ਨਕਲੀ ਸ਼ਰਾਬ ਫੈਕਟਰੀ ਵਿਰੁੱਧ ਧਰਨੇ ਦੇਣ ਕਾਂਗਰਸੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਮੋਦੀ ਦੇ ਇਸ਼ਾਰਿਆਂ ‘ਤੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਦੋਸ਼ ਲਾਇਆ ਹੈ। ਕਿਸਾਨ ਜਥੇਬੰਦੀਆਂ ਵੱਲ 14 ਦਸੰਬਰ ਨੂੰ ਜ਼ਿਲ੍ਹਾ ਹੈਡ ਕੁਆਟਰ ਤੇ ਰੋਸ ਮੁਜਾਹਰੇ ਕਰਨ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਨੇ ਬਿਨ੍ਹਾਂ ਸ਼ਰਤ ਸਮਰਥਨ ਅਤੇ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਕਾਂਗਰਸ ਨੇ ਇਸ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ 14 ਦਸੰਬਰ ਨੂੰ ਹੀ ਬਰਾਬਰ ਸ਼ੰਭੂ ਬਾਰਡਰ ‘ਤੇ ਧਰਨਾ ਦੇਣ ਦਾ ਐਲਾਨ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਕਾਂਗਰਸੀ ਕਦੇ ਜੰਤਰ ਮੰਤਰ ਤੇ ਇੱਕ ਦੋ ਬੰਦੇ ਬੈਠ ਪੱਗਾਂ ਬੰਨ ਸੋਣ ਦਾ ਡਰਾਮਾ ਕਰਦੇ ਹਨ, ਕਦੇ ਚੰਡੀਗੜ੍ਹ ਬੀ.ਜੇ.ਪੀ. ਦਫਤਰ ਘੇਰਨ ਲਈ 24 ਐਮ.ਐਲ.ਏ. ਨਾਅਰੇਬਾਜੀ ਕਰਦੇ ਹਨ। ਇਹ ਸਭ ਸਟੰਟ ਸਿਰਫ ਤੇ ਸਿਰਫ ਕਿਸਾਨੀ ਸੰਘਰਸ਼ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਹੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਭੂ ਧਰਨਾ ਜਿਨ੍ਹਾਂ ਐਮ.ਐਲ.ਏਜ਼ ਦੀ ਅਗਵਾਈ ਵਿੱਚ ਦਿੱਤਾ ਜਾ ਰਿਹਾ ਹੈ, ਰਾਜਪੁਰਾ ਅਤੇ ਘਨੌਰ ਤੋਂ ਉਨ੍ਹਾਂ ਦੇ ਸਾਥੀਆਂ ਦੀ ਨਕਲੀ ਸ਼ਰਾਬ ਫੈਕਟਰੀ ਵਿੱਚ ਸ਼ਮੂਲੀਅਤ ਸਭ ਦੇ ਸਾਹਮਣੇ ਹੈ, ਪੈਸੇ ਦੇ ਲਾਲਚ ਹੇਠ ਵੇਚੀ ਨਕਲੀ ਸ਼ਰਾਬ ਨਾਲ ਪਹਿਲਾਂ ਹੀ 130 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਹਜ਼ਾਰਾਂ ਲੋਕਾਂ ਦੇ ਕਿਡਨੀ ਅਤੇ ਅੱਖਾਂ ‘ਤੇ ਅਸਰ ਪੈ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਹਾਲੇ ਤੱਕ ਕਿਸੇ ਵੀ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਸਾਫ ਹੈ ਕਿ ਇਸ ਸਾਰੇ ਕਾਰੋਬਾਰ ਨੂੰ ਸਰਕਾਰ ਦੀ ਸਰਪਰਤੀ ਹੈ। ਅੱਜ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਵੀ ਨਜਾਇਜ ਮਾਈਨਿੰਗ ਅਤੇ ਸ਼ਰਾਬ ਦੇ ਗਲਤ ਕਾਰੋਬਾਰ ਦਾ ਜਰੀਆ ਬਣ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਹਰ ਪਾਸੋ ਫੇਲ ਮੁੱਖ ਮੰਤਰੀ ਸਾਬਿਤ ਹੈ ਕਿਉਂ ਕਿ ਘਰ ਘਰ ਨੌਕਰੀ, ਕਿਸਾਨਾਂ ਦਾ ਕਰਜਾ ਮੁਆਫੀ, ਬੁਢਾਪਾ ਵਿਧਵਾ ਪੈਨਸ਼ਨ, ਨਸ਼ੇ ਦਾ ਖਾਤਮਾ ਅਤੇ ਪੰਜਾਬੀਆਂ ਸਿਰ ਤਿੰਨ ਲੱਖ ਕਰੋੜ ਦਾ ਕਰਜਾ ਇਸ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਨਸ਼ਿਆਂ ਤੇ ਵਪਾਰੀਆਂ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ, ਦੋਸ਼ੀਆਂ ਨੂੰ ਕਾਨੂੰਨ ਦੇ ਡੰਡੇ ਰਾਹੀਂ ਜੇਲ੍ਹਾਂ ਅੰਦਰ ਸੁੱਟ ਦਿੱਤਾ ਜਾਵੇਗਾ। ਕਿਸਾਨੀ ਸੰਘਰਸ਼ ਦੀ ਜਿੱਤ ਲਈ ਆਮ ਆਦਮੀ ਪਾਰਟੀ ਹਰ ਪੱਧਰ ‘ਤੇ ਬਿਨ੍ਹਾਂ ਸ਼ਰਤ ਕਿਸਾਨਾਂ ਨਾਲ ਚਟਾਨ ਵਾਂਗ ਖੜੀ ਰਹੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.