ਦੇਸ਼ ’ਚ ਤਿੰਨ ਲੱਖ ਤੋਂ ਘੱਟ ਹੋਏ ਕੋਰੋਨਾ ਦੇ ਸਰਗਰਮ ਮਾਮਲੇ

Corona Active

ਕੋਰੋਨਾ ਦੇ 19,556 ਨਵੇਂ ਮਾਮਲੇ ਮਿਲੇ

ਨਵੀਂ ਦਿੱਲੀ। ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਵਿਸ਼ਵ ’ਚ ਵਧੀ ਚਿੰਤਾ ਦਰਮਿਆਨ ਭਾਰਤ ’ਚ ਕੋਵਿਡ-19 ਵਾਇਰਸ ਦੀ ਰਫ਼ਤਾਰ ਮੱਠੀ ਪੈਣ ਦਾ ਸਿਲਸਿਲਾ ਜਾਰੀ ਹੈ ਜਿਸ ਨਾਲ ਸਰਗਰਮ ਮਾਮਲੇ ਤੇਜ਼ੀ ਨਾਲ ਘੱਟ ਰਹੇ ਹਨ ਤੇ ਇਨ੍ਹਾਂ ਦੀ ਗਿਣਤੀ ਤਿੰਨ ਲੱਖ ਤੋਂ ਹੇਠਾਂ ਆ ਗਈ ਹੈ।

Corona India

ਮਹਾਂਮਾਰੀ ਦੀ ਰਫ਼ਤਾਰ ਮੱਠੀ ਪੈਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੋਰੋਨਾ ਦੇ ਰੋਜ਼ਾਨਾ ਮਾਮਲੇ ਕਈ ਮਹੀਨਿਆਂ ਬਾਅਦ 20 ਹਜ਼ਾਰ ਤੋਂ ਹੇਠਾਂ ਆ ਗਏ ਹਨ ਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ 500 ਤੋਂ ਹੇਠਾਂ ਬਣੀ ਹੋਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ 19,556 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ ਇੱਕ ਕਰੋੜ 75 ਹਜ਼ਾਰ ਤੋਂ ਵੱਧ ਹੋ ਗਈ ਹੈ। ਇਸ ਦੌਰਾਨ 30,376 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ 96.36 ਲੱਖ ਤੇ ਰਿਕਵਰੀ ਦਰ ਵਧ ਕੇ 95.65 ਫੀਸਦੀ ਹੋ ਗਈ। ਸਰਗਰਮ ਮਾਮਲੇ 11,121 ਘੱਟ ਹੋ ਕੇ 2.92 ਲੱਖ ’ਤੇ ਆ ਗਏ ਤੇ ਇਸ ਦੀ ਦਰ 2.90 ਫੀਸਦੀ ਰਹਿ ਗਈ। ਇਸ ਦੌਰਾਨ 301 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,46,111 ਹੋ ਗਿਆ ਹੈ ਤੇ ਮ੍ਰਿਤਕ ਦਰ ਹਾਲੇ 1.45 ਫੀਸਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਓਡੀਸ਼ਾ, ਅਰੁਣਾਚਲ ਪ੍ਰਦੇਸ਼ ਤੇ ਅਸਾਮ ਨੂੰ ਛੱਡ ਕੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੋਰੋਨਾ ਦੇ ਸਰਗਰਮ ਮਾਮਲੇ ਘੱਟ ਹੋਏ ਹਨ।

  • 30,376 ਮਰੀਜ਼ਾਂ ਦੇ ਹੋਏ ਠੀਕ
  • 301 ਮਰੀਜ਼ਾਂ ਦੀ ਹੋਰ ਮੌਤ
  • ਰਿਕਵਰੀ ਦਰ 95.65 ਫੀਸਦੀ
  • ਸਰਗਰਮ ਮਾਮਲੇ ਦੀ ਦਰ 2.90 ਫੀਸਦੀ
  • ਮ੍ਰਿਤਕ ਦਰ 1.45 ਫੀਸਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.