀਤੇ ਗਏ ਵੇਰਵਿਆ ਸਬੰਧੀ ਜਾਣਕਾਰੀ ਮੰਗੀ ਸੀ।

ਪੰਜਾਬ ਮੰਡੀ ਬੋਰਡ ਦੇ ਵਿੱਤ ਅਤੇ ਲੇਖਾ ਸਾਖਾ ਵੱਲੋਂ ਭੇਜੀ ਗਈ ਜਾਣਕਾਰੀ ਦਰਸਾ ਰਹੀ ਹੈ ਕਿ ਮੰਡੀ ਬੋਰਡ ਪੰਜਾਬ ਦੀਆਂ ਮੰਡੀਆਂ ਦੇ ਰੱਖ ਰਖਾਵ ਅਤੇ ਹੋਰ ਸਹੂਲਤਾਂ ਲਈ ਕਰੋੜਾਂ ਰੁਪਏ ਆਏ ਸਾਲ ਖਰਚ ਰਿਹਾ ਹੈ। ਅਪ੍ਰੈਲ 2017 ਤੋਂ 31 ਮਾਰਚ 2018 ਦੇ ਵਕਫੇ ਦੌਰਾਨ ਪੰਜਾਬ ਮੰਡੀ ਬੋਰਡ ਵੱਲੋਂ 22, 23, 35, 757 ਕਰੋੜ ਦੀ ਰਾਸੀ ਖਰਚ ਕੀਤੀ ਗਈ ਹੈ। ਜਦਕਿ ਅਗਲੇ ਦੋਂ ਸਾਲਾਂ ਦੌਰਾਨ ਤਾ ਮੰਡੀਆਂ ਦੇ ਵਿਕਾਸ ਕਾਰਜ਼ਾਂ ੳੱਪਰ ਖਰਚ ਦੀ ਰਫ਼ਤਾਰ ਦੁੱਗਣੀ ਹੋ ਗਈ।

ਅਪਰੈਲ 2018 ਤੋਂ ਲੈ ਕੇ 31 ਮਾਰਚ 2019 ਦੇ ਸਮੇਂ ਦੌਰਾਨ ਮੰਡੀਆਂ ਦੀਆਂ ਸੜਕਾਂ, ਬਿਜਲੀ, ਪਾਣੀ, ਬਾਥਰੁੂਮਾਂ, ਸੈਂਡ ਆਦਿ ਢਾਂਚੇ ਤੇ 69,44,10,950 ਕਰੋੜ ਰੁਪਏ ਦੀ ਰਾਸੀ ਖਰਚ ਕੀਤੀ ਗਈ ਹੈ। ਜਦਕਿ ਅਪਰੈਲ 2019 ਤੋਂ 31 ਮਾਰਚ 2020 ਤੱਕ ਦੇ ਸਮੇਂ ਦੌਰਾਨ ਮੰਡੀ ਬੋਰਡ ਵੱਲੋਂ 50, 18, 53,651 ਕਰੋੜ ਰੁਪਏ ਦੇ ਵਿਕਾਸ ਕਾਰਜ ਪੂਰ ਚਾੜੇ ਗਏ ਹਨ। ਇੱਧਰ ਕੋਰੋਨਾ ਕਾਲ ਦੇ ਸਮੇਂ ਦੌਰਾਨ ਵੀ ਮੰਡੀ ਬੋਰਡ ਵੱਲੋਂ ਲਗਭਗ ਪੰਜ ਮਹੀਨਿਆਂ ਅਪਰੈਲ 2019 ਤੋਂ 15 ਅਗਸਤ 2020 ਤੱਕ 12,18,72,540 ਕਰੋੜ ਰੁਪਏ ਦੀ ਰਾਸ਼ੀ ਖਰਚੀ ਗਈ ਹੈ। ਮੰਡੀ ਬੋਰਡ ਦਾ ਕਹਿਣਾ ਹੈ ਕਿ ਇਹ ਸਾਰਾ ਫੰਡ ਕਾਰਜਕਾਰੀ ਇੰਜੀਨੀਅਰਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਇਹ ਫੰਡ ਰਿਲੀਜ਼ ਕੀਤੇ ਜਾਂਦੇ ਹਨ। ਮੰਡੀ ਬੋਰਡ ਵੱਲੋਂ ਇਸ ਸਾਲ ਜ਼ਿਆਦਾਤਰ ਮੰਡੀਆਂ ਵਿੱਚ ਸ਼ੈੱਡ ਤੇ ਮੰਡੀਆਂ ਅੰਦਰ ਪਾਣੀ ਲਈ ਵੱਡੀਆਂ ਟੈਕੀਆਂ ਦੀ ਉਸਾਰੀ ਪਹਿਲ ਦੇ ਅਧਾਰ ’ਤੇ ਕੀਤੀ ਗਈ।

ਮੰਡੀ ਬੋਰਡ ਦਾ ਅਰਬਾਂ ਦਾ ਢਾਚਾਂ ਹੋਵੇਗਾ ਖੇਰੂੰ-ਖੇਰੂੰ

ਮੰਡੀ ਬੋਰਡ ਦੇ ਇੱਕ ਉੱਚ ਅਧਿਕਾਰੀ ਦਾ ਕਹਿਣਾ ਸੀ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਨੁੁੰੂੰਨ ਹੀ ਲਾਗੂ ਹੋ ਗਏ ਤਾ ਮੰਡੀ ਬੋਰਡ ਦਾ ਢਾਂਚਾ ਕਿਸੇ ਵੀ ਹਾਲ ਨਹੀਂ ਬਚ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਮੰਡੀਆਂ ਵਿੱਚ ਫਸਲ ਹੀ ਨਹੀਂ ਆਵੇਗੀ ਤਾਂ ਫਿਰ ਮੰਡੀ ਬੋਰਡ ਨੂੰ ਮਾਲੀਆ ਕਿੱਥੋਂ ਆਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ਼ ਉੱਕਤ ਰਕਮ ’ਚੋਂ ਹੀ ਖਰਚ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਤਾਂ ਪ੍ਰਭਾਵਿਤ ਹੋਣਗੇ ਹੀ ਨਾਲ ਹੀ ਮੰਡੀ ਬੋਰਡ ਦਾ ਅਰਬਾਂ ਰੁਪਏ ਦਾ ਢਾਂਚਾ, ਸੈਕੜੇ ਮੁਲਾਜ਼ਮ ਅਤੇ ਹੋਰ ਅਮਲੇ ਨੂੰ ਵੀ ਵੱਡਾ ਨੁਕਸਾਨ ਪੁੱਜੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.