ਅਮਰੀਕਾ ‘ਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ‘ਚ ਪ੍ਰਦਰਸ਼ਨ

ਅਮਰੀਕਾ ‘ਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ‘ਚ ਪ੍ਰਦਰਸ਼ਨ

ਫੀਨਿਕਸ (ਅਮਰੀਕਾ), (ਸੱਚ ਕਹੂੰ ਨਿਊਜ)। ਭਾਰਤ ਦੇ ਦਿੱਲੀ ਸ਼ਹਿਰ ਦੀ ਸਰਹੱਦ ਉਪਰ ਕਿਸਾਨਾਂ ਦੇ ਸ਼ਾਤਮਈ ਅੰਦੋਲਨ ਦੀ ਹਮਾਇਤ ਵਿੱਚ ਅਰੀਜ਼ੋਨਾ ਰਾਜ ਦੇ ਫੀਨਿਕਸ ਸ਼ਹਿਰ ਦੇ ਨਜ਼ਦੀਕ ਸਰਪ੍ਰਾਈਜ਼ ਸ਼ਹਿਰ ਵਿਖੇ ਅਮਰੀਕਾ ਵਿਚ ਵਸੇ ਭਾਰਤੀਆਂ ਨੇ ਜਲਸਾ ਕੀਤਾ। ਜਲਸੇ ਵਿੱਚ ਭਾਰਤ ਸਰਕਾਰ ਦੇ ਕਿਸਾਨਾਂ ਦੀਆਂ ਤਿੰਨ ਕਾਨੂੰਨ ਰੱਦ ਕਰਨ ਦੇ ਅੜੀਅਲ ਵਿਵਹਾਰ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ। ਇਸ ਸਮਾਗਮ ਨੂੰ ਆਯੋਜਤ ਕਰਨ ਵਾਲੇ ਕੈਪਟਨ ਕੌਰ ਸਿੰਘ ਅਤੇ ਅਮਨਦੀਪ ਕੌਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਿਸਾਨ ਭਾਰਤੀਆਂ ਦਾ ਅੰਨਦਾਤਾ ਹੈ। ਕਿਸਾਨ ਗਰਮੀ ਅਤੇ ਸਰਦੀ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਸਖਤ ਮਿਹਨਤ ਨਾਲ ਅਨਾਜ ਪੈਦਾ ਕਰਦਾ ਹੈ।

ਭਾਰਤ ਸਰਕਾਰ ਨੇ ਖੇਤੀ ਨਾਲ ਸੰਬੰਧਤ ਜੋ ਤਿੰਨ ਕਾਨੂੰਨ ਬਣਾਏ ਹਨ ਉਨ੍ਹਾਂ ਦਾ ਕਿਸਾਨਾ ਨੂੰ ਕੋਈ ਲਾਭ ਨਹੀਂ ਸਗੋਂ ਨਵੇਂ ਕਾਨੂੰਨ ਕਿਸਾਨਾ ਦੀ ਆਰਥਿਕਤਾ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਅੱਗੋਂ ਕਿਹਾ ਕਿ ਇਹ ਕਾਨੂੰਨ ਕਾਰਪੋਰੇਟ ਅਦਾਰਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਗਏ ਹਨ। ਭਾਰਤ ਸਰਕਾਰ ਗਲਤ ਪ੍ਰਚਾਰ ਕਰ ਰਹੀ ਹੈ ਕਿ ਇਹ ਕਿਸਾਨਾ ਦੀ ਆਮਦਨ ਵਧਾਉਣਗੇ। ਜਦੋਂ ਕਿਸਾਨ ਇਹ ਕਾਨੂੰਨ ਚਾਹੁੰਦੇ ਹੀ ਨਹੀਂ ਫਿਰ ਧੱਕੇ ਨਾਲ ਉਨ੍ਹਾਂ ਉਪਰ ਕਿਉਂ ਠੋਸੇ ਜਾ ਰਹੇ ਹਨ। ਉਨ੍ਹਾਂ ਅੱਗੋਂ ਕਿਹਾ ਕਿ ਕਿਸਾਨ ਟਰੇਡ ਨਹੀਂ ਕਰਦਾ।

ਉਹ ਤਾਂ ਸਿਰਫ ਆਪਣੀ ਫਸਲ ਦੀ ਮਾਰਕੀਟਿੰਗ ਕਰਦਾ ਹੈ। ਜੇਕਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਪੰਜਾਬ ਵਿੱਚ ਬੇਰੁਜ਼ਗਾਰੀ ਵਧ ਜਾਵੇਗੀ ਕਿਉਂਕਿ ਕਿਸਾਨੀ ਨਾਲ ਬਹੁਤ ਸਾਰੇ ਲੋਕਾਂ ਦਾ ਭਵਿਖ ਜੁੜਿਆ ਹੋਇਆ ਹੈ। ਕਿਸਾਨਾਂ ਲਈ ਜਿਜ਼ੰਦ ਮੌਤ ਦਾ ਸਵਾਲ ਹੈ ਇਸ ਕਰਕੇ ਉਹ ਕੋਰੋਨਾ ਦੀ ਮਹਾਂਮਾਰੀ ਵਿੱਚ ਵੀ ਸੜਕਾਂ ‘ਤੇ ਬੈਠਾ ਹੈ। ਇਸ ਮੌਕੇ ਹਰਦੀਪ ਸਿੰਘ ਸੋਢੀ, ਇੰਦਰਪ੍ਰੀਤ ਕੌਰ, ਡਾ ਸਚਦੇਵਾ, ਸ਼ਮਿੰਦਰ ਸਿੰਘ,  ਸੁਖਰਾਜ ਸਿੰਘ ਤੂਰ, ਜਸਲੀਨ ਕੌਰ, ਜੱਸਾ ਸਿੰਘ, ਮਨਮੋਹਨ ਗਿੱਲ, ਸਤਪਾਲ ਅਨੰਦ  ਅਤੇ ਮਾਂਗਟ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਰਤ ਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕਾਨੂੰਨ ਰੱਦ ਨਾ ਕੀਤੇ ਤਾਂ ਭਾਰਤ ਸਰਕਾਰ ਨੂੰ ਇਸਦੇ ਨਤੀਜੇ ਭੁਗਤਣੇ ਪੈਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.