ਪ੍ਰਾਈਵੇਟ ਥਰਮਲਾਂ ਦਾ ਕੋਲਾ ਮੁੱਕਿਆ, ਸਰਕਾਰੀ ਥਰਮਲ ਕੀਤੇ ਹੋਏ ਨੇ ਬੰਦ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੇਂਦਰ ਦੀ ‘ਅੜੀ’ ਪੰਜਾਬ ਨੂੰ ਮਹਿੰਗੀ ਪੈਣ ਲੱਗੀ ਹੈ। ਕੇਂਦਰ ਸਰਕਾਰ ਵੱਲੋਂ ਰੇਲ ਗੱਡੀਆਂ ਦੀ ਰੋਕੀ ਸਪਲਾਈ ਕਾਰਨ ਕੋਲਾ ਗੱਡੀਆਂ ਵਿੱਚ ਭਰਿਆ ਪਿਆ ਹੈ, ਪਰ ਪੰਜਾਬ ਕੋਲ ਨਹੀਂ ਪੁੱਜ ਰਿਹਾ। ਇਸੇ ਦੇ ਨਤੀਜ਼ੇ ਵਜੋਂ ਹੀ ਸੂਬੇ ਦੇ ਦਿਹਾਤੀ ਖੇਤਰਾਂ ਵਿੱਚ ਕਈ-ਕਈ ਘੰਟੇ ਬੱਤੀ ਗੁੱਲ ਹੋਣ ਲੱਗੀ ਹੈ ਜਦਕਿ ਸ਼ਹਿਰਾਂ ਅੰਦਰ ਵੀ ਕੱਟਾਂ ਦਾ ਸਿਲਸਿਲ ਸ਼ੁਰੂ ਹੋ ਗਿਆ ਹੈ। ਪੰਜਾਬ ਅੰਦਰ ਬਿਜਲੀ ਉਤਪਾਦਨ ਨਾ ਮਾਤਰ ਸਮਰੱਥਾਂ ਤੇ ਪੁੱਜਣ ਵਾਲਾ ਹੈ।
ਜਾਣਕਾਰੀ ਅਨੁਸਾਰ ਪ੍ਰਾਈਵੇਟ ਥਰਮਲ ਤਲਵੰਡੀ ਸਾਬੋ ਦਾ ਚੱਲ ਰਿਹਾ ਇੱਕੋ ਯੂਨਿਟ ਕੋਲਾ ਖਤਮ ਹੋਣ ਕਾਰਨ ਅੱਜ ਸਵੇਰੇ ਬੰਦ ਹੋ ਗਿਆ ਹੈ ਜਦਕਿ ਰਾਜਪੁਰਾ ਥਰਮਲ ਪਲਾਂਟ ਦਾ ਚੱਲ ਰਿਹਾ ਇੱਕੋ-ਇੱਕ ਯੂਨਿਟ ਰਾਤ ਨੂੰ ਕਦੇ ਵੀ ਬੰਦ ਹੋ ਸਕਦਾ ਹੈ। ਇਹ ਯੂਨਿਟ ਪਹਿਲਾਂ ਹੀ ਅੱਧੀ ਮਾਤਰਾ ਦੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪਾਵਰਕੌਮ ਵੱਲੋਂ ਆਪਣੇ ਥਰਮਲਾਂ ਨੂੰ ਬੰਦ ਕੀਤਾ ਹੋਇਆ ਹੈ। ਇੱਥੇ ਵੀ ਸਿਰਫ਼ ਦੋ-ਤਿੰਨ ਦਿਨ ਦਾ ਕੋਲਾ ਹੀ ਪਿਆ ਹੈ। ਮੌਜ਼ੂਦਾ ਸਮੇਂ ਪੰਜਾਬ ਅੰਦਰ ਬਿਜਲੀ ਦੀ ਡਿਮਾਡ 6 ਮੈਗਾਵਾਟ ਹੈ ਜਦਕਿ ਪਾਵਰਕੌਮ ਨੂੰ ਆਪਣੇ ਸਰੋਤਾਂ ਤੋਂ 5 ਹਜ਼ਾਰ ਮੈਗਾਵਾਟ ਹੀ ਬਿਜਲੀ ਦੀ ਉਤਪਾਦਨ ਮਿਲ ਰਿਹਾ ਹੈ।
ਪਾਵਰਕੌਮ ਨੂੰ 1 ਹਜ਼ਾਰ ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਰਹੀ ਹੈ, ਜਿਸ ਕਾਰਨ 1000 ਮੈਗਾਵਾਟ ਬਿਜਲੀ ਖਰੀਦ ਕਰਨੀ ਪੈ ਰਹੀ ਹੈ ਜੋ ਕਿ ਫਿਰ ਪੀ ਪੂਰੀ ਨਹੀਂ ਪੈ ਰਹੀ ਹੈ। ਪਾਵਰਕੌਮ ਵੱਲੋਂ ਦਿਹਾਤੀ ਖੇਤਰਾਂ ਵਿੱਚ ਲੰਮੇ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ।
ਅੱਜ ਕਈ ਜ਼ਿਲ੍ਹਿਆਂ ਦੇ ਦਿਹਾਤੀ ਖੇਤਰਾਂ ਅੰਦਰ ਪੰਜ ਘਟਿਆਂ ਤੱਕ ਤੇ ਕੱਟ ਲੱਗਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ ਸ਼ਹਿਰੀ ਖੇਤਰਾਂ ਵਿੱਚ ਵੀ ਬਿਜਲੀ ਆਉਣ-ਜਾਣ ਕਰਦੀ ਰਹੀ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਪੱਖੋਂ ਸਥਿਤੀ ਠੀਕ ਨਹੀਂ ਹੈ । ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਰੇਲ ਪਟੜੀਆਂ ਖਾਲੀ ਹਨ, ਫਿਰ ਵੀ ਮੋਦੀ ਸਰਕਾਰ ਵੱਲੋਂ ਜਾਣ ਬੁੱੱਝ ਕੇ ਪੰਜਾਬ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ‘ਚੋਂ Àੁੱਠੇ ਕਿਸਾਨੀ ਸੰਘਰਸ਼ ਨੂੰ ਲੀਹੋਂ ਲਾਹਿਆ ਜਾ ਸਕੇ। ਇੱਧਰ ਬਿਜਲੀ ਕੱਟਾਂ ਕਾਰਨ ਮੰਡੀਆਂ ਅੰਦਰ ਚੱਲ ਰਿਹਾ ਝੋਨੇ ਦੀ ਝਰਾਈ ਦਾ ਕੰਮ ਵੀ ਪ੍ਰਭਾਵਿਤ ਹੋਣ ਲੱਗਾ ਹੈ।
ਬਿਜਲੀ ਖਰੀਦਣ ਲਈ 200 ਕਰੋੜ ਦੀ ਮੰਗ ਕੀਤੀ : ਏ.ਵੈਣੂ. ਪ੍ਰਸ਼ਾਦ
ਇਸ ਸਬੰਧੀ ਜਦੋਂ ਪਾਵਰਕੌਮ ਦੇ ਸੀਐਮਡੀ ਏ.ਵੈਨੂ ਪ੍ਰਸ਼ਾਦ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਥਰਮਲਾ ‘ਚ ਤਾਂ ਲਗਭਗ ਕੋਲਾ ਖਤਮ ਹੋ ਚੁੱਕਿਆ ਹੈ ਜਦਕਿ ਕੁਝ ਥਰਮਲਾਂ ਵਿੱਚ 2-3 ਦਿਨ ਦਾ ਹੀ ਕੋਲਾ ਬਾਕੀ ਹੈ। ਉਨ੍ਹਾਂ ਕਿਹਾ ਕਿ ਰੋਜਾਨਾ ਇੱਕ ਹਜ਼ਾਰ ਮੈਗਾਵਾਟ ਦੀ ਘਾਟ ਪੈਦਾ ਹੋ ਰਹੀ ਹੈ, ਜਿਸ ਕਾਰਨ ਬਿਜਲੀ ਬਾਹਰੋਂ ਐਕਸਚੇਜ ਕਰਨੀ ਪੈ ਰਹੀ ਹੈ। ਉਂਜ ਉਨ੍ਹਾਂ ਕਿਹਾ ਕਿ ਬਿਜਲੀ ਮਹਿੰਗੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲੋਂ 200 ਕਰੋੜ ਦੀ ਮੰਗ ਕੀਤੀ ਗਈ ਹੈ ਤਾ ਜੋਂ ਬਿਜਲੀ ਖਰੀਦਣ ਵਿੱਚ ਕੋਈ ਸਮੱਸਿਆ ਨਾ ਆਵੇ। ਉਂਜ ਉਨ੍ਹਾਂ ਕਿਹਾ ਕਿ ਅਜੇ ਦਿਹਾਤੀ ਖੇਤਰਾਂ ਵਿੱਚ ਕੱਟ ਨਹੀਂ ਲਗਾਏ ਗਏ, ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਈ ਥਾਂਈ 5-5 ਘੰਟਿਆਂ ਤੇ ਕੱਟ ਲੱਗੇ ਹਨ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.