5 ਦਸੰਬਰ ਨੂੰ ਮੋਦੀ ਸਰਕਾਰ, ਅੰਬਾਨੀ, ਅੰਡਾਨੀ ਅਤੇ ਹੋਰਨਾ ਘਰਾਣਿਆਂ ਦੇ ਖਿਲਾਫ਼ ਅਰਥੀ ਫੂਕ ਮੁਜ਼ਾਹਰੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਦੇਸ਼ ਭਰ ਦੀਆਂ 472 ਕਿਸਾਨ ਜਥੇਬੰਦੀਆਂ ਤੇ ਆਧਾਰਿਤ ‘ਸੰਯੁਕਤ ਕਿਸਾਨ ਮੋਰਚਾ’ ਦੀ ਅਹਿਮ ਮੀਟਿੰਗ ਦੌਰਾਨ ਕਿਸਾਨਾਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 5 ਦਸੰਬਰ ਨੂੰ ਦੇਸ਼ ਭਰ ‘ਚ ਮੋਦੀ ਸਰਕਾਰ, ਅੰਬਾਨੀ ਅਤੇ ਅਡਾਨੀ ਅਤੇ ਹੋਰ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਅਰਥੀ-ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਸ ਸਬੰਧੀ ਜਚਾਣਕਾਰੀ ਦਿੰਦਿਆਂ ਡਾ. ਦਰਸ਼ਨਪਾਲ ਨੇ ਦੱਸਿਆ ਕਿ ਅੱਜ ਸਿੰਘੂ ਬਾਰਡਰ ‘ਤੇ ਲਾਏ ਕਿਸਾਨ-ਮੋਰਚੇ ‘ਚ ਹੋਈ ਮੀਟਿੰਗ ‘ਚ ਪੰਜਾਬ, ਹਰਿਆਣਾ, ਯੂਪੀ, ਉਤਰਾਖੰਡ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਸਮੇਤ ਦੋ ਦਰਜ਼ਨ ਸੂਬਿਆਂ ਦੇ 51 ਪ੍ਰਮੁੱਖ ਆਗੂਆਂ ਨੇ ਸੰਬੋਧਨ ਕੀਤਾ।
ਇਸ ਮੀਟਿੰਗ ਦੌਰਾਨ ਹੀ ਭਾਰਤ ਬੰਦ ਅਤੇ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਨਿਰਣਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਚ ਚੱਲ ਰਹੇ ਸੰਘਰਸ਼ ਦੀ ਤਰਜ਼ ਤੇ ਬਾਕੀ ਸੂਬਿਆਂ ‘ਚ ਵੀ ਟੋਲ-ਪਲਾਜ਼ਿਆਂ ਦੀ ਉਗਰਾਹੀ ਰੋਕੀ ਜਾਵੇਗੀ। ਇਸੇ ਦੌਰਾਨ ਕਿਸਾਨ-ਅੰਦੋਲਨ ਚ ਬਿਮਾਰ ਹੋਏ ਪ੍ਰਮੁੱਖ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ ਗਈ।
ਮੀਟਿੰਗ ਦੌਰਾਨ ਕਿਸਾਨ-ਜਥੇਬੰਦੀਆਂ ਅਤੇ ਕੇਂਦਰ-ਸਰਕਾਰ ਵਿਚਕਾਰ 5 ਦਸੰਬਰ ਨੂੰ 2 ਵਜੇ ਹੋਣ ਵਾਲੀ ਮੀਟਿੰਗ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਤਿਆਰੀਆਂ ਕੀਤੀਆ ਗਈਆਂ। ਜਥੇਬੰਦੀਆਂ ਦੇ ਸਾਰੇ ਆਗੂਆਂ ਨੇ ਕਿਹਾ ਕਿ ਕੇਂਦਰ-ਸਰਕਾਰ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਨਹੀਂ ਹੋਵੇਗਾ, ਸਗੋਂ 3 ਖੇਤੀ-ਕਾਨੂੰਨ, ਬਿਜ਼ਲੀ ਸੋਧ ਬਿਲ-2020 ਰੱਦ ਕਰਵਾਉਣ, ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਸਮੇਤ ਫਸਲਾਂ ਦੀ ਖ੍ਰੀਦ ਦੀ ਗਰੰਟੀ ਦੇ ਜਾਰੀ ਰੱਖਣ, ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤੈਅ ਕਰਨ ਅਤੇ ਜੇਲ੍ਹਾਂ ‘ਚ ਬੰਦ ਕਿਸਾਨ-ਆਗੂਆਂ ਦੀ ਰਿਹਾਈ ਦੀਆਂ ਮੰਗਾਂ ਮਨਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ‘ਚ ਲਗਾਤਾਰ ਲੋਕ ਪੁੱਜ ਰਹੇ ਹਨ ਅਤੇ ਅੰਦੋਲਨ ਦੇਸ਼ ਅੰਦਰ ਇੱਕ ਕਿਸਾਨ ਕ੍ਰਾਂਤੀ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.