ਔਰਤਾਂ ਵੱਲੋਂ ਖੇਤਾਂ ਵਿੱਚ ਪਾਈ ਜਾ ਰਹੀ ਐ ਖਾਦ, ਮੋੜੇ ਜਾ ਰਹੇ ਨੇ ਨੱਕੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਕਿਸਾਨ ਦਿੱਲੀ ‘ਚ ਆਪਣੇ ਖੇਤਾਂ ਦੇ ਵਜ਼ੂਦ ਦੀ ਲੜਾਈ ਲੜ ਰਹੇ ਹਨ। ਪਿੱਛੋਂ ਔਰਤਾਂ ਵੱਲੋਂ ਆਪਣੇ ਖੇਤਾਂ ਨੂੰ ਸੰਭਾਲਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਔਰਤਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੇਤਾਂ ਦੀ ਜੰਗ ਜਿੱਤ ਦੇ ਆਉਣ ਦੀ ਹੀ ਹੱਲਾਸ਼ੇਰੀ ਦੇ ਰਹੀਆਂ ਹਨ ਅਤੇ ਉਨ੍ਹਾਂ ਨੂੰ ਖੇਤਾਂ ਅਤੇ ਘਰ-ਬਾਰ ਦੇ ਕੰਮਾਂ ਦੀ ਫਿਕਰ ਨਾ ਕਰਨ ਦੀ ਗੱਲ ਆਖੀ ਜਾ ਰਹੀ ਹੈ। ਅੱਜ ਜਦੋਂ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਕਿਸਾਨ ਔਰਤਾਂ ਵੱਲੋਂ ਆਪਣੇ ਖੇਤਾਂ ਵਿੱਚ ਮੋਰਚੇ ਸੰਭਾਲੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਜਿੱਥੇ ਖੇਤਾਂ ਵਿੱਚ ਖੁਦ ਹੀ ਯੂਰੀਆ ਖਾਦ ਪਾਈ ਜਾ ਰਹੀ ਸੀ, ਉੱਥੇ ਹੀ ਖੇਤਾਂ ਦੇ ਨੱਕੇ ਵੀ ਮੋੜੇ ਜਾ ਰਹੇ ਸਨ। ਪਟਿਆਲਾ ਦੇ ਪਿੰਡ ਦੌਣ ਕਲਾਂ, ਧਰੇੜੀ ਜੱਟਾਂ, ਚੂਹੜਪੁਰ ਆਦਿ ਦੀਆਂ ਜੁਝਾਰੂ ਔਰਤਾਂ ਕਿਸਾਨੀ ਸੰਘਰਸ਼ ਦੀ ਨਵੀਂ ਇਬਾਰਤ ਲਿਖ ਰਹੀਆਂ ਹਨ।
ਇਸ ਮੌਕੇ ਪੱਠੇ ਵੰਢ ਰਹੀ 96 ਸਾਲਾ ਦੀ ਬਜ਼ੁਰਗ ਮਾਤਾ ਨਸੀਬ ਕੌਰ ਨੇ ਦੱਸਿਆ ਕਿ ਉਸ ਦੇ ਦੋ ਮੁੰਡੇ ਅਤੇ ਪੋਤੇ ਦਿੱਲੀ ਮੋਰਚੇ ਵਿੱਚ ਗਏ ਹੋਏ ਹਨ ਅਤੇ ਉਹ ਉਸੇ ਦਿਨ ਤੋਂ ਹੀ ਖੁਦ ਡੰਗਰਾਂ ਲਈ ਹਰਾ-ਚਾਰਾ ਵੱਢ ਰਹੀ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਕੋਲ 16 ਏਕੜ ਜ਼ਮੀਨ ਹੈ, ਪਰ ਮੋਦੀ ਸਰਕਾਰ ਕਾਲੇ ਕਾਨੂੰਨਾਂ ਰਾਹੀਂ ਉਨ੍ਹਾਂ ਨੂੰ ਭਿਖਾਰੀ ਬਣਾਉਣ ਤੇ ਤੁਲੀ ਹੋਈ ਹੈ। ਇਸ ਮੌਕੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਬਜ਼ੁਰਗ ਔਰਤ ਰੋਜਾਨਾਂ ਹੀ ਖੇਤਾਂ ਦੇ ਕੰਮ ਵੀ ਕਰ ਰਹੀ ਹੈ।
ਇਸ ਤੋਂ ਇਲਾਵਾ ਕਈ ਔਰਤਾਂ ਆਪਣੇ ਕਣਕ ਦੇ ਖੇਤਾਂ ਵਿੱਚ ਯੂਰੀਆਂ ਖਾਦ ਪਾ ਰਹੀਆਂ ਸਨ। ਯੂਰੀਆ ਖਾਦ ਪਾ ਰਹੀ ਹਰਜੀਤ ਕੌਰ ਵਾਸੀ ਦੌਣ ਕਲਾਂ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਬੇਟਾ ਦਿੱਲੀ ਸੰਘਰਸ ਵਿੱਚ ਕੁੱਦਿਆ ਹੋਇਆ ਹੈ ਅਤੇ ਪਿੱਛੋਂ ਉਨ੍ਹਾਂ ਵੱਲੋਂ ਆਪਣੇ ਖੇਤਾਂ ਅਤੇ ਘਰ ਦੇ ਸਾਰੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਕਈ ਔਰਤਾਂ ਇਕੱਠੀਆਂ ਹੋਕੇ ਆਪਣੀਆਂ ਵਾਰੀਆਂ ਮੁਤਾਬਿਕ ਯੂਰੀਆਂ ਖਾਦ, ਪਾਣੀ ਲਾਉਣ ਆਦਿ ਦੇ ਕੰਮ ਸੰਭਾਲ ਰਹੀਆਂ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਮੈਂਬਰਾਂ ਨੂੰ ਇਹ ਆਖ ਦਿਤਾ ਹੈ ਕਿ ਉਹ ਦਿੱਲੀ ਦੀ ਜੰਗ ਜਿੱਤ ਕੇ ਹੀ ਘਰ ਪਰਤਣ। ਉਨ੍ਹਾਂ ਨੂੰ ਕਹਿ ਦਿੱਤਾ ਹੈ ਕਿ ਪਿੱਛੋਂ ਕੰਮਾਂ ਕਾਰਾਂ ਦੀ ਫਿਕਰ ਨਾ ਕਰਨ।
ਖੇਤਾਂ ਤੋਂ ਲੈ ਕੇ ਘਰ ਤੱਕ ਦੇ ਸਾਰੇ ਕੰਮ ਔਰਤਾਂ ਵੱਲੋਂ ਆਪਣੀ ਜਿੰਮੇਵਾਰੀ ਸਮਝਦਿਆ ਕੀਤੇ ਜਾ ਰਹੇ ਹਨ। ਹਰਜੀਤ ਕੌਰ ਨੇ ਦੱਸਿਆ ਕਿ ਉਹ ਖੁਦ ਟਰੈਕਟਰ ਵੀ ਚਲਾਉਦੀ ਹੈ ਅਤੇ ਰੋਜਾਨਾ ਧਰੇੜੀ ਜੱਟਾਂ ਦੇ ਟੋਲ ਪਲਾਜਾਂ ਤੇ ਲੱਗੇ ਧਰਨੇ ਵਿੱਚ ਟਰੈਕਟਰ ਟਰਾਲੀ ਰਾਹੀਂ ਔਰਤਾਂ ਨੂੰ ਧਰਨੇ ਵਿੱਚ ਵੀ ਲੈ ਕੇ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਨੇੜਲੇ ਪਿੰਡਾਂ ਦੀ ਘੱਟ ਔਰਤਾਂ ਧਰਨੇ ਵਿੱਚ ਆਉਦੀਆਂ ਸਨ, ਪਰ ਜਦੋਂ ਦਿੱਲੀ ਮੋਰਚਾ ਲੱਗਾ ਹੈ ਉਸ ਦਿਨ ਤੋਂ ਨੇੜਲੇ ਪਿੰਡਾਂ ਦੀਆਂ 200 ਤੋਂ ਵੱਧ ਔਰਤਾਂ ਆ ਰਹੀਆਂ ਹਨ। ਪੀਐਚਡੀ ਹੋਲਡਰ ਅਧਿਆਪਕਾਂ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਖੁਦ ਖੇਤਾਂ ਨੂੰ ਪਾਣੀ ਲਾਉਦੀ ਹੈ ਅਤੇ ਨੱਕੇ ਮੋੜਦੀ ਹੈ। ਇਸ ਤੋਂ ਇਲਾਵਾ ਉਹ ਆਨਲਾਈਨ ਕਲਾਸਾਂ ਵੀ ਲਗਾ ਰਹੀ ਹੈ।
ਉਸ ਦਾ ਕਹਿਣਾ ਹੈ ਕਿ ਉਸਦੇ ਪਰਿਵਾਰਕ ਮੈਂਬਰ ਦਿੱਲੀ ਗਏ ਹੋਏ ਹਨ ਅਤੇ ਉਨ੍ਹਾਂ ਕੋਲ 10 ਏਕੜ ਜ਼ਮੀਨ ਹੈ। ਅਮਨਦੀਪ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬੀਆਂ ਦੀ ਅਣਖ ਨੂੰ ਵੰਗਾਰਿਆ ਹੈ ਅਤੇ ਖੇਤ-ਖਲਿਆਣ ਉਨ੍ਹਾਂ ਦੀ ਇੱਜ਼ਤ ਹਨ। ਇਸ ਦੇ ਨਾਲ ਹੀ ਪਿੰਡ ਚੂਹੜਪੁਰ ਅਤੇ ਧਰੇੜੀ ਜੱਟਾਂ ਅੰਦਰ ਵੀ ਔਰਤਾਂ ਵੱਲੋਂ ਮਰਦਾਂ ਦੇ ਸਾਰੇ ਕੰਮ ਕੀਤੇ ਜਾ ਰਹੇ ਹਨ। ਪਿੰਡਾਂ ਦੀਆਂ ਕਿਸਾਨ ਔਰਤਾਂ ਦੇ ਜ਼ਜਬਾ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਡਟੇ ਕਿਸਾਨਾਂ ਵਿੱਚ ਨਵੀਂ ਊਰਜਾ ਪੈਦਾ ਕਰ ਰਹੇ ਹਨ। ਆਪਣੇ ਖੇਤਾਂ ਵਿੱਚ ਝਾਂਸੀ ਦੀਆਂ ਰਾਣੀਆਂ ਬਣ ਕੇ ਡਟੀਆਂ ਇਹ ਔਰਤਾਂ ਕਿਸਾਨੀ ਜਿੱਤ ਵੱਲ ਇਸ਼ਾਰਾ ਕਰ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.