Story | ਕਹਾਣੀ : ਹੰਝੂਆਂ ਦੇ ਦੀਵੇ
ਦੀਵਾਲੀ ਦਾ ਦਿਨ ਸੀ। ਬਾਜ਼ਾਰਾਂ ‘ਚ ਪੂਰੀ ਰੌਣਕ ਸੀ। ਭੀੜ ਨੂੰ ਚੀਰਦੀ ਹੋਈ ਐਂਬੂਲੈਂਸ ਮੌਤ ਦੀ ਬੁੱਕਲ ਵਿੱਚ ਸਮੋਈ ਮਾਂ ਨੂੰ ਲੈ ਕੇ ਘਰੇ ਪਰਤ ਰਹੀ ਸੀ। ਉਹ ਘਰ ਜਿਸਨੂੰ ਉਸਨੇ ਸਾਰੀ ਉਮਰ ਆਪਣਾ-ਆਪ ਖਪਾ ਕੇ ਖੜ੍ਹਾ ਕੀਤਾ। ਅੱਜ ਉਸਦੇ ਅਰਾਮ ਕਰਨ ਦੇ ਦਿਨ ਆਏ ਤਾਂ…। ਮਨ ਦੇ ਵਲਵਲੇ ਸਾਂਭੇ ਨਹੀਂ ਸੀ ਜਾ ਰਹੇ, ਮਨ ਭਰ-ਭਰ ਆ ਰਿਹਾ ਸੀ।
ਅਜੇ ਕੁਝ ਦਿਨ ਪਹਿਲਾਂ ਦੀ ਗੱਲ ਸੀ ਜਦ ਲੁਧਿਆਣੇ ਦੇ ਵੱਡੇ ਹਸਪਤਾਲ ‘ਚ ਪਈ ਮਾਂ ਪੂਰੀ ਸੁਧ-ਬੁੱਧ ‘ਚ ਵਧੀਆ ਗੱਲਾਂ ਕਰ ਰਹੀ ਸੀ। ”ਪੁੱਤ ਮੈਂ ਠੀਕ ਆਂ ਹੁਣ, ਮੈਨੂੰ ਘਰੇ ਲੈ ਚੱਲੋ। ਇੱਕ ਵਾਰੀ ਐਥੋਂ ਲੈ ਜੋ… ਮੈਂ ਚਾਹੁÎਣੀ ਆ ਮੇਰੀ ਜਾਨ ਘਰੇ ਨਿੱਕਲੇ।”
ਮੈਂ ਭਰੇ ਮਨ ਨਾਲ ਉਸਦਾ ਹੱਥ ਘੁੱਟਦਿਆਂ ਹੌਂਸਲਾ ਦਿੰਦਿਆਂ ਕਿਹਾ, ”ਬੀਬੀ ਤੂੰ ਠੀਕ ਐਂ, ਦੋ-ਚਾਰ ਦਿਨਾਂ ਨੂੰ ਛੁੱਟੀ ਮਿਲਜੂ। ਫ਼ਿਰ ਆਪਾਂ ਘਰੇ ਚਲੇ ਜਾਵਾਂਗੇ।”
Story | ਕਹਾਣੀ : ਹੰਝੂਆਂ ਦੇ ਦੀਵੇ
ਮੇਰੀ ਮਾਂ ਦਾ ਨਾਂਅ ਬਿਮਲਾ ਸੀ, ਜੋ ਬਾਣੀਆਂ ਵਾਲਾ ਨਾਂਅ ਸੀ। ਭਾਵੇਂ ਕਿ ਬਾਅਦ ਵਿੱਚ ਉਸਦਾ ਨਾਂਅ ਰਣਜੀਤ ਕੌਰ ਰੱਖ ਦਿੱਤਾ ਪਰ ਉਸਨੂੰ ਸਾਰੇ ਬਿੰਬੋ ਕਹਿ ਕੇ ਹੀ ਬੁਲਾਉਂਦੇ। ਬਿੰਬੋ ਚਾਰ ਭਾਈਆਂ ਦੀ ਇਕੱਲੀ ਭੈਣ ਸੀ। ਚਾਰੇ ਭਾਈ ਚੰਗਾ ਪੜ੍ਹੇ-ਲਿਖੇ ਤੇ ਵੱਡੇ ਸਰਕਾਰੀ ਅਹੁਦਿਆਂ ‘ਤੇ ਅਫ਼ਸਰ। ਬਿੰਬੋ ਆਪ ਕੋਰੀ ਅਨਪੜ੍ਹ ਸੀ ਪਰ ਦਿਮਾਗ ਅਤੇ ਸੋਚ ਪੜ੍ਹਿਆਂ-ਲਿਖਿਆਂ ਤੋਂ ਕਿਤੇ ਵੱਧ ਸੀ। ਉਹ ਬੜੇ ਮਾਣ ਨਾਲ ਕਹਿੰਦੀ, ”ਕੀ ਹੋਇਆ ਮੈਂ ਪੜ੍ਹੀ ਨਹੀਂ ਪਰ ਪੜ੍ਹਿਆਂ-ਲਿਖਿਆਂ ਭਾਈਆਂ ਦੀ ਭੈਣ ਆ।”
ਉਸਦੇ ਚੰਗੇ ਸੁਭਾਅ ਅਤੇ ਜੁਬਾਨ ਦੀ ਮਿਠਾਸ ਨੇ ਸਮਾਜ ਵਿੱਚ ਚੰਗੀ ਵਡਿਆਈ ਖੱਟੀ। ਕੰਮਕਾਰ ਦੀ ਉਹ ਪਹਿਲੇ ਦਿਨੋਂ ਹੀ ਸੁਚੱਜੀ ਸੀ। ਘਰ ਦੀਆਂ ਤੰਗੀਆਂ ਨੇ ਉਸਨੂੰ ਨਿਆਣੀ ਉਮਰੇ ਹੀ ਮਿਹਨਤੀ ਅਤੇ ਅÎਣਥੱਕ ਬਣਾ ਦਿੱਤਾ ਸੀ। ਚੁੱਲ੍ਹੇ-ਚੌਂਕੇ ਦੇ ਨਾਲ-ਨਾਲ ਉਸਨੇ ਘਰ ਦੇ ਹਰੇਕ ਕੰਮ ਵਿੱਚ ਮੁਹਾਰਤ ਹਾਸਲ ਕੀਤੀ। ਤਾਣੀ-ਤੰਦ, ਕੱਤਣ-ਟੁੰਮਣ ਦੇ ਨਾਲ-ਨਾਲ ਸਾਂਝੇ ਪਰਿਵਾਰਾਂ ਵਿੱਚ ਨਰਮੇ-ਕਪਾਹਾਂ ਵੀ ਚੁਗੇ। ਸਾਰਾ ਹੀ ਪਰਿਵਾਰ ਬਹੁਤ ਮਿਹਨਤੀ ਸੀ। ਨਾਨਕਿਆਂ ਦਾ ਸਾਂਝਾ ਵੱਡਾ ਪਰਿਵਾਰ ਸੀ। ਹਿੱਸੇ-ਠੇਕੇ ‘ਤੇ ਜ਼ਮੀਨ ਵਾਹੁੰਦੇ ਸੀ। ਇਸੇ ਮਿਹਨਤ ਅਤੇ ਹਾਲਾਤਾਂ ਨੇ ਮਾਮਿਆਂ ਨੂੰ ਚੰਗਾ ਪੜ੍ਹ ਕੇ ਕੁਝ ਬਣਨ ਲਈ ਪ੍ਰੇਰਿਤ ਕੀਤਾ ਸੀ। ਮਾਵਾਂ-ਧੀਆਂ ਸਾਰਾ ਦਿਨ ਊਰੀ ਵਾਂਗੂ ਉੱਧੜਦੀਆਂ ਭੋਰਾ ਵੀ ਨਾ ਥੱਕਦੀਆਂ।
ਹੰਝੂਆਂ ਦੇ ਦੀਵੇ
ਜਦ ਮਾਂ ਵਿਆਹੀ ਆਈ ਸੀ ਤਾਂ ਉਸਨੇ ਸਹੁਰੇ ਪਰਿਵਾਰ ਵਿਚਲੇ ਸਾਂਝੇ ਪਰਿਵਾਰਾਂ ਵਾਲੀ ਪਿਰਤ ਨੂੰ ਕਾਇਮ ਰੱਖਿਆ। ਇੱਕੋ ਚੁੱਲ੍ਹੇ ‘ਤੇ ਤਿੰਨ ਪਰਿਵਾਰਾਂ ਦਾ ਰੋਟੀ-ਪਾਣੀ ਤਿਆਰ ਹੁੰਦਾ। ਘਰ ਦੇ ਕੰਮ-ਕਾਰ ਵੀ ਰਲ-ਮਿਲ ਕੇ ਕਰਦੇ। ਦਾਦੇ ਹੁਰੀਂ ਸਕੇ ਭਾਈ ਤੇ ਦਾਦੀਆਂ ਵੀ ਅੱਗੋਂ ਸਕੀਆਂ ਭੈÎਣਾਂ। ਭਾਵੇਂ ਮੇਰਾ ਬਾਪੂ, ਮਾਂ ਦਾ ਇਕੱਲਾ ਪੁੱਤ ਸੀ ਪਰ ਸਾਰਿਆਂ ਵਿੱਚ ਸਕਿਆਂ ਨਾਲੋਂ ਵੱਧ ਪਿਆਰ ਸੀ। ਪਿੰਡ ਵਿੱਚ ਤਾਂ ਬਹੁਤਿਆਂ ਨੂੰ ਇਹ ਪਤਾ ਵੀ ਨਹੀਂ ਸੀ ਕਿ ਇਹ ਮਾਸੀਆਂ ਦੇ ਪੁੱਤ ਹਨ।
ਘਰ ਵਿੱਚ ਰੌਣਕ ਲੱਗੀ ਰਹਿੰਦੀ। ਘਰ ਦੇ ਕੰਮ ਨਿਬੇੜ ਕੇ ਆਂਢ-ਗੁਆਂਢ ਦੀਆਂ ਕੁੜੀਆਂ ਆਪਣੇ-ਆਪਣੇ ਚਰਖੇ ਲੈ ਕੇ ਦਰਵਾਜ਼ੇ ਆ ਜਾਂਦੀਆਂ। ਕੋਈ ਆਪਣੀ ਚਾਦਰ ‘ਤੇ ਵੇਲ-ਬੂਟੀਆਂ ਪਾਈ ਜਾਂਦੀ, ਕੋਈ ਗਲੋਟੇ ਲਾਹੀ ਜਾਂਦੀ। ਇਹ ਰੌਣਕਾਂ ਮੇਰੀ ਮਾਂ ਕਰਕੇ ਹੀ ਲੱਗਣ ਲੱਗੀਆਂ ਸੀ ਕਿਉਂਕਿ ਇਹ ਕੰਮ ਪਹਿਲਾਂ ਤੋਂ ਹੀ ਜਾਣਦੀ ਹੋਣ ਕਰਕੇ ਉਸਨੇ ਮੇਰੇ ਤਾਏ ਦੀਆਂ ਕੁੜੀਆਂ ਨੂੰ ਵੀ ਸਿਖਾਇਆ। ਉਸਨੇ ਤੰਦ-ਤਾਣੀ , ਦਰੀਆਂ ਖੇਸ ਤੇ ਨਾਲੇ ਬੁਣਨ ਦਾ ਕੰਮ ਸਿਖਾਇਆ। ਉਸਦੀਆਂ ਬੁਣੀਆਂ ਚਾਦਰਾਂ ‘ਤੇ ਪਾਏ ਨਵੇਂ-ਨਵੇਂ ਡਿਜ਼ਾਇਨ ਵੇਖ ਆਂਢ-ਗੁਆਂਢ ਦੀਆਂ ਔਰਤਾਂ ਉਸਦੇ ਸੁਚੱਜੀ ਹੋਣ ਦੀ ਸਿਫ਼ਤ ਕਰਦੀਆਂ। ਮੇਰੀ ਮਾਂ ਦੀ ਸਿਫ਼ਤ ਸੀ ਕਿ ਜੇ ਕਿਸੇ ਦੀ ਚਾਦਰ ਦਾ ਨਵਾਂ ਡਿਜ਼ਾਇਨ ਉਸਨੂੰ ਪਸੰਦ ਆ ਜਾਂਦਾ ਤਾਂ ਉਹ ਧਾਗਿਆਂ ਦੇ ਜੋਟਿਆਂ ਦਾ ਹਿਸਾਬ ਲਾ ਕੇ ਦਿਨਾਂ ਵਿੱਚ ਹੀ ਲਾਹ ਲੈਂਦੀ। ਅਨਪੜ੍ਹ ਹੁੰਦੇ ਹੋਏ ਵੀ ਇਸ ਵਿੱਚ ਉਸਦੀ ਆਪਣੀ ਕਲਾ ਹੁੰਦੀ ਸੀ।
Story | ਕਹਾਣੀ : ਹੰਝੂਆਂ ਦੇ ਦੀਵੇ
ਪਹਿਲਾਂ ਪਿੰਡ ਵਾਲਾ ਘਰ ਕੱਚੀ ਮਿੱਟੀ ਦਾ ਸੀ। ਦੀਵਾਲੀ ਤੋਂ ਪਹਿਲਾਂ ਸਾਰੇ ਘਰ ਨੂੰ ਪਾਂਡੂ ਮਿੱਟੀ ਦੀ ਤਲੀ ਦੇ ਕੇ ਸਵਾਰਿਆ ਜਾਂਦਾ। ਕੰਧਾਂ-ਕੰਧੋਲੀਆਂ ‘ਤੇ ਮਿੱਟੀ ਦੇ ਤੋਤੇ, ਮੋਰ ਬਣਾ ਕੇ ਰੰਗ ਭਰ ਕੇ ਮਨਮੋਹਣੀ ਦਿੱਖ ਦਿੱਤੀ ਜਾਂਦੀ। ਮਾਂ ਆਪ ਬੜੀ ਹਿੰਮਤੀ ਸੀ, ਕੰਮ ਕਰਦੀ ਨਾ ਅੱਕਦੀ ਸੀ ਨਾ ਥੱਕਦੀ ਸੀ। ਉਸਦੀ ਰੀਸ ਨਾਲ ਘਰ ਦੇ ਬਾਕੀ ਜੀਅ ਵੀ ਕੰਮ ਵਿੱਚ ਲੱਗੇ ਰਹਿੰਦੇ। ਦੀਵਾਲੀ ਵਾਲੇ ਦਿਨ ਗੁੜ ਵਾਲਾ ਆਟਾ ਗੁੰਨ੍ਹ ਕੇ ਮੱਠੀਆਂ ਸ਼ੱਕਰਪਾਰੇ, ਚੌਲਾਂ ਦੀਆਂ ਪਿੰਨੀਆਂ ਆਦਿ ਬਣਾਉਂਦੀ।
ਫਿਰ ਕੁਝ ਸਾਲ ਪਿੰਡ ਰਹਿਣ ਮਗਰੋਂ ਜਦ ਸਾਡਾ ਪਰਿਵਾਰ ਸ਼ਹਿਰ ਆਇਆ ਤਾਂ ਉਸਨੇ ਸ਼ਹਿਰੀ ਮਾਹੌਲ ਵਿੱਚ ਵੀ ਪਿੰਡਾਂ ਵਾਲੀ ਭਾਈਚਾਰਕ ਸਾਂਝ ਤੇ ਮਿਲਵਰਤਣ ਰੱਖਿਆ। ਇਹੋ ਕਾਰਨ ਸੀ ਕਿ ਉਸਦੇ ਨਿੱਘੇ ਸੁਭਾਅ ਅਤੇ ਚੰਗਿਆਈ ਦੀਆਂ ਸਿਫ਼ਤਾਂ ਹਰ ਕੋਈ ਕਰਦਾ। ਇੱਕ ਗੱਲ ਹੋਰ, ਉਸਨੂੰ ਆਪਣੇ ਕਲਚਰ, ਵਿਰਸੇ ਤੇ ਰੀਤੀ-ਰਿਵਾਜ਼ਾਂ ਦਾ ਬਹੁਤ ਗਿਆਨ ਸੀ। ਵਿਆਹ ਮੌਕੇ ਸ਼ਗਨਾਂ ਦੇ ਗੀਤ, ਸੁਹਾਗ, ਘੋੜੀਆਂ, ਦੋਹੇ, ਸਿੱਠਣੀਆਂ, ਛੰਦ ਉਸਦੇ ਮੂੰਹ ਜੁਬਾਨੀ ਯਾਦ ਸਨ। ਗੁਆਂਢ ਵਿੱਚ ਕਿਸੇ ਦੇ ਵਿਆਹ ਹੋਣਾ ਤਾਂ ਉਹ ਰੌਣਕਾਂ ਲਾ ਦਿੰਦੀ। ਪਹਿਲੇ ਸਮਿਆਂ ਵਿੱਚ ਜੰਞ ਬੰਨ੍ਹਣ ਦਾ ਰਿਵਾਜ਼ ਹੁੰਦਾ ਸੀ ਜੋ ਕਾਵਿ ਰੂਪੀ ਛੰਦਾਂਬੰਦੀ ਵਿੱਚ ਬੰਨ੍ਹੀ ਤੇ ਛੁਡਾਈ ਜਾਂਦੀ। ਮਾਂ ਨੂੰ ਇਹ ਚੰਗੀ ਤਰ੍ਹਾਂ ਯਾਦ ਸੀ, ਉਸਨੇ ਇਸ ਖਤਮ ਹੋਈ ਰਸਮ ਬਾਰੇ ਅਖਬਾਰ ਵਿੱਚ ਲੇਖ ਲਿਖਣ ਵਿੱਚ ਵੀ ਮੈਨੂੰ ਵੱਡਮੁੱਲੀ ਜਾਣਕਾਰੀ ਦਿੱਤੀ। ਮੈਨੂੰ ਅਕਸਰ ਹੀ ਲੱਗਦਾ ਹੁੰਦਾ ਕਿ ਜਿਵੇਂ ਆਪਣੇ ਸੱਭਿਆਚਾਰ, ਵਿਰਸੇ ਬਾਰੇ ਲਿਖਣ ਪਿੱਛੇ ਮੇਰੀ ਮਾਂ ਦਾ ਹੀ ਵੱਡਾ ਹੱਥ ਹੈ।
Story: Lamps of Tears
ਉਸ ਵਿੱਚ ਸੰਜਮ ਅਤੇ ਸਹਿਣਸ਼ੀਲਤਾ ਬਹੁਤ ਸੀ। ਉਹ ਦਿਲ ਦੀ ਸਾਫ਼ ਸੀ, ਕੋਈ ਉਸਨੂੰ ਕੁਝ ਕਹਿ ਦਿੰਦਾ ਤਾਂ ਉਹ ਕੌੜਾ ਘੁੱਟ ਭਰ ਕੇ ਚੁੱਪ ਕਰ ਜਾਂਦੀ ਤੇ ਸਮਾਂ ਆਉਣ ‘ਤੇ ਉਸਨੂੰ ਅਹਿਸਾਸ ਕਰਵਾਉਂਦੀ।
ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਪਈ ਮਾਂ ਬਾਰੇ ਸੋਚਿਆ ਨਹੀਂ ਸੀ ਕਿ ਇਹ ਕੁਝ ਦਿਨਾਂ ਦੀ ਮਹਿਮਾਨ ਹੈ। ਬਾਕੀ ਮਰੀਜ਼ਾਂ ਨਾਲੋਂ ਉਸਦੀ ਹਾਲਤ ਬਹੁਤ ਚੰਗੀ ਸੀ। ਮੇਰੇ ਨਾਲ ਗੱਲਾਂ ਕਰਦੀ ਰਹਿੰਦੀ, ਮੈਂ ਉਸਦਾ ਸਿਰ ਕੰਘੀ ਕਰਦਾ, ਉਸਦੀਆਂ ਲੱਤਾਂ, ਢੂਹੀ ਘੁੱਟਦਾ। ਦੀਵਾਲੀ ਦੇ ਦਿਨ ਸਨ। ਹਸਪਤਾਲ ਬਹੁ-ਮੰਜਲੀ ਇਮਾਰਤ ਦੀ ਖਿੜਕੀ ਤੋਂ ਸ਼ਹਿਰ ਦਾ ਰੰਗੀਨ ਨਜ਼ਾਰਾਂ ਸਾਫ਼ ਨਜ਼ਰ ਆਉਂਦਾ ਸੀ ਮੈਂ ਸੁਭਾਵਕ ਹੀ ਕਿਹਾ, ”ਔਹ ਵੇਖ…ਦੀਵਾਲੀ ਦੀਆਂ ਰੌਣਕਾਂ…ਪਰਸੋਂ ਨੂੰ ਦੀਵਾਲੀ ਆ, ਆਪਾਂ ਪਿੰਡ ਜਾਵਾਂਗੇ।” ਪਿੰਡ ਦਾ ਨਾਂਅ ਸੁਣ ਕੇ ਉਸਦੀਆਂ ਅੱਖਾਂ ‘ਚੋਂ ਹੰਝੂ ਭਰ ਆਏ। ਜਦ ਮੈਂ ਕਿਹਾ ਕਿ ਬੀਬੀ ਰੋਂਦੀ ਕਿਉਂ ਏ, ਤੈਨੂੰ ਕੋਈ ਤਕਲੀਫ਼ ਏ ਤਾਂ ਦੱਸ।
Story: Lamps of Tears
ਉਸਨੇ ਹੁਬਕੀ ਲੈਂਦਿਆਂ ਕਿਹਾ, ”ਮੇਰੀ ਮਾਂ ਯਾਦ ਆ ਗਈ ਸੀ… ਤਾਂ ਮਨ ਭਰ ਆਇਆ…।” ਇਸ ਤੋਂ ਅੱਗੇ ਉਹ ਕੁਝ ਬੋਲ ਨਾ ਸਕੀ।
ਸਵੇਰ ਹੋਈ ਤਾਂ ਬੀਬੀ ਆਪÎਣੇ ਪਿੰਡ ਜਾ ਚੁੱਕੀ ਸੀ, ਆਪਣੀ ਮਾਂ ਕੋਲ। ਬੱਸ… ਉਹ ਦਿਨ ਤੇ ਆਹ ਦਿਨ…! ਸੱਤ ਸਾਲ ਹੋ ਗਏ ਬੀਬੀ ਨੂੰ ਛੱਡ ਕੇ ਗਿਆਂ। ਅੱਜ ਵੀ ਇਉਂ ਲੱਗਦਾ ਜਿਵੇਂ ਉਸਦੇ ਜਾਣ ਨਾਲ ਘਰ ਖਾਲੀ-ਖਾਲੀ ਹੋ ਗਿਆ ਹੋਵੇ। ਦੀਵਾਲੀ ਦੇ ਦਿਨਾਂ ‘ਚ ਆ ਕੇ ਮਾਂ ਦੀਆਂ ਯਾਦਾਂ ਘੇਰ ਲੈਂਦੀਆਂ ਹਨ। ਦੀਵਾਲੀ ਦਾ ਦਿਨ ਮਨਾਉਂਦੇ ਇਉਂ ਲੱਗਦਾ ਜਿਵੇਂ ਦੀਵਿਆਂ ‘ਚ ਤੇਲ ਦੀ ਬਜਾਏ ਯਾਦਾਂ ਦੇ ਹੰਝੂ ਬਾਲ ਰਿਹਾ ਹੋਵਾਂ।
ਸੁਰਜੀਤ ਜੱਸਲ
ਮੋ. 98146-07737
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.