ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸ਼ੰਘਰਸ਼ ਦਾ ਐਲਾਨ

Water Supply Strike

ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਸਬੰਧੀ ਬਣੀ ਸਬ ਕਮੇਟੀ ’ਚ ਸ਼ਾਮਲ ਮੰਤਰੀਆ ਦੀਆਂ ਕੋਠੀਆਂ ਅਤੇ ਦਫ਼ਤਰਾਂ ਅੱਗੇ ਜਲ ਸਪਲਾਈ ਵਰਕਰ ਆਪਣੇ ਪਰਿਵਾਰ ਸਮੇਤ ਦੇਣਗੇ ਧਰਨੇ- ਵਰਿੰਦਰ ਸਿੰਘ ਮੋਮੀ

  •  ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ ਲਈ ਆਉਣ ਵਾਲੇ ਅਧਿਕਾਰੀਆਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨ ਦਾ ਐਲਾਨ

ਫਾਜ਼ਿਲਕਾ /ਜਲਾਲਾਬਾਦ (ਰਜਨੀਸ਼ ਰਵੀ)। ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ ਦਿਨ ਜਥੇਬੰਦੀ ਦੀ ਸੂਬਾ ਵਰਕਿੰਗ ਕਮੇਟੀ ਦੀ ਈਸੜੂ ਭਵਨ ਲੁਧਿਆਣਾ ਵਿਖੇ ਹੋਈ ਮੀਟਿੰਗ ਦੇ ਦੌਰਾਨ ਵੱਖ ਵੱਖ ਏਜੰਡਿਆਂ ’ਤੇ ਵਿਚਾਰ ਕਰਨ ਉਪਰੰਤ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਦੱਸਿਆ ਕਿ ਜਲ ਸਪਲਾਈ ਮਹਿਕਮੇ ਵਿਚ ਇਨਲਿਸਟਮੈਂਟ, ਕੰਪਨੀਆਂ, ਵੱਖ ਵੱਖ ਠੇਕੇਦਾਰਾਂ, ਸੁਸਾਇਟੀਆਂ ਰਾਹੀ ਪਿਛਲੇ 10-12 ਸਾਲਾਂ ਤੋਂ ਸੇਵਾਵਾਂ ਦੇ ਰਹੇ ਵਰਕਰਾਂ ਨੂੰ ਵਿਭਾਗ ਵਿਚ ਲਿਆ ਕੇ ਰੈਗੂਲਾਰ ਕਰਨ ਅਤੇ ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਣ/ਨਿੱਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਕੇ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਸਹੂਲਤਾਂ ਦਾ ਸਰਕਾਰ ਵਲੋਂ ਖੁਦ ਕਰਨ ਦੀ ਮੰਗ ਲਈ ਪਿਛਲੇ ਸਮੇਂ ਦੌਰਾਨ ਜੱਥੇਬੰਦੀ ਵਲੋਂ ਕੀਤੇ ਸੰਘਰਸ਼ਾਂ ’ਤੇ ਰੀਵਿਉ ਕਰਨ ਦੇ ਨਾਲ ਨਾਲ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਅਤੇ ਜੱਥੇਬੰਦੀ ਦਾ ਸਾਲ 2021 ਦਾ ਕੰਲੈਡਰ ਛਪਵਾਉਣ ਸਮੇਤ ਹੋਰਨਾਂ ਏਜੰਡਿਆਂ ’ਤੇ ਵੀ ਵਿਚਾਰ ਚਰਚਾ ਕੀਤੀ ਗਈ। ਜਿਸ ਵਿਚ ਮੁੱਖ ਏਜੰਡਾ ਕਿਸਾਨੀ ਅੰਦੋਲਨ ਦੀ ਹਮਾਇਤ ਵਿਚ ਕਿਸਾਨਾਂ ਦੇ ਦਿੱਲੀ ’ਚ ਟਿੱਕਰੀ ਬਾਰਡਰ ’ਤੇ ਚੱਲ ਰਹੇ ਮੋਰਚੇ ਵਿਚ 24 ਦਸੰਬਰ ਨੂੰ ਵਰਕਰਾਂ ਦਾ ਵੱਡਾ ਜੱਥਾ ਜਾਣ ਦਾ ਫੈਸਲਾ ਕੀਤਾ ਗਿਆ ਹੈ।

Water Supply Strike

ਧਰਨਿਆਂ ਦੀ ਤਿਆਰੀ ਸਬੰਧੀ 28 ਦਸੰਬਰ ਤੋਂ ਜਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ

ਇਸੇ ਤਰ੍ਹਾਂ ਹੀ ਮੀਟਿੰਗ ਵਿਚ ਜਥੇਬੰਦੀ ਵਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ ਕਿ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਲਈ ਬਣੀ ਸਬ-ਕਮੇਟੀ ਵਿਚ ਸ਼ਾਮਲ ਮੰਤਰੀਆ ਦੀਆਂ ਕੋਠੀਆਂ ਅਤੇ ਦਫ਼ਤਰਾਂ ਅੱਗੇ ਜਲ ਸਪਲਾਈ ਵਰਕਰ ਆਪਣੇ ਪਰਿਵਾਰ ਸਮੇਤ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ। ਜਿਸ ਤਹਿਤ ਹੀ ਮਿਤੀ 5 ਜਨਵਰੀ ਨੂੰ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰਪਾਲ ਬਾਜਵਾ, 11 ਜਨਵਰੀ ਨੂੰ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ, 19 ਜਨਵਰੀ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ,26 ਜਨਵਰੀ 2020 ਨੂੰ ਕੈਬਨਿਟ ਚਰਨਜੀਤ ਸਿੰਘ ਚੰਨੀ ਦੇ ਹਲਕੇ ਅੰਦਰ ਰੋਸ ਧਰਨੇ ਦਿੱਤੇ ਜਾਣਗੇ। ਇਨ੍ਹਾਂ ਧਰਨਿਆਂ ਦੀ ਤਿਆਰੀ ਸਬੰਧੀ 28 ਦਸੰਬਰ ਤੋਂ ਜਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ।

ਸਰਕਾਰ ਦੀ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ ਦੀ ਨੀਤੀ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ

ਸੂਬਾ ਆਗੂਆਂ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਦੇ ਠੇਕਾ ਵਰਕਰਾਂ ਨੂੰ ਵਿਭਾਗ ਅਧੀਨ ਸਿੱਧੇ ਸ਼ਾਮਿਲ ਕਰਨ, ਮੁੱਖ ਇੰਜੀਨੀਅਰ ਜਸਸ ਵਿਭਾਗ ਪਟਿਆਲਾ ਦੇ ਪੱਤਰ ਨੰਬਰ ਜਸਸ/ਅਨਗ(7) 39 ਮਿਤੀ 11-01-2018 ਰਾਹੀ ਭੇਜੀ ਗਈ ਪ੍ਰਪੋਜਲ ਨੂੰ ਲਾਗੂ ਕਰਨ ਸਮੇਤ ਹੋਰਨਾਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਪੰਜਾਬ ਸਰਕਾਰ ਅਤੇ ਜਲ ਸਪਲਾਈ ਮੈਨੇਜਮੈਂਟ ਜੋਕਿ ਵਰਕਰ ਵਿਰੋਧੀ ਫੈਸਲੇ ਲੈ ਰਹੀ ਹੈ, ਜੋ ਬਰਦਾਸ਼ਤ ਨਹੀਂ ਕੀਤੇ ਜਾਣਗੇ। ਜਿਸ ’ਤੇ ਜਥੇਬੰਦੀ ਨੇ ਇਹ ਵੀ ਫੈਸਲਾ ਲਿਆ ਕਿ ਸਰਕਾਰ ਦੀ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ ਦੀ ਨੀਤੀ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਪਿੰਡਾਂ ਵਿਚ ਜੋ ਵੀ ਅਧਿਕਾਰੀ ਜਲ ਘਰਾਂ ਦਾ ਪੰਚਾਇਤੀਕਰਨ ਕਰਨ ਲਈ ਪਹੁੰਚੇਗਾ, ਉਸਦਾ ਕਾਲੀਆਂ ਝੰਡੀਆਂ ਨਾਲ ਘਿਰਾਓ ਕੀਤਾ ਜਾਵੇਗਾ।

ਮੋਦੀ ਸਰਕਾਰ ਦੇ ਕਾਲੇ ਕਾਨੂੰਨ ਨੂੰ ਰੱਦ ਕੀਤਾ ਜਾਵੇ

ਸੂਬਾਈ ਆਗੂਆਂ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਜਿਵੇਂ ਕਿ ਖੇਤੀ ਬਿੱਲ, ਕਿਰਤ ਕਾਨੂੰਨ ਵਿਚ 2019 ਤੇ 2020 ਵਿਚ ਕੀਤੀਆਂ ਸੋਧਾਂ ਨੂੰ ਰੱਦ ਕੀਤੀਆਂ ਜਾਣ, ਪਰਾਲੀ ਸਬੰਧੀ ਲਿਆਂਦਾ ਕਿਸਾਨ ਵਿਰੋਧੀ ਆਰਡੀਨੈਸ, ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ, ਸਰਕਾਰੀ ਅਦਾਰਿਆਂ ਦਾ ਨਿੱਜੀਕਰਣ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਕਾਮਿਆਂ ਨੂੰ ਵਿਭਾਗ ਵਿਚ ਸ਼ਾਮਿਲ ਕਰਕੇ ਜਿਨ੍ਹੀ ਦੇਰ ਤੱਕ ਪੰਜਾਬ ਸਰਕਾਰ ਵਲੋਂ ਠੇਕਾ ਮੁਲਾਜਮਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਹੈ ਉਸ ਸਮੇਂ ਤੱਕ ਜੱਥੇਬੰਦੀ ਵਲੋਂ ਸੰਘਰਸ਼ ਜਾਰੀ ਰੱਖੇ ਜਾਣਗੇ ਅਤੇ ਲੋੜ ਪੈਣ ’ਤੇ ਸੰਘਰਸ਼ਾਂ ਨੂੰ ਤੇਜ ਵੀ ਕੀਤਾ ਜਾ ਸਕਦਾ ਹੈ।

ਇਸ ਮੌਕੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਪੰਜਾਬ ਸਰਕਾਰ ਕੋਰੋਨਾ ਦੀ ਆੜ ਵਿਚ ਕਿਸਾਨ, ਮਜਦੂਰ ਅਤੇ ਮੁਲਾਜਮ ਵਿਰੋਧੀ ਫੈਸਲੇ ਲੈ ਕੇ ਧ੍ਰੋਹ ਕਰ ਰਹੀ ਹੈ ਕਿਉਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆ ਨੂੰ ਮੁਨਾਫਾ ਦੇਣ ਲਈ ਜਿਥੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਣ ਦੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ ਉਥੇ ਕਿਸਾਨੀ ਨੂੰ ਬਰਬਾਦ ਕਰਨ ਲਈ ਨਵੇਂ ਖੇਤੀ ਕਾਨੂੰਨ ਪਾਸ ਕਰਕੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਜਿਸਦੇ ਵਿਰੋਧ ਵਿਚ ਹੁਣ ਪੰਜਾਬ ਦੇ ਨਾਲ ਨਾਲ ਹੋਰਨਾਂ ਸੂਬਿਆਂ ਅੰਦਰ ਵੀ ਕਿਸਾਨਾਂ ਦਾ ਅੰਦੋਲਨ ਦਿੱਲੀ ਦੇ ਰਸਤਿਆਂ ਨੂੰ ਰੋਕ ਕੇ ਚੱਲ ਰਿਹਾ ਹੈ ਅਤੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਮੋੜਾ ਦੇਣ ਲਈ ਕਿਸਾਨੀ ਅੰਦੋਲਨ ਨੂੰ ਪੰਜਾਬ ਸੂਬੇ ਦੇ ਲਗਭਗ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ।

ਦਿੱਲੀ ਅੰਦੋਲਨ ਦੀ ਹਮਾਇਤ ਲਈ 24 ਦਸੰਬਰ ਨੂੰ ਟਿਕਰੀ ਬਾਰਡਰ ’ਤੇ ਪਹੁੰਚੇਗਾ ਇਕ ਵੱਡਾ ਜੱਥਾ

ਕਿਸਾਨਾਂ ਦੇ ਅੰਦੋਲਨ ਦੀ ਜਥੇਬੰਦੀ ਵਲੋਂ ਪਹਿਲਾਂ ਹੀ ਹਮਾਇਤ ਕਰਕੇ ਕਿਸਾਨਾਂ ਦੇ ਧਰਨਿਆਂ ਮੁਜਾਹਿਰਆਂ ਵਿਚ ਹਿੱਸਾ ਲੈ ਰਹੀ ਹੈ ਉਥੇ ਅੰਦੋਲਨ ਵਿਚ ਜੁਟੇ ਕਿਸਾਨਾਂ ਦੀਆਂ ਦੀਆਂ ਫਸਲਾਂ ਨੂੰ ਪਾਣੀ ਜਾਂ ਖਾਂਦ ਪਾਉਣ ਦਾ ਕੰਮ ਖੇਤਾਂ ਵਿਚ ਜਲ ਸਪਲਾਈ ਵਰਕਰ ਕੰਮ ਕਰਕੇ ਸਹਿਯੋਗ ਕਰ ਰਹੇ ਹਨ। ਇਸਦੇ ਨਾਲ ਹੀ ਜਥੇਬੰਦੀ ਦਾ ਇਕ ਵੱਡਾ ਜੱਥਾ ਦਿੱਲੀ ਅੰਦੋਲਨ ਦੀ ਹਮਾਇਤ ਲਈ 24 ਦਸੰਬਰ ਨੂੰ ਟਿਕਰੀ ਬਾਰਡਰ ’ਤੇ ਪਹੁੰਚੇਗਾ, ਜਿਸਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਪ੍ਰਦੂਮਣ ਸਿੰਘ, ਸੰਦੀਪ ਖਾਨ ਬਠਿੰਡਾ,ਮਨਪ੍ਰੀਤ ਸਿੰਘ ਸੰਗਰੂਰ, ਉਕਾਰ ਸਿੰਘ ਢਾਂਡਾ, ਜਿਲਾ ਆਗੂ ਸਰਬਜੀਤ ਸਿੰਘ ਬਰਨਾਲਾ, ਸਤਨਾਮ ਸਿੰਘ ਮਾਨਸਾ, ਜੀਤ ਸਿੰਘ ਬਠੋਈ, ਜੰਗੀਰ ਸਿੰਘ, ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਬਰਤਗੜ੍ਹ ਆਦਿ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.