ਦੋ ਮਹਿਲਾ ਆਗੂਆਂ ਸਮੇਤ ਕਈ ਜ਼ਖਮੀ ਇਲਾਜ ਅਧੀਨ
- ਜੇ. ਪੀ. ਨੱਢਾ ਦੇ ਬਿਆਨ ਤੋਂ ਖਫ਼ਾ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀਤਾ ਰੋਸ ਮੁਜ਼ਾਹਰਾ
- ਅੰਦੋਲਨਕਾਰੀ ਕਿਸਾਨ ਨਹੀਂ, ਮੋਦੀ ਤੇ ਅਮਿਤ ਸ਼ਾਹ ਹਨ ਅੰਬਾਨੀ-ਅਡਾਨੀਆਂ ਦੇ ਦਲਾਲ- ਮੀਤ ਹੇਅਰ
- ਮੀਤ ਹੇਅਰ ਸਮੇਤ ਦਰਜਨਾਂ ਆਗੂ ਹਿਰਾਸਤ ‘ਚ ਲਏ
ਚੰਡੀਗੜ੍ਹ, (ਅਸ਼ਵਨੀ ਚਾਵਲਾ) | ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਨੂੰ ਦਲਾਲ (ਵਿਚੋਲੀਏ) ਕਹਿਣ ‘ਤੇ ਭੜਕੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਤੇ ਵਲੰਟੀਅਰ ਅੱਜ ਉਸ ਸਮੇਂ ਚੰਡੀਗੜ੍ਹ ਪੁਲਿਸ ਵੱਲੋਂ ਲਾਠੀਚਾਰਜ ਤੇ ਜਲ ਤੋਪਾਂ ਨਾਲ ਝੰਬੇ ਗਏ ਜਦੋਂ ਉਹ ਸ਼ਾਂਤੀਪੂਰਵਕ ਤਰੀਕੇ ਨਾਲ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਹੈੱਡਕੁਆਰਟਰ ਦਾ ਘਿਰਾਓ ਕਰਨ ਗਏ। ਪਾਰਟੀ ਦੇ ਨੌਜਵਾਨ ਵਿਧਾਇਕ ਮੀਤ ਹੇਅਰ ਦੀ ਅਗਵਾਈ ਹੇਠ ਪਹਿਲਾਂ ‘ਆਪ’ ਆਗੂ ਅਤੇ ਵਲੰਟੀਅਰਾਂ ਪੰਜਾਬ ਭਾਜਪਾ ਦਫ਼ਤਰ ਨੇੜੇ ਸਲਿੱਪ ਰੋਡ ‘ਤੇ ਧਰਨਾ ਲਗਾਇਆ ਅਤੇ ਜੇ.ਪੀ ਨੱਢਾ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ‘ਆਪ’ ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਨੱਢਾ ਆਪਣਾ ਬਿਆਨ ਵਾਪਸ ਲੈਣ ਅਤੇ ਕਿਸਾਨਾਂ ਕੋਲੋਂ ਮੁਆਫ਼ੀ ਮੰਗਣ।
‘ਆਪ’ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦਫ਼ਤਰ ਵੱਲ ਕੂਚ ਕੀਤਾ ਤਾਂ ਪਹਿਲਾਂ ਹੀ ਬੈਰੀਕੇਡਸ (ਨਾਕਾ) ਲਗਾ ਕੇ ਜਲ ਤੋਪਾਂ ਤਿਆਰ ਖੜ੍ਹੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ ਤੇ ਅਚਾਨਕ ਹੀ ਪਾਣੀ ਦੀਆਂ ਤੇਜ਼ ਵਾਛੜਾਂ ਕਰ ਦਿੱਤੀਆਂ ਇਸ ਦੇ ਨਾਲ ਹੀ ਲਾਠੀਚਾਰਜ ਅਤੇ ਧੱਕਾਮੁੱਕੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ‘ਆਪ’ ਦੀ ਮਹਿਲਾ ਵਿੰਗ ਦੀ ਸਾਬਕਾ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਅਤੇ ਮੈਡਮ ਅਨੂ ਬੱਬਰ ਮੋਹਾਲੀ ਸਮੇਤ ਕਈ ਹੋਰ ਆਗੂ ਜ਼ਖਮੀ ਹੋ ਗਏ। ਮੈਡਮ ਗਿੱਲ ਅਤੇ ਅਨੂਬੱਬਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਨਿੱਜੀ ਹਸਪਤਾਲਾਂ ‘ਚ ਦਾਖਲ ਵੀ ਕਰਾਉਣਾ ਪਿਆ। ਇਸ ਸਮੇਂ ਪੁਲਸ ਨੇ ਵਿਧਾਇਕ ਮੀਤ ਹੇਅਰ ਸਮੇਤ ਕਰੀਬ 4 ਦਰਜਨ ਆਗੂਆਂ ਅਤੇ ਵਲੰਟੀਅਰਾਂ ਨੂੰ ਹਿਰਾਸਤ ‘ਚ ਲੈ ਕੇ ਸੈਕਟਰ 39 ਸਥਿਤ ਥਾਣੇ ਅੰਦਰ ਕਈ ਘੰਟੇ ਡੱਕੀ ਰੱਖਿਆ।
AAP leaders besieged at BJP headquarters
ਇਸ ਤੋਂ ਪਹਿਲਾਂ ਮੀਤ ਹੇਅਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਪਣੇ ਅਤੇ ਸੂਬੇ ਦੇ ਹਿਤਾਂ ਦੀ ਰੱਖਿਆ ਲਈ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਡਟੇ ਕਿਸਾਨਾਂ ਨੂੰ ਜੇ.ਪੀ ਨੱਢਾ ਵੱਲੋਂ ਦਲਾਲ (ਵਿਚੋਲੀਏ) ਕਹਿਣ ਬੇਹੱਦ ਨਿੰਦਣਯੋਗ ਹੈ। ਨੱਢਾ ਨੂੰ ਇਹ ਬਿਆਨ ਤੁਰੰਤ ਵਾਪਸ ਲੈ ਕੇ ਕਿਸਾਨਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਮੀਤ ਹੇਅਰ ਨੇ ਕਿਹਾ, ” ਅੱਜ ਸਾਡੇ ਰੋਹ ਤੋਂ ਡਰ ਕੇ ਭਾਜਪਾ ਦਫ਼ਤਰ ਛੱਡ ਕੇ ਭੱਜੇ ਭਾਜਪਾਈਆਂ ਰਾਹੀਂ ਅਸੀ (ਆਪ) ਨੱਢਾ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੰਘਰਸ਼ਸ਼ੀਲ ਕਿਸਾਨ ਆਪਣੇ ਅਤੇ ਪੰਜਾਬ ਦੇ ਅਰਥਚਾਰੇ ਨੂੰ ਬਚਾਉਣ ਲਈ ਰੇਲ ਪਟੜੀਆਂ ਅਤੇ ਸੜਕਾਂ ‘ਤੇ ਡਟੇ ਹੋਏ ਹਨ। ਦਲਾਲੀ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਨਹੀਂ ਸਗੋਂ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਬਾਨੀਆਂ-ਅਡਾਨੀਆਂ ਵਰਗੇ ਕਾਰਪੋਰੇਟ ਘਰਾਨਿਆਂ ਦੀ ਖ਼ੁਦ ਕਰ ਰਹੇ ਹਨ।
AAP leaders besieged at BJP headquarters
ਮੀਤ ਹੇਅਰ ਨੇ ਕਿਹਾ ਕਿ ਜੇਕਰ ਕਿਸਾਨ ਦਲਾਲ ਸਨ ਤਾਂ ਉਨਾਂ ਨੂੰ ਗੱਲਬਾਤ ਲਈ ਦਿੱਲੀ ਕਿਉਂ ਬੁਲਾਇਆ ਅਤੇ ਦਰਜਨ ਭਰ ਕੇਂਦਰੀ ਮੰਤਰੀਆਂ ਨੂੰ ਵਰਚੂਅਲ ਗੱਲਬਾਤ ਲਈ ਕਿਉਂ ਕਿਹਾ? ਇਸ ਮੌਕੇ ‘ਆਪ’ ਆਗੂਆਂ ‘ਚ ਅਮਰੀਕ ਸਿੰਘ ਬੰਗੜ, ਅੰਮ੍ਰਿਤਪਾਲ ਸਿੰਘ ਬਾਘਾਪੁਰਾਣਾ, ਹਰਭੁਪਿੰਦਰ ਸਿੰਘ ਧਰੌੜ, ਸ਼ਵਿੰਦਰ ਸਿੰਘ ਖਿੰਡਾ ਜ਼ੀਰਾ, ਨਰਿੰਦਰ ਸਿੰਘ ਸ਼ੇਰਗਿੱਲ, ਪਰਮਿੰਦਰ ਗੋਲਡੀ, ਹਰਜੀਤ ਸਿੰਘ ਬੰਟੀ, ਗੋਬਿੰਦਰ ਮਿੱਤਲ, ਡਾ. ਸਨੀ ਆਹਲੂਵਾਲੀਆ, ਗੁਰਤੇਜ ਪੰਨੂ, ਵਿਨੀਤ ਵਰਮਾ, ਕੁਲਜੀਤ ਸਿੰਘ ਰੰਧਾਵਾ, ਸਵੀਟੀ ਸ਼ਰਮਾ, ਨਵਜੋਤ ਸੈਣੀ, ਸਵਰਨਜੀਤ ਕੌਰ, ਜਸਵਿੰਦਰ ਸਿੰਘ ਬੁਲਾਰਾ, ਪੁਸ਼ਪਿੰਦਰ ਸਿੰਘ, ਅਜੈ ਸਿੰਘ ਲਿਬੜਾ, ਗੁਰਿੰਦਰ ਸਿੰਘ ਢਿੱਲੋਂ, ਲਖਵੀਰ ਸਿੰਘ ਰਾਏ, ਨਰਿੰਦਰ ਸਿੰਘ ਟਿਵਾਣਾ, ਪਾਵੇਲ ਹਾਂਡਾ, ਇਸਲਾਮ ਅਲੀ ਰਾਜਪੁਰਾ, ਮੇਘ ਚੰਦ ਸ਼ੇਰਮਾਜਰਾ, ਪ੍ਰੀਤੀ ਮਲਹੋਤਰਾ, ਸੁਖਵਿੰਦਰ ਕੌਰ ਗਹਿਲੋਤ ਅਤੇ ਹੋਰ ਆਗੂ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.