ਸਰਕਾਰੀ ਥਰਮਲਾਂ ਕੋਲ ਵੀ ਕੋਲੇ ਦੀ ਸਥਿਤੀ ਲੋੜੀਦੀ ਮਾਤਰਾਂ ‘ਚ ਨਹੀਂ ਮੌਜ਼ੂਦ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੋਲੇ ਦੀ ਘਾਟ ਕਾਰਨ ਅੱਜ ਪ੍ਰਾਈਵੇਟ ਖੇਤਰ ਦਾ ਚੱਲ ਰਿਹਾ ਇੱਕੋ-ਇੱਕ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵੀ ਠੱਪ ਹੋ ਗਿਆ। ਇਸ ਪਲਾਂਟ ਦਾ ਇੱਕ ਯੂਨਿਟ ਅੱਧੀ ਮਾਤਰਾ ਤੇ ਚੱਲ ਰਿਹਾ ਸੀ ਜੋ ਕਿ ਅੱਜ ਦੁਪਹਿਰ ਕੋਲਾ ਮੁੱਕਣ ਕਾਰਨ ਬੰਦ ਹੋ ਗਿਆ। ਪਾਵਰਕੌਮ ਵੱਲੋਂ ਅੱਜ ਆਪਣੇ ਸਰਕਾਰੀ ਥਰਮਲਾਂ ਦੇ ਦੋਂ ਯੂਨਿਟਾਂ ਨੂੰ ਚਾਲੂ ਕਰਨਾ ਪਿਆ ਹੈ ਜਦਕਿ ਇਨ੍ਹਾਂ ‘ਚ ਵੀ ਕੋਲਾ ਲੋੜੀਦੀ ਮਾਤਰਾ ਵਿੱਚ ਨਹੀਂ ਹੈ। ਇੱਧਰ ਪਾਵਰਕੌਮ ਵੱਲੋਂ ਦਿਹਾਤੀ ਖੇਤਰਾਂ ਵਿੱਚ 5-6 ਘੰਟਿਆਂ ਤੱਕ ਰੋਜਾਨਾਂ ਬਿਜਲੀ ਗੁੱਲ ਕੀਤੀ ਜਾ ਰਹੀ ਹੈ ਜਦਕਿ ਸ਼ਹਿਰੀ ਖੇਤਰਾਂ ‘ਚ ਅਜਿਹਾ ਵਰਤਾਰਾ ਘੱਟ ਨਜ਼ਰ ਆ ਰਿਹਾ ਹੈ। ਉਂਜ ਪਾਵਰਕੌਮ ਬਿਜਲੀ ਖਰੀਦਣ ਵਿੱਚ ਜਾਣ ਬੁੱਝ ਕੇ ਹੱਥ ਪਿੱਛੇ ਖਿੱਚ ਰਿਹਾ ਹੈ।
ਇਕੱਤਰ ਹੋਈ ਜਾਣਕਾਰੀ ਮੁਤਾਬਿਕ ਪਾਵਰਕੌਮ ਵੱਲੋਂ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਬੰਦ ਹੋਣ ਤੋਂ ਬਾਅਦ ਆਪਣੇ ਲਹਿਰਾ ਮੁਹੱਬਤ ਥਰਮਲ ਪਲਾਂਟ ਅਤੇ ਰੋਪੜ ਥਰਮਲ ਪਲਾਂਟ ਦੇ ਇੱਕ-ਇੱਕ ਯੂਯੂਨਿਟ ਚਾਲੂ ਕਰਨੇ ਪਏ ਹਨ। ਉਜ ਇਨ੍ਹਾਂ ਥਰਮਲ ਪਲਾਟਾਂ ਕੋਲ ਲਗਭਗ 5-5 ਦਿਨ ਦੇ ਕੋਲੇ ਦਾ ਭੰਡਾਰ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੋਲੇ ਦਾ ਭੰਡਾਰ ਐਮਰਜੈਂਸੀ ਹਲਾਤਾਂ ਵਿੱਚ ਰੱਖਿਆ ਹੁੰਦਾ ਹੈ, ਪਰ ਹੁਣ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਠੱਪ ਕਾਰਨ ਸਰਕਾਰੀ ਥਰਮਲ ਪਲਾਂਟ ਭਖਾਉਣੇ ਪਏ ਹਨ। ਪਾਰਵਕੌਮ ਵੱਲੋਂ ਬਜ਼ਾਰ ਚੋਂ ਬਿਜਲੀ ਖਰੀਦਣ ਲਈ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ, ਕਿਉੁਂਕਿ ਪਾਵਰਕੌਮ ਇੱਥੋਂ ਘੱਟ ਪੈਸਿਆਂ ਵਿੱਚ ਬਿਜਲੀ ਖਰੀਦਣਾ ਚਾਹੁੰਦੀ ਹੈ।
ਇਸ ਦੇ ਨਾਲ ਹੀ ਬਿਜਲੀ ਖਰੀਦਣ ਲਈ ਪੈਸੇ ਦੀ ਘਾਟ ਦਾ ਵੀ ਰੋਣਾ ਰੋਇਆ ਜਾ ਰਿਹਾ ਹੈ। ਪਾਵਰਕੌਮ ਨੂੰ ਪ੍ਰਾਈਵੇਟ ਰਾਜਪੁਰਾ ਥਰਮਲ ਪਲਾਂਟ ਤੋਂ 2.91 ਪੈਸੇ, ਤਲਵੰਡੀ ਸਾਬੋ ਥਰਮਲ ਪਲਾਂਟ ਤੋਂ 3.32 ਪੈਸੇ ਜਦਕਿ ਗੋਇਦਵਾਲ ਸਾਹਿਬ ਥਮਰਲ ਪਲਾਂਟ ਤੋਂ 3.6 ਪੈਸੇ ਬਿਜਲੀ ਪ੍ਰਾਪਤ ਹੁੰਦੀ ਹੈ। ਪਾਵਰਕੌਮ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਆਪਣੇ ਸਰਕਾਰੀ ਥਰਮਲਾਂ ਚੋਂ ਮਹਿੰਗੀ ਬਿਜਲੀ ਹਾਸਲ ਹੁੰਦੀ ਹੈ। ਸਰਕਾਰੀ ਲਹਿਰਾ ਮੁਹੱਬਤ ਥਰਮਲ ਪਲਾਂਟ ਚੋਂ 4.10 ਪੈਸੇ ਜਦਕਿ ਰੋਪੜ ਥਰਮਲ ਪਲਾਂਟ ‘ਚੋਂ 4.19 ਪੈਸੇ ਬਿਜਲੀ ਹਾਸਲ ਹੁੰਦੀ ਹੈ। ਸਰਕਾਰ ਵੱਲੋਂ ਅੱਜ ਕਿਸਾਨ ਜਥੇਬੰੰਦੀਆਂ ਨੂੰ ਵੀ ਇਸ ਗੱਲੋਂ ਜਾਣੂ ਕਰਵਾਇਆ ਗਿਆ ਹੈ।
ਪਾਵਰਕੌਮ ਵੱਲੋਂ ਸਭ ਤੋਂ ਵੱਡੇ ਕੱਟ ਦਿਹਾਤੀ ਖੇਤਰਾਂ ਵਿੱਚ ਲਗਾਏ ਜਾ ਰਹੇ ਹਨ ਜਦਕਿ ਸ਼ਹਿਰੀ ਏਰੀਏ ਅੰਦਰ ਅਜਿਹੇ ਕੱਟਾਂ ਤੋਂ ਬਚਾਅ ਕੀਤਾ ਹੋਇਆ ਹੈ। ਸੂਤਰਾ ਦਾ ਕਹਿਣਾ ਹੈ ਕਿ ਪਾਵਰਕੌਮ ਪਿੰਡਾਂ ਦੇ ਲੋਕਾਂ ਨੂੰ ਕੱਟ ਲਾਕੇ ਇਹ ਅਹਿਸਾਸ ਕਰਵਾ ਰਿਹਾ ਹੈ ਕਿ ਇਹ ਰੇਲ ਦੀਆਂ ਪੱਟੜੀਆਂ ਤੇ ਲਾਏ ਗਏ ਧਰਨਿਆਂ ਦਾ ਨਤੀਜ਼ਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਹੀ ਨਿੱਜੀ ਥਰਮਲਾਂ ਦੀਆਂ ਅੰਦਰੂਨੀ ਲਾਇਨਾ ਤੇ ਧਰਨੇ ਲਾਏ ਹੋਏ ਹਨ ਅਤੇ ਰੇਲਵੇ ਵੱਲੋਂ ਅੜ੍ਹੀ ਕੀਤੀ ਜਾ ਰਹੀ ਹੈ ਕਿ ਸਾਰੀਆਂ ਪਟੜੀਆਂ ਖਾਲੀ ਕੀਤੀਆਂ ਜਾਣ, ਫਿਰ ਵੀ ਰੇਲਾਂ ਦੀ ਬਹਾਲੀ ਸ਼ੁਰੂ ਹੋਵੇਗੀ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਜਲਦੀ ਕੋਲੇ ਦੀ ਸਪਲਾਈ ਬਹਾਲ ਨਾ ਹੋਈ, ਪੰਜਾਬ ਲÂਂੀ ਵੱਡੀ ਚਿੰਤਾ ਖੜ੍ਹੀ ਹੋ ਸਕਦੀ ਹੈ।
ਪਾਵਰਕੌਮ ਅਧਿਕਾਰੀਆਂ ਅਨੁਸਾਰ ਮੌਜ਼ੂਦਾ ਸਮੇਂ ਸੂਬੇ ਵਿਚ ਦਿਨ ਦੇ ਸਮੇਂ ਬਿਜਲੀ ਦੀ ਮੰਗ ਲਗਭਗ 5100-5200 ਮੈਗਾਵਾਟ ਹੈ ਅਤੇ ਰਾਤ ਸਮੇਂ ਕਰੀਬ 3400 ਮੈਗਾਵਾਟ ਹੈ ਦੂਜੇ ਪਾਸੇ, ਸਪਲਾਈ ਲੋੜ ਤੋਂ ਬਹੁਤ ਘੱਟ ਹੈ ਕਿਉਂ ਜੋ ਦਿਨ ਸਮੇਂ ਰੋਜ਼ਾਨਾ 4-5 ਘੰਟਿਆਂ ਲਈ ਸਿਰਫ਼ ਸਬਜ਼ੀ ਫੀਡਰਾਂ (800 ਮੈਗਾਵਾਟ) ਦੀ ਖੇਤੀਬਾੜੀ ਬਿਜਲੀ ਲੋਡ ਸਪਲਾਈ ਕੀਤੀ ਜਾ ਰਹੀ ਹੈ ਮੌਜੂਦਾ ਸਮੇਂ ਹੋਰ ਏ.ਪੀ. ਲੋਡ ਲਗਭਗ 300 ਮੈਗਾਵਾਟ ਘੱਟ ਹੈ
ਸਥਿਤੀ ਗੰਭੀਰ ਬਣੀ ਹੋਈ ਹੈ ਕਿਉਂਕਿ ਪਾਵਰਕਾਮ ਕੋਲ ਕੋਈ ਵੀ ਉਤਪਾਦਨ ਨਿਯੰਤਰਣ ਨਹੀਂ ਬਚਿਆ ਅਤੇ ਬਿਜਲੀ ਦੀਆਂ ਮਾਰਕੀਟ ਦਰਾਂ ਜ਼ਿਆਦਾਤਰ ਪਰਿਵਰਤਨਸ਼ੀਲ ਚੱਲ ਰਹੀਆਂ ਹਨ ਅਤੇ ਕਿਸੇ ਵੀ ਸਮੇਂ ਇਸ ਵਿਚ ਵਾਧਾ ਹੋ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਬਿਜਲੀ ਖਰੀਦ ਦੀ ਲਾਗਤ ਵਿੱਚ ਵੀ ਵਾਧਾ ਹੋਇਆ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.