2 ਨਵੰਬਰ ਤੋਂ ਸੰਘਰਸ਼ ਦਾ ਐਲਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਚਾਰ ਵਿਦਿਆਰਥੀ ਜੱਥੇਬੰਦੀਆਂ (ਏ.ਆਈ.ਐੱਸ.ਐੱਫ., ਪੀ.ਐੱਸ.ਯੂ., ਪੀ.ਐੱਸ.ਯੂ. (ਲਲਕਾਰ) ਅਤੇ ਐੱਸ.ਐੱਫ.ਆਈ.) ਦੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਨੂੰ ਡੀਨ ਅਕਾਦਮਿਕ ਦੇ ਨਾਮ ਇੱਕ ਮੰਗ-ਪੱਤਰ ਸੌਪਿਆ ਗਿਆ, ਜਿਸ ਵਿੱਚ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸਾਰੇ ਵਿਦਿਆਰਥੀਆਂ ਲਈ ਖੋਲਣ ਦੀ ਮੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਆਈ.ਐੱਸ.ਐੱਫ. ਤੋਂ ਵਰਿੰਦਰ ਅਤੇ ਰਾਹੁਲ, ਪੀ.ਐੱਸ.ਯੂ. ਤੋਂ ਅਮਨ, ਪੀ.ਐੱਸ.ਯੂ. (ਲਲਕਾਰ) ਤੋਂ ਹਰਪ੍ਰੀਤ ਅਤੇ ਰਜਿੰਦਰ ਅਤੇ ਐੱਸ.ਐੱਫ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਬਿਨ੍ਹਾਂ ਕਿਸੇ ਸਹੀ ਯੋਜਨਾਬੰਦੀ ਤੋਂ ਭਾਰਤ ਦੇ ਲੋਕਾਂ ‘ਤੇ ਥੋਪਿਆ ਲਾਕਡਾਊਨ ਜਿਵੇਂ ਹਰ ਪਾਸੇ ਤਬਾਹੀ ਮਚਾ ਰਿਹਾ ਹੈ ਜਿਵੇਂ ਲੋਕਾਂ ਦੇ ਰੁਜਗਾਰ ਦੀ ਤਬਾਹੀ ਹੋਈ ਹੈ, ਉਸੇ ਤਰ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਤਬਾਹੀ ਦੇ ਪੱਧਰ ‘ਤੇ ਹੀ ਹੋਇਆ ਹੈ। ਆੱਨਲਾਈਨ ਪੜ੍ਹਾਈ ਦੇ ਨਾਂਅ ‘ਤੇ ਹੁਣ ਤੱਕ ਜਿਹੜਾ ਬੁੱਤਾ-ਸਾਰਣ ਵਾਲਾ ਕੰਮ ਕੀਤਾ ਜਾ ਰਿਹਾ ਹੈ, ਉਹ ਹੋਰ ਵੀ ਵੱਡੇ ਪੱਧਰ ‘ਤੇ ਵਿਗਾੜ ਪੈਦਾ ਕਰ ਰਿਹਾ, ਆਨਲਾਈਨ ਪੜ੍ਹਾਈ, ਕਲਾਸ-ਰੂਪ ਪੜ੍ਹਾਈ ਦਾ ਬਦਲ ਕਦੀ ਵੀ ਨਹੀਂ ਬਣ ਸਕਦੀ, ਅਤੇ ਨਾ ਹੀ ਵਿਦਿਆਰਥੀ-ਅਧਿਆਪਕ ਰਿਸ਼ਤੇ ਦਾ ਕੋਈ ਬਦਲ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅਨਲੌਕ ਇਸ ਪੱਧਰ ‘ਤੇ ਪਹੁੰਚ ਚੁੱਕਾ ਹੈ ਕਿ ਕੋਚਿੰਗ ਸੈਂਟਰ, ਆਇਲਟਸ ਸੈਂਟਰ, ਮਾੱਲ, ਸਿਨੇਮਾ ਆਦਿ ਅਤੇ ਇਥੋਂ ਤੱਕ ਕੇ ਸਕੂਲ ਵੀ ਖੋਲ੍ਹ ਦਿੱਤੇ ਗਏ ਹਨ। ਪਰ ਹੈਰਨੀਜਨਕ ਹੈ ਕਿ ਯੂਨੀਵਰਸਿਟੀਆਂ ਕਾਲਜ ਖੋਲਣ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਅਤੇ ਨਾ ਹੀ ਕੋਈ ਭਵਿੱਖੀ ਰਣਨੀਤੀ ਇਸ ਬਾਰੇ ਸਮਝ ਆ ਰਹੀ ਹੈ। ਇਸ ਲਈ ਵਿਦਿਆਰਥੀਆਂ ਨੂੰ ਆਪਣੇ ਹੁੰਦੇ ਨੁਕਸਾਨ ਬਾਰੇ ਆਪਣੇ-ਆਪ ਕੁੱਝ ਸੋਚਣਾ ਪਵੇਗਾ। ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਯੂਨੀਵਰਸਿਟੀਆਂ ਉਨ੍ਹਾਂ ਦੇ ਇਮਤਿਹਾਨ ਵੀ ਲੈਣ ਦੀ ਸਕੀਮ ਬਣਾ ਰਹੀਆਂ ਹਨ।
ਬਿਨ੍ਹਾਂ ਪੜ੍ਹਾਈ ਕਰਾਇਆ ਇਮਤਿਹਾਨ ਲੈਣ ਨਾਲ ਕਿਸ ਤਰ੍ਹਾਂ ਦਾ ਵਿੱਦਿਆ/ਸਿੱਖਿਆ ਪ੍ਰਬੰਧ ਸਿਰਜਿਆ ਜਾ ਰਿਹਾ ਇਹ ਵੀ ਸੋਚਣ ਵਾਲਾ ਮਸਲਾ ਹੈ। ਸੋ ਜਦੋਂ ਸਭ ਕੁੱਝ ਦੇਸ਼ ਵਿੱਚ ਅਨਲਾਕ ਹੋ ਚੁੱਕਾ ਹੈ ਤਾਂ ਸਰਕਾਰ ਨੂੰ ਕਾਲਜ-ਯੂਨੀਵਰਸਿਟੀਆਂ ਵੀ ਖੋਲਣੀਆਂ ਚਾਹੀਦੀਆਂ ਹਨ। ਜੇ ਅਜਿਹਾ ਨਹੀਂ ਹੁੰਦਾ ਤਾਂ ਵਿਦਿਆਰਥੀ ਖੁਦ ਇਸ ਕੰਮ ਲਈ ਅੱਗੇ ਆਉਣਗੇ। ਸਾਂਝੇ ਵਿਦਿਆਰਥੀ ਮੋਰਚੇ ਨੇ ਇਹ ਐਲਾਣ ਵੀ ਕੀਤਾ ਕਿ ਉਹ ਪੰਜਾਬੀ ਯੂਨੀਵਰਸਿਟੀ ਨੂੰ ਸਾਰੇ ਵਿਦਿਆਰਥੀਆਂ ਵਾਸਤੇ ਖੁਲਾਉਣ ਲਈ 2 ਨਵੰਬਰ ਤੋਂ ਪੱਕੇ ਧਰਨੇ ‘ਤੇ ਬੈਠਣਗੇ ਅਤੇ ਯੂਨੀਵਰਸਿਟੀ ਨੂੰ ਪੂਰਨ ਤੌਰ ‘ਤੇ ਹਰ ਇੱਕ ਕੋਰਸ ਵਾਸਤੇ ਖੁਲਵਾਉਣ ਤੱਕ ਇਹ ਮੋਰਚਾ ਜਾਰੀ ਰੱਖਣਗੇ ਅਤੇ ਉਨ੍ਹਾਂ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਨੂੰ ਇਸ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.