ਵਿਰੋਧੀ ਧਿਰ ਵੱਲੋਂ ਕਾਂਗਰਸੀ ਵਿਧਾਇਕਾਂ ਦੀ ਸਰਪ੍ਰਸਤੀ ਦਾ ਮੜ੍ਹਿਆ ਦੋਸ਼
ਪਟਿਆਲਾ/ਰਾਜਪੁਰਾ, (ਖੁਸ਼ਵੀਰ ਸਿੰਘ ਤੂਰ/ਜਤਿੰਦਰ ਲੱਕੀ)। ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਨਜ਼ਾਇਜ਼ ਸ਼ਰਾਬ ਫੈਕਟਰੀਆਂ ਦਾ ਮਾਮਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਹੁਣ ਇੱਕ ਹੋਰ ਗੈਰ ਕਾਨੂੰਨੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਮੁੜ ਅਮਰਿੰਦਰ ਸਰਕਾਰ ਅਤੇ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਨੂੰ ਘੇਰ ਲਿਆ ਗਿਆ ਹੈ। ਵਿਰੋਧੀ ਧਿਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਜੋਂ ਮੁਲਜ਼ਮ ਫੜੇ ਗਏ ਹਨ, ਉਹ ਰਾਜਪੁਰਾ ਅਤੇ ਘਨੌਰ ਤੋਂ ਕਾਂਗਰਸੀ ਵਿਧਾਇਕ ਦੇ ਨੇੜਲੇ ਹਨ, ਜਿਸ ਕਾਰਨ ਹੀ ਜ਼ਮਾਨਤ ਤੇ ਚੱਲ ਰਹੇ ਉਕਤ ਮੁਲਜ਼ਮ ਵੱਲੋਂ ਰਾਜਨੀਤਿਕ ਸਰਪ੍ਰਸਤੀ ਹੇਠ ਮੁੜ ਇਹ ਨਕਲੀ ਸ਼ਰਾਬ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਇੱਥੋਂ ਰੋਜ਼ਾਨਾ ਹੀ ਦਰਜ਼ਨਾਂ ਸ਼ਰਾਬ ਦੀਆਂ ਅਣਅਧਿਕਾਰਤ ਪੇਟੀਆਂ ਦੀ ਸਪਲਾਈ ਕੀਤੀ ਜਾ ਰਹੀ ਸੀ।
ਦੱਸਣਯੋਗ ਹੈ ਕਿ ਲੰਘੀ ਰਾਤ ਆਬਕਾਰੀ ਵਿਭਾਗ ਵੱਲੋਂ ਨਕਲੀ ਦੇਸ਼ੀ ਸ਼ਰਾਬ ਫੈਕਟਰੀ ਦਾ ਪਰਦਾਫਾਸ ਕੀਤਾ ਗਿਆ ਸੀ, ਜਿੱਥੋਂ ਕਿ ਵੱਡੀ ਮਾਤਰਾਂ ਵਿੱਚ ਖਾਲੀ ਬੋਤਲਾਂ, 20 ਹਜਾਰ ਲੀਟਰ ਕੱਚਾ ਲਾਹਣ ਤਿਆਰ ਕਰਨ ਵਾਲੀ ਮਸ਼ੀਨ ਸਮੇਤ ਹੋਰ ਸਮਾਨ ਬ੍ਰਾਮਦ ਕੀਤਾ ਗਿਆ ਸੀ। ਪੁਲਿਸ ਦੇ ਹੱਥੇ ਜੋਂ ਮੁਲਜ਼ਮ ਦਿਪੇਸ਼ ਗਰੋਵਰ ਹੱਥੇ ਚੜਿਆ ਹੈ, ਉਹ ਪਹਿਲਾ ਵੀ ਸੰਭੂ ਨੇੜੇ ਫੜੀ ਗਈ ਨਕਲੀ ਸ਼ਰਾਬ ਫੈਕਟਰੀ ਦੇ ਮਾਮਲੇ ਵਿੱਚ ਮੁਲਜ਼ਮ ਸੀ। ਕੁਝ ਸਮਾਂ ਪਹਿਲਾ ਹੀ ਇਹ ਜ਼ਮਾਨਤ ਤੇ ਬਾਹਰ ਆਇਆ ਸੀ।
ਆਮ ਆਦਮੀ ਪਾਰਟੀ ਵੱਲੋਂ ਅੱਜ ਰਾਜਪੁਰਾ ਵਿਖੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦਿਆ ਉਕਤ ਮੁਲਜ਼ਮ ਨੂੰ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਅਤੇ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਨੇੜਲਾ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਸੀ ਸਹਿ ਕਾਰਨ ਉਕਤ ਮੁਲਜ਼ਮ ਦੁਬਾਰਾ ਨਕਲੀ ਸ਼ਰਾਬ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਗਿਆ, ਕਿਉਂਕਿ ਇਸ ਵਿੱਚੋਂ ਮੋਟੀ ਕਮਾਈ ਹੈ। ਸੂਤਰਾ ਦਾ ਕਹਿਣਾ ਹੈ ਕਿ ਜ਼ਮਾਨਤ ਤੋਂ ਬਾਅਦ ਉਕਤ ਮੁਲਜ਼ਮ ਵੱਲੋਂ ਇੱਥੇ ਕਾਰੋਬਾਰ ਸ਼ੁਰੂ ਕਰ ਲਿਆ। ਇੱਥੋਂ ਰੋਜਾਨਾਂ ਦਰਜ਼ਨਾਂ ਸ਼ਰਾਬ ਦੀਆਂ ਪੇਟੀਆਂ ਸਪਲਾਈ ਹੁੰਦੀਆਂ ਸਨ, ਜਿਸ ਤੋਂ ਹੋਣ ਵਾਲੀ ਆਮਦਨ ਦਾ ਚੜਾਵਾ ਰਾਜ਼ਸੀ ਆਗੂਆਂ ਤੇ ਪੁਲਿਸ ਵਾਲਿਆ ਕੋਲ ਵੀ ਪੁੱਜਦਾ ਸੀ।
ਇਸੇ ਕਾਰਨ ਹੀ ਸਬੰਧਿਤ ਪੁਲਿਸ ਦੀਆਂ ਅੱਖਾਂ ਸਾਹਮਣੇ ਰਾਜਪੁਰਾ ਸ਼ਹਿਰ ‘ਚ ਇਹ ਕਾਰੋਬਾਰ ਚੱਲਦਾ ਰਿਹਾ। ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਖਜਾਨਚੀ ਨੀਨਾ ਮਿੱਤਲ ਨੇ ਦੋਸ਼ ਲਾਇਆ ਕਿ ਦੀਪੇਸ਼ ਕੁਮਾਰ ਗਰੋਵਰ ਅਤੇ ਕਾਰਜ ਸਿੰਘ ਦੋਵੇਂ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ, ਘਨੌਰ ਦੇ ਵਿਧਾਇਕ ਮਦਨ ਲਾਲ ਅਤੇ ਐਮਪੀ ਪ੍ਰਨੀਤ ਕੌਰ ਦੇ ਨਜ਼ਦੀਕੀ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਰਾਜਪੁਰਾ, ਮੰਡੀ ਗੋਬਿੰਦਗੜ ਅਤੇ ਪੰਜਾਬ ‘ਚ ਹੋਰ ਥਾਵਾਂ ਉੱਤੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਸਨ ਜਿਨਾਂ ਵਿੱਚ ਵੀ ਇਨਾਂ ਲੋਕਾਂ ਦੀ ਸ਼ਮੂਲੀਅਤ ਸੀ। ਦਿਪੇਸ ਗਰੋਵਰ ਦੇ ਸ਼ਰਾਬ ਤਸਕਰੀ ਦੇ ਮਾਮਲੇ ਵਿਚ ਫੜੇ ਜਾਣ ਤੋਂ ਬਾਅਦ ਵੀ ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਦੇ ਪੁੱਤਰ ਨਿਰਭੈ ਕੰਬੋਜ ਮਿਲਟੀ, ਦੀਪੇਸ਼ ਕੁਮਾਰ ਗਰੋਵਰ ਦੀਆਂ ਕਿਸਾਨਾਂ ਦੇ ਧਰਨੇ ਵਿਚ ਜਾਂਦੇ ਦੀਆਂ ਫੋਟੋ ਸਾਹਮਣੇ ਆਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਾਰ-ਵਾਰ ਰਾਜਪੁਰਾ ਜਾਂ ਘਨੌਰ ਹਲਕੇ ਚੋਂ ਹੀ ਸ਼ਰਾਬ ਫੈਕਟਰੀਆਂ ਕਿਉਂ ਫੜੀਆਂ ਜਾ ਰਹੀਆਂ ਹਨ ਕਿਉਂਕਿ ਇੱਥੋਂ ਰਾਜਸੀ ਸਰਪ੍ਰਸਤੀ ਮਿਲਦੀ ਹੈ।
ਮੁਲਜ਼ਮਾਂ ਦਾ ਮੇਰੇ ਨਾਲ ਕੋਈ ਸਬੰਧ ਨਹੀਂ : ਹਰਦਿਆਲ ਕੰਬੋਜ
ਇਸ ਮਾਮਲੇ ਸਬੰਧੀ ਜਦੋਂ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਕੰਬੋਜ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਮੁਲਜ਼ਮ ਦਿਪੇਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੂੰ ਤਾ ਇਹ ਵੀ ਪਤਾ ਨਹੀਂ ਕਿ ਉਸਦੀ ਜ਼ਮਾਨਤ ਕਦੋਂ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਝੂਠੇ ਦੋਸ਼ ਲਗਾਉਣ ਦਾ ਠੇਕਾ ਲਿਆ ਹੋਇਆ ਹੈ। ਕੰਬੋਜ ਨੇ ਕਿਹਾ ਕਿ ਜੇਕਰ ਮੇਰੇ ਜਾ ਮੇਰੇ ਬੇਟੇ ਨਾਲ ਕੋਈ ਫੋਟੋ ਸਾਹਮਣੇ ਆ ਜਾਵੇ ਤਾ ਮੈਂ ਰਾਜਨੀਤੀ ਤੋਂ ਕਿਨਾਰਾ ਕਰ ਲਵਾਗਾਂ। ਉਨ੍ਹਾਂ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਜੋਂ ਅਜਿਹੇ ਗੈਰ ਕਾਨੂੰਨੀ ਕੰਮ ਕਰਦੇ ਹਨ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਕੰਬੋਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਘਟੀਆ ਰਾਜਨੀਤੀ ਕੀਤੀ ਜਾ ਰਹੀ ਹੈ। ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜਾਣਬੁੱਝ ਕੇ ਘੜੀਸੀਆ ਜਾ ਰਿਹਾ ਹੈ ਅਤੇ ਵਿਰੋਧੀ ਧਿਰ ਵੱਲੋਂ ਸਿਰਫ਼ ਆਪਣੀ ਰਾਜਨੀਤੀ ਚਮਕਾਈ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.