ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਧਰਨੇ ਵਿੱਚ ਹੋਏ ਸ਼ਾਮਲ
ਨਵੀਂ ਦਿੱਲੀ, (ਸੁਖਜੀਤ ਮਾਨ) ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਇਆ ਅੰਦੋਲਨ ਸਿਖਰਾਂ ਨੂੰ ਛੂਹ ਰਿਹਾ ਹੈ, ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਪੁੱਜੇ ਕਿਸਾਨ ਦਿੱਲੀ ਨੂੰ ਆਉਂਦੀਆਂ ਮੁੱਖ ਸੜਕਾਂ ਰੋਕ ਕੇ ਬੈਠੇ ਹਨ ਦੇਸ਼ ਭਰ ਵਿੱਚ ਬੰਦ ਦਾ ਸੱਦਾ ਵੀ ਅੱਜ ਸਫਲ ਰਿਹਾ ਸਿਆਸੀ ਆਗੂ ਵੀ ਆਪੋ ਆਪਣੀ ਥਾਂ ਇਸ ਸੰਘਰਸ਼ ਵਿੱਚ ਡਟੇ ਹੋਏ ਹਨ ਕੇਜਰੀਵਾਲ ਨੇ ਕੱਲ੍ਹ ਕਿਸਾਨ ਸੰਘਰਸ਼ ਵਾਲੇ ਸਥਾਨ ਦਾ ਦੌਰਾ ਕੀਤਾ ਸੀ ਤੇ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਜੰਤਰ ਮੰਤਰ ‘ਤੇ ਧਰਨਾ ਲਗਾਇਆ ਹੋਇਆ ਹੈ ਇਸ ਧਰਨੇ ‘ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਜੀਤ ਸਿੰਘ ਔਜਲਾ ਬੈਠੇ ਹਨ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਅੱਜ ਉਨ੍ਹਾਂ ਨਾਲ ਸ਼ਾਮਲ ਹੋਏ
ਜੰਤਰ ਮੰਤਰ ਉੱਤੇ ਸੱਚ ਕਹੂੰ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਆਖਿਆ ਕਿ ਮੋਦੀ ਦੇ ਕੁਝ ਮੰਤਰੀ ਤਾਂ ਦੱਬੀ ਜ਼ੁਬਾਨ ਵਿੱਚ ਇਹ ਗੱਲ ਮੰਨਣ ਲੱਗੇ ਹਨ ਕਿ ਖੇਤੀ ਕਾਨੂੰਨ ਵਿੱਚ ਬਹੁਤ ਗ਼ਲਤੀਆਂ ਹਨ ਪਰ ਪ੍ਰਧਾਨ ਮੰਤਰੀ ਨਹੀਂ ਮੰਨ ਰਹੇ ਡਿੰਪਾ ਨੇ ਵਿਅੰਗ ਕਸਿਆ ਕਿ ਦੇਸ਼ ਨੂੰ ਮਨ ਦੀ ਬਾਤ ਸੁਣਾਉਣ ਵਾਲੇ ਮੋਦੀ ਆਪ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਸ੍ਰੀ ਡਿੰਪਾ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਇਹ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ ਸਗੋਂ ਲੋਕ ਅੰਦੋਲਨ ਬਣ ਚੁੱਕਾ ਹੈ ਇਸ ਲਈ ਖੇਤੀ ਕਾਨੂੰਨਾਂ ਨੂੰ ਜਲਦ ਵਾਪਸ ਲਿਆ ਜਾਣਾ ਚਾਹੀਦਾ ਹੈ
ਧਰਨੇ ਕਾਰਨ ਕਿਸੇ ਤਰ੍ਹਾਂ ਦੀ ਪੁਲਿਸ ਕਾਰਵਾਈ ਸਬੰਧੀ ਸਵਾਲ ਦੇ ਜਵਾਬ ਵਿੱਚ ਡਿੰਪਾ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ, ਸਰਕਾਰ ਜੋ ਮਰਜ਼ੀ ਕਰ ਲਵੇ ਬਿੱਟੂ ਤੇ ਔਜਲਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਉਹ ਇੱਥੇ ਹੀ ਡਟੇ ਰਹਿਣਗੇ ਇਨ੍ਹਾਂ ਸੰਸਦ ਮੈਂਬਰਾਂ ਦਾ ਤਰਕ ਸੀ ਕਿ ਦੇਸ਼ ਦੀ ਵੱਡੀ ਗਿਣਤੀ ਆਬਾਦੀ ਖੇਤੀ ਕਰਦੀ ਹੈ ਜੋ ਇਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਹੈ ਤਾਂ ਫਿਰ ਇਹ ਕਾਨੂੰਨ ਵਾਪਸ ਲੈਣ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ
ਔਜਲਾ ਨੇ ਆਖਿਆ ਇਹ ਕਿਸਾਨ ਅੰਦੋਲਨ ਹੁਣ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਫੈਲ ਗਿਆ ਹੈ ਇਹੋ ਕਾਰਨ ਹੈ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਸਮੇਤ ਹੋਰ ਭਾਰਤੀ ਅਤੇ ਉਥੋਂ ਦੇ ਮੂਲ ਨਾਗਰਿਕ ਵੀ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਲੱਗੇ ਹਨ ਇਸ ਧਰਨੇ ਨੂੰ ਸਿਆਸਤ ਤੋਂ ਪ੍ਰੇਰਿਤ ਕਹੇ ਜਾਣ ਸੰਬੰਧੀ ਪੁੱਛੇ ਜਾਣ ‘ਤੇ ਵਿਧਾਇਕ ਜ਼ੀਰਾ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਸੰਬੰਧੀ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਕੇਜਰੀਵਾਲ ਉੱਤੇ ਵਰ੍ਹਦਿਆਂ ਜ਼ੀਰਾ ਨੇ ਕਿਹਾ ਕਿ ਦਿੱਲੀ ਵਿੱਚ ਅੱਜ ਆਮ ਦਿਨਾਂ ਵਾਂਗ ਖੁੱਲ੍ਹੇ ਬਾਜ਼ਾਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕੇਜਰੀਵਾਲ ਮੋਦੀ ਦੇ ਇਸ਼ਾਰਿਆਂ ਉੱਤੇ ਚੱਲ ਰਿਹਾ ਹੈ
ਜੰਤਰ ਮੰਤਰ ‘ਤੇ ਹਨ ਸਖ਼ਤ ਸੁਰੱਖਿਆ ਪ੍ਰਬੰਧ
ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਭਾਵੇਂ ਅੰਦੋਲਨ ਦੀ ਸ਼ੁਰੂਆਤ ਮੌਕੇ ਜੰਤਰ ਮੰਤਰ ਉਤੇ ਧਰਨਾ ਲਾਉਣ ਦੀ ਗੱਲ ਕਹੀ ਗਈ ਸੀ ਪਰ ਮਗਰੋਂ ਹੋਏ ਫ਼ੈਸਲੇ ਤਹਿਤ ਦਿੱਲੀ ਨੂੰ ਆਉਂਦੀਆਂ ਮੁੱਖ ਸੜਕਾਂ ਜਾਮ ਕਰ ਦਿੱਤੀਆਂ ਪੁਲਿਸ ਵੱਲੋਂ ਜੰਤਰ ਮੰਤਰ ਦੇ ਨੇੜੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਆਗੂਆਂ ਦੇ ਹੁਕਮਾਂ ਤਹਿਤ ਮੁੱਖ ਸੜਕਾਂ ਹੀ ਰੋਕੀਆਂ ਹੋਈਆਂ ਹਨ ਪਰ ਕੇਂਦਰ ਇਹ ਨਾ ਭੁੱਲੇ ਕਿ ਉਹ ਵੱਡੀਆਂ ਵੱਡੀਆਂ ਪੁਲਿਸ ਰੋਕਾਂ ਤੋੜ ਕੇ ਹੀ ਇੱਥੋਂ ਤੱਕ ਪੁੱਜੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.