ਦੇਰ ਰਾਤ ਰਾਜਪੁਰਾ ਤੇ ਕੱਲ੍ਹ ਰਾਤ ਗੋਇੰਦਵਾਲ ਸਾਹਿਬ ਪੁੱਜੇਗਾ ਕੋਲਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਖਰ ਪੰਜਾਬ ਅੰਦਰ ਮਾਲ ਗੱਡੀਆਂ ਦੀ ਬਹਾਲੀ ਹੋ ਗਈ ਹੈ। ਅੱਜ ਪੰਜਾਬ ਵਿੱਚ ਥਰਮਲ ਪਲਾਂਟਾਂ ਲਈ ਕੋਲਾ ਤੇ ਹੋਰ ਸਾਜੋ ਸਾਮਾਨ ਲੈ ਕੇ ਮਾਲ ਗੱਡੀਆਂ ਪੁੱਜ ਗਈਆਂ ਹਨ। ਅੱਜ ਸਭ ਤੋਂ ਪਹਿਲੀ ਗੱਡੀ ਸ਼ੰਭੂ ਰਾਹੀਂ ਸੂਬੇ ਵਿੱਚ ਦਾਖਲ ਹੋਈ ਜੋ ਕਿ ਪਟਿਆਲਾ ਦੇ ਰਸਤੇ ਰਾਮਪੁਰਾ ਫੂਲ ਲਈ ਰਵਾਨਾ ਹੋਈ। ਇਸ ਮਗਰੋਂ ਕੁਝ ਹੋਰ ਗੱਡੀਆਂ ਵੀ ਸਾਮਾਨ ਲੈ ਕੇ ਬਠਿੰਡਾ ਰੂਟ ਲਈ ਰਵਾਨਾ ਹੋਈਆਂ ਹਨ। ਇੱਧਰ ਪੰਜਾਬ ਦੇ ਖਾਲੀ ਖੜਕ ਰਹੇ ਥਰਮਲ ਪਲਾਂਟਾਂ ਵਿੱਚ ਹੀ ਅੱਜ ਦੇਰ ਰਾਤ ਕੋਲਾ ਪੁੱਜ ਗਿਆ ਹੈ। ਸਭ ਤੋਂ ਪਹਿਲੀ ਕੋਲੇ ਦੀ ਗੱਡੀ ਰਾਜਪੁਰਾ ਥਰਮਲ ਪਲਾਂਟ ‘ਚ ਪੁੱਜੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਅੰਦਰ ਲਗਭਗ ਦੋ ਮਹੀਨਿਆਂ ਤੋਂ ਰੇਲ ਗੱਡੀਆਂ ਨੇ ਮੂੰਹ ਮੋੜਿਆ ਸੀ। ਪਿਛਲੇ ਦਿਨਾਂ ਦੌਰਾਨ ਕਿਸਾਨ ਜਥੇਬੰਦੀਆਂ ਦੀ ਮੁੱਖ ਮੰੰਤਰੀ ਅਮਰਿੰਦਰ ਸਿੰਘ ਨਾਲ ਯਾਤਰੂ ਰੇਲ ਗੱਡੀਆਂ ਦੀ ਹੋਈ ਸਹਿਮਤੀ ਤੋਂ ਬਾਅਦ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਗੱਡੀਆਂ ਦੀ ਬਹਾਲੀ ਕੀਤੀ ਗਈ ਹੈ। ਅੱਜ ਸਵੇਰ ਤੋਂ ਰੇਲ ਗੱਡੀਆਂ ਚੱਲਣ ਦੀ ਆਸ ਬੱਝੀ ਹੋਈ ਸੀ ਜੋ ਕਿ ਦੁਪਹਿਰ ਤੋਂ ਬਾਅਦ ਪੂਰੀ ਹੋ ਗਈ। ਪਟਿਆਲਾ ਦੇ ਸਟੇਸ਼ਨ ਮਾਸਟਰ ਕੇ ਪੀ ਮੀਣਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਲੇ ਸਿਰਫ ਮਾਲ ਗੱਡੀਆਂ ਆ ਰਹੀਆਂ ਹਨ ਤੇ ਇਸ ਰੂਟ ‘ਤੇ ਮੁਸਾਫਰ ਗੱਡੀਆਂ ਸ਼ੁਰੂ ਕਰਨ ਬਾਰੇ ਹਾਲੇ ਕੋਈ ਫੈਸਲਾ ਨਹੀਂ ਹੋਇਆ ਜਦਕਿ ਦੂਜੇ ਪਾਸੇ ਅੰਮ੍ਰਿਤਸਰ ਰੂਟ ਲਈ ਗੱਡੀਆਂ ਸ਼ੁਰੂ ਹੋ ਗਈਆਂ ਹਨ। ਸੂਤਰਾਂ ਮੁਤਾਬਕ ਗੋਲਡਨ ਟੈਂਪਲ ਐਕਸਪ੍ਰੈਸ ਅੱਜ ਦੇਰ ਸ਼ਾਮ ਅੰਮ੍ਰਿਤਸਰ ਪੁੱਜ ਰਹੀ ਹੈ।
ਇੱਧਰ ਪ੍ਰਾਈਵੇਟ ਥਰਮਲ ਪਲਾਂਟਾਂ ਨੇ ਕੋਲੇ ਦੀ ਸਪਲਾਈ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੇਰ ਰਾਤ ਕੋਲੇ ਦਾ ਪਹਿਲਾ ਰੈਕ ਰਾਜਪੁਰਾ ਪਲਾਂਟ ਵਿੱਚ ਪੁੱਜ ਗਿਆ ਹੈ। ਇਸਦੇ 26 ਰੈਕ ਹਰਿਆਣਾ ਅੰਦਰ ਹੀ ਰਸਤੇ ਵਿੱਚ ਫਸੇ ਸਨ। ਸੂਤਰਾਂ ਮੁਤਾਬਕ ਅਗਲੇ 36 ਘੰਟਿਆਂ ਵਿੱਚ ਪੰਜ ਰੈਕ ਪੁੱਜਣ ‘ਤੇ ਰਾਜਪੁਰਾ ਥਰਮਲ ਪਲਾਂਟ ਮੁੜ ਸ਼ੁਰੂ ਕੀਤੇ ਜਾਣ ਦੇ ਆਸਾਰ ਹਨ।
ਇਸੇ ਤਰੀਕੇ ਤਲਵੰਡੀ ਸਾਬੋ ਪਲਾਂਟ ਦੇ ਵੀ 20 ਤੋਂ ਵੱਧ ਰੈਕ ਲਾਈਨ ਵਿੱਚ ਹਨ ਤੇ ਕੋਲਾ ਕੱਲ੍ਹ ਸ਼ਾਮ ਤੱਕ ਪੁੱਜਣ ਦੀ ਸੰਭਾਵਨਾ ਹੈ। ਗੋਇੰਦਵਾਲ ਸਾਹਿਬ ਪਲਾਂਟ ਦੇ 14 ਰੈਕ ਰਾਹ ਵਿੱਚ ਹਨ ਤੇ ਪਹਿਲਾ ਰੈਕ ਕੱਲ੍ਹ ਰਾਤ ਨੂੰ ਪਲਾਂਟ ਪੁੱਜਣ ਦੀ ਸੰਭਾਵਨਾ ਹੈ। ਪਲਾਂਟ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਕੋਲਾ ਪੁੱਜਣ ਮਗਰੋਂ ਜੇਕਰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਆਖੇਗਾ ਤਾਂ ਪਲਾਂਟ ਸ਼ੁਰੂ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਮਾਲ ਗੱਡੀਆਂ ਦੀ ਆਮਦ ਠੱਪ ਹੋਣ ਕਾਰਨ ਸੂਬੇ ਦੇ ਸਨਅਤਾਂ, ਉਦਯੋਗਪਤੀਆਂ ਸਮੇਤ ਸਰਕਾਰ ਨੂੰ ਹਜਾਰਾਂ ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ ਹੈ। ਇੱਥੋਂ ਤੱਕ ਕਿ ਪੰਜਾਬ ਅੰਦਰ ਡੀਏਪੀ, ਯੂਰੀਆ, ਕੋਲੇ ਆਦਿ ਦੀ ਘਾਟ ਵੀ ਵੱਡੇ ਪੱਧਰ ‘ਤੇ ਪਾਈ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.