Sauce | ਚਟਨੀ ਵੀ ਖਾਣੀ ਹੋਗੀ ਔਖੀ
ਕੀ ਫ਼ਖਰ ਹਾਕਮਾਂ ਦਾ, ਇੱਕੋ ਥੈਲੀ ਦੇ ਚੱਟੇ-ਵੱਟੇ,
ਛੇਤੀ ਹਰੇ ਨਹੀਂ ਹੋਣਾ, ਜਿਹੜੇ ਗਏ ਇਨ੍ਹਾਂ ਦੇ ਚੱਟੇ
ਲੋਕ ਤੌਬਾ ਕਰਦੇ ਨੇ, ਮਹਿੰਗਾਈ ਕਰਕੇ ਰੱਖਤੀ ਚੌਖੀ,
ਤੇਰੇ ਰਾਜ ‘ਚ ਪੀਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ
ਆਲੂ-ਗੰਢੇ, ਟਮਾਟਰ ਜੀ, ਪੰਜਾਹ ਦੇ ਉੱਪਰ ਚੱਲੇ,
ਲੱਕ ਟੁੱਟਗੇ ਜਨਤਾ ਦੇ, ਰਿਹਾ ਖੋਟਾ ਪੈਸਾ ਨਾ ਪੱਲੇ
ਭਿੰਡੀ-ਤੋਰੀ, ਅਰਬੀ ਜੀ, ਸੱਠ ਰੁਪਈਏ ਕੱਦੂ-ਲੌਕੀ,
ਤੇਰੇ ਰਾਜ ‘ਚ ਪੀਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ
ਨੋਟਬੰਦੀ ਮਾਰ ਗਈ, ਕਾਲਾ ਧਨ ਨਸ਼ਰ ਨਾ ਹੋਇਆ,
ਹੱਸਦੇ ਵੱਸਦੇ ਲੋਕਾਂ ਦਾ, ਅੰਦਰੋਂ ਚੈਨ ਗਿਆ ਸੀ ਖੋਇਆ
ਨਵੇਂ ਸਿਆਪੇ ਆ ਖੜ੍ਹਦੇ, ਪਲ-ਪਲ ਜ਼ਿੰਦਗੀ ਕੱਟਣੀ ਔਖੀ,
ਤੇਰੇ ਰਾਜ ‘ਚ ਪੀਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ
ਬਲਤਕਾਰ, ਤੇਜ਼ਾਬਾਂ ਨੇ, ਚਿੱਟੇ ਦਿਨ ਧੀਆਂ ਨੂੰ ਖਾ ਲਿਆ,
ਕਰਜ਼ੇ ਝੰਬੇ ਅੰਨਦਾਤੇ, ਆਖਰ ਫਾਹਾ ਗਲ ਵਿੱਚ ਪਾ ਲਿਆ
ਸਲਾਹਕਾਰ ਤੇਰੇ ਹੁਕਮਾਂ ‘ਤੇ, ਜਾਂਦੇ ਨਵੇਂ ਕਾਨੂੰਨ ਹੀ ਠੋਕੀ
ਤੇਰੇ ਰਾਜ ‘ਚ ਪੀਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ
ਬਿੱਲ ਲਾਗੂ ਕਰਨੇ ਸੀ, ਕੋਰੋਨਾ ਸਿਰ ਚੜ੍ਹ-ਚੜ੍ਹ ਕੇ ਬੋਲੇ,
ਸਿੱਖਿਆ ਕੇਂਦਰ ਬੰਦ ਹੋਏ, ਨੰਨ੍ਹੇ ਪਏ ਮੋਬਾਈਲੀਂ ਰੋਲੇ
ਜੱਟ ਸੂਲੀ ਚਾੜ੍ਹ ਦਿੱਤਾ, ਜਵਾਨੀ ਪਈ ਭੱਠੀ ਵਿੱਚ ਝੋਕੀ,
ਤੇਰੇ ਰਾਜ ‘ਚ ਪੀਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ
ਠੇਕੇ ਖੁੱਲ੍ਹੇ ਸ਼ਰਾਬਾਂ ਦੇ, ਸੈਨੇਟਾਈਜ਼ਰ ਨਾ ਮਾਸਕ ਚੱਲੇ,
ਕਿਰਤੀ ਅਰਸ਼ ‘ਤੇ ਬੈਠਾ ਸੀ, ਮੂਧੇ ਮੂੰਹ ਡਿੱਗ ਪਿਆ ਥੱਲੇ
ਰਾਹ ਰੁਕੇ ਤਰੱਕੀਆਂ ਦੇ, ਬੈਠੇ ਕੁਰਸੀਆਂ ਨੂੰ ਤੁਸੀਂ ਰੋਕੀ,
ਤੇਰੇ ਰਾਜ ‘ਚ ਪੀਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ
ਅੱਜ ਨਾਨਕ ਦੇ ਪੁੱਤਰਾਂ ਨੇ, ਆ ਕੇ ਦਿੱਲੀ ਤੇਰੀ ਘੇਰੀ,
ਲਾਠੀਚਾਰਜ ਸਹਿੰਦਿਆਂ ਦੀ, ਅੱਖੀਂ ਦੇਖ ਲੈ ਆਪ ਦਲੇਰੀ
ਬਾਤਾਂ ਮਨ ਦੀਆਂ ਤੇਰੀਆਂ ਨੂੰ, ਨਹੀਂਓਂ ਗੈਰ ਛੁਡਾਉਣੀ ਸੌਖੀ,
ਤੇਰੇ ਰਾਜ ‘ਚ ਪੀਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ
ਸਾਧੂ ਤੇ ਭੋਲੇ ਨੇ ਥੋਨੂੰ ਦਿਲ ਦੀ ਗੱਲ ਸੁਣਾਈ,
ਮੰਨ ਲੈ ਅੰਨਦਾਤੇ ਦੀ, ਮਗਰੋਂ ਜਾਵੀਂ ਨਾ ਪਛਤਾਈ
ਲੰਗੇਆਣਾ ਹਰ ਗੱਲ ‘ਤੇ, ਨਹੀਂਓਂ ਕਰਦਾ ਟੋਕਾ ਟੋਕੀ,
ਤੇਰੇ ਰਾਜ ‘ਚ ਪੀਐਮ ਜੀ, ਚਟਨੀ ਵੀ ਖਾਣੀ ਹੋਗੀ ਔਖੀ
ਡਾ. ਸਾਧੂ ਰਾਮ ਲੰਗੇਆਣਾ,
ਲੰਗੇਆਣਾ ਕਲਾਂ, ਮੋਗਾ, ਮੋ. 98781-17285
ਕੜ੍ਹ ਗਈ ਸੋਚ ਕਿਸਾਨੀ
ਆਪ-ਮੁਹਾਰੇ ਵਗ ਤੁਰਿਆ ਹੈ, ਪਾਣੀ ਦੇ ਵੱਲ ਪਾਣੀ,
ਡੂੰਘੀਆਂ ਰਮਜ਼ਾਂ ਇਸ ਗੱਲ ਦੇ ਵਿੱਚ, ਸਮਝ ਜਰਾ ਤੂੰ ਹਾਣੀ।
ਸੁੱਟ ਅੰਗਾਰੀ ਪਾਸੇ ਹੋ ਗਿਆ, ਦੇਖਣ ਲਈ ਤਮਾਸ਼ਾ,
ਪਰ ਰਾਜੇ ਦੇ ਨਾਲ ਆ ਖੜ੍ਹੀ, ਤੱਕ ਖੇਤਾਂ ਦੀ ਰਾਣੀ।
ਸਮਝ ਗਏ ਸਾਰੇ ਕੱਖ-ਕਾਨੇ, ਏਕੇ ਦੀ ਬਰਕਤ ਨੂੰ,
ਨਾਲੇ ਸਮਝੀ ਬੈਠੇ ਸਾਰੇ, ਤੇਰੀ ਝੂਠ ਕਹਾਣੀ।
ਤੂੰ ਅੱਗਾਂ ਦਾ ਆਸ਼ਕ ਬਣਿਆ, ਵੇਚੇਂ ਦੀਆ ਸਲਾਈਆਂ,
ਤੈਨੂੰ ਟੱਕਰਨ ਖਾਤਰ, ਉਹਨਾਂ, ਯਾਰ ਬਣਾਇਆ ਪਾਣੀ।
‘ਛੂਈ-ਮੂਈ’ ਬਣਕੇ ਰੁੱਝਿਆ ਰਹਿੰਦਾ ਸੀ, ਜੋ ਖੇਤੀਂ,
ਦਿੱਲੀ ਦੀ ਸਰਹੱਦ ‘ਤੇ ਟਹਿਕਿਆ, ਬਣਕੇ ‘ਰਾਤ ਦੀ ਰਾਣੀ’।
ਵਿੰਗ ਵਲੇਵੇਂ ਪਾ-ਪਾ ਥੱਕ ਗਏ, ਤੇਰੇ ਭੇਜੇ ਸ਼ਿਕਰੇ,
ਪਰ ਤੂੰ ਜਿਹੜੀ ਬੁਲਬੁਲ ਲੋਚੇਂ, ਹੱਥ ਤੇਰੇ ਨਾ ਆਣੀ।
ਕਿਉਂ ਨਾ ਸਮਝੇਂ ਜਿੱਦ ‘ਤੇ ਅੜਿਆ, ਵਾਂਗ ਨਿਆਣੇ ਕਾਹਤੋਂ?
ਮੂੜ-ਮੱਤ ਨਾ ਜੱਟ ਰਹੇ ਹੁਣ, ਕੜ੍ਹ ਗਈ ‘ਸੋਚ ਕਿਸਾਣੀ’।
ਸ਼ਰਨਜੀਤ ਕੌਰ ਜੋਗਾ, ਮੋ. 94633-72298
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.