ਖੱਟਰ ਦੀ ਰਿਹਾਇਸ਼ ਘੇਰਨਗੇ ਯੂਥ ਕਾਂਗਰਸੀ, ਮੁਆਫ਼ੀ ਮੰਗਣ ਦੀ ਕਰ ਰਹੇ ਨੇ ਮੰਗ

ਬਾਰਡਰ ‘ਤੇ ਅੰਦੋਲਨਕਾਰੀ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਐ ਖੱਟਰ ਸਰਕਾਰ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਯੂਥ ਕਾਂਗਰਸ ਦੇ ਲੀਡਰ ਅਤੇ ਵਰਕਰ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰੀ ਰਿਹਾਇਸ਼ ਘੇਰਣ ਲਈ ਚੰਡੀਗੜ੍ਹ ਆ ਰਹੇ ਹਨ। ਇਹ ਯੂਥ ਕਾਂਗਰਸ ਦੇ ਲੀਡਰ ਅਤੇ ਵਰਕਰ ਮਨੋਹਰ ਲਾਲ ਖੱਟਰ ਦੀ ਸਰਕਾਰੀ ਰਿਹਾਇਸ਼ ਘੇਰਣ ਦੇ ਨਾਲ ਹੀ ਮੁੱਖ ਮੰਤਰੀ ਨੂੰ ਉਨ੍ਹਾਂ ਸ਼ਬਦਾਂ ਦੀ ਮੁਆਫ਼ੀ ਮੰਗਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਨਗੇ, ਜਿਹੜੇ ਸ਼ਬਦਾਂ ਦੀ ਵਰਤੋਂ ਪੰਜਾਬ ਦੇ ਕਿਸਾਨਾਂ ਲਈ ਮਨੋਹਰ ਲਾਲ ਖੱਟਰ ਵੱਲੋਂ ਬੀਤੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਭਰ ਦੇ ਯੂਥ ਕਾਂਗਰਸੀਆਂ ਨੂੰ ਸੁਨੇਹੇ ਲਾਏ ਜਾ ਰਹੇ ਹਨ ਤਾਂ ਕਿ ਚੰਡੀਗੜ ਵਿਖੇ 2 ਹਜ਼ਾਰ ਤੋਂ ਜਿਆਦਾ ਯੂਥ ਕਾਂਗਰਸੀਆਂ ਦੇ ਇਕੱਠ ਨਾਲ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆ ਜਾ ਸਕੇ।

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਦੱਸਿਆ ਕਿ ਪਿਛਲੇ 2 ਮਹੀਨੇ ਤੋਂ ਦੇਸ਼ ਭਰ ਦਾ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਕਰ ਰਿਹਾ ਹੈ, ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਾਸ ਕਰਦੇ ਹੋਏ ਕਿਸਾਨੀ ਦਾ ਹੀ ਖ਼ਾਤਮਾ ਕਰਨ ਦਾ ਪ੍ਰੋਗਰਾਮ ਉਲੀਕ ਦਿੱਤਾ ਹੈ। ਪੰਜਾਬ ਦੇ ਕਿਸਾਨ ਆਪਣੀਆਂ ਅੱਖਾਂ ਦੇ ਸਾਹਮਣੇ ਕਿਸਾਨੀ ਨੂੰ ਖ਼ਤਮ ਹੁੰਦਾ ਨਹੀਂ ਦੇਖ ਸਕਦੇ, ਜਿਸ ਕਾਰਨ ਹੀ ਉਹ ਪਿਛਲੇ 2 ਮਹੀਨੇ ਤੋਂ ਅੰਦੋਲਨ ਕਰ ਰਹੇ ਹਨ ਅਤੇ ਹੁਣ ਬੀਤੇ 7 ਦਿਨਾਂ ਤੋਂ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ। ਬਰਿੰਦਰ ਢਿੱਲੋਂ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦੀ ਥਾਂ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਨ੍ਹਾਂ ਕਿਸਾਨਾਂ ਖ਼ਿਲਾਫ਼ ਹੀ ਮਾੜੇ ਸ਼ਬਦਾਂ ਦੀ ਵਰਤੋਂ ਕਰਨ ਵਿੱਚ ਲੱਗੇ ਹੋਏ ਹਨ।

ਨਰਿੰਦਰ ਮੋਦੀ ਦੀ ਬੋਲੀ ਬੋਲਦੇ ਹੋਏ ਕਿਸਾਨਾਂ ਲਈ ਕਈ ਤਰ੍ਹਾਂ ਦੇ ਮਾੜੇ ਸ਼ਬਦਾਂ ਦੀ ਵਰਤੋਂ ਕਰਨ ਦੇ ਨਾਲ ਹੀ ਇਨ੍ਹਾਂ ਕਿਸਾਨਾਂ ਨੂੰ ਦਿੱਲੀ ਜਾਣ ਮੌਕੇ ਪੁਲਿਸ ਤੋਂ ਕੁਟਵਾਇਆ ਗਿਆ ਤਾਂ ਹੁਣ ਬਾਰਡਰ ‘ਤੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮਨੋਹਰ ਲਾਲ ਖੱਟਰ ਦੀ ਸਰਕਾਰ ਵੱਲੋਂ ਕਦੇ ਧਰਨੇ ਵਾਲੀ ਥਾਂ ‘ਤੇ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਕਦੇ ਪਾਣੀ ਦੀ ਵਿਵਸਥਾ ਖ਼ਰਾਬ ਕਰ ਦਿੱਤੀ ਜਾਂਦੀ ਹੈ।

ਇਸ ਨਾਲ ਹੀ ਮਨੋਹਰ ਲਾਲ ਖੱਟਰ ਝੂਠ ਵੀ ਬੋਲਣ ਵਿੱਚ ਲਗੇ ਹੋਏ ਹਨ, ਇਸ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕੋਠੀ ਦਾ ਘਿਰਾਓ ਕਰਦੇ ਹੋਏ ਉਨ੍ਹਾਂ ਤੋਂ ਇਨ੍ਹਾਂ ਸਾਰੇ ਮਾੜੇ ਕੰਮਾਂ ਲਈ ਮੁਆਫ਼ੀ ਮੰਗਵਾਈ ਜਾਵੇਗੀ। ਜਦੋਂ ਤੱਕ ਮਨੋਹਰ ਲਾਲ ਖੱਟਰ ਮੁਆਫ਼ੀ ਨਹੀਂ ਮੰਗਣਗੇ ਤਾਂ ਉਦੋਂ ਤੱਕ ਯੂਥ ਕਾਂਗਰਸੀ ਮਨੋਹਰ ਲਾਲ ਖੱਟਰ ਦੀ ਕੋਠੀ ਨੂੰ ਘੇਰ ਕੇ ਹੀ ਰੱਖਣਗੇ ਭਾਵੇਂ ਇਸ ਲਈ ਕਈ ਘੰਟੇ ਜਾਂ ਫਿਰ ਕਈ ਦਿਨ ਦਾ ਸਮਾਂ ਹੀ ਕਿਉਂ ਨਾ ਲੱਗ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.