ਪਰਮਿੰਦਰ ਢੀਂਡਸਾ ਵੱਲੋਂ ਬਠਿੰਡਾ ਥਰਮਲ ਵੇਚਣ ਦੀ ਹਮਾਇਤ
ਬਠਿੰਡਾ, (ਸੁਖਜੀਤ ਮਾਨ)। ਪੰਜਾਬ ਦੇ ਸਾਬਕਾ ਵਜ਼ੀਰ ਤੇ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਬਠਿੰਡਾ ਥਰਮਲ ਨੂੰ ਬੰਦ ਕਰਕੇ ਇਸ ਨੂੰ ਵੇਚੇ ਜਾਣ ਦੇ ਹੱਕ ਵਿੱਚ ਹਨ ਕਿਉਂਕਿ ਇਸਦੀ ਬਿਜਲੀ ਬਹੁਤ ਜਿਆਦਾ ਮਹਿੰਗੀ ਪੈ ਰਹੀ ਸੀ। ‘ਸੱਚ ਕਹੂੰ’ ਦੇ ਇਸ ਪੱਤਰਕਾਰ ਨੇ ਜਦੋਂ ਉਨ੍ਹਾਂ ਨੂੰ ਮੋੜਵਾਂ ਸਵਾਲ ਕੀਤਾ ਕਿ ਇਸ ਥਰਮਲ ਦੀ ਮੁਰੰਮਤ ਸਬੰਧੀ ਜਦੋਂ ਕਈ ਕਰੋੜ ਪੈਸੇ ਲਾਏ ਗਏ ਸੀ ਤਾਂ ਉਸ ਵੇਲੇ ਖਜਾਨਾ ਮੰਤਰੀ ਤੁਸੀਂ ਹੀ ਸੀ ਤਾਂ ਢੀਂਡਸਾ ਨੇ ਕਿਹਾ ਕਿ ਉਹ ਪੈਸਾ ਬਿਜਲੀ ਅਧਿਕਾਰੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਗਲਤ ਦਲੀਲਾਂ ਕਰਕੇ ਖਰਚ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਸ ਵੇਲੇ ਇਸ ਥਰਮਲ ਦੀ ਮੁਰੰਮਤ ਦੀ ਸਲਾਹ ਦੇ ਕੇ ਪੈਸਾ ਖਰਚਾ ਕਰਵਾਉਣ ਵਾਲੇ ਅਧਿਕਾਰੀਆਂ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ ਸ੍ਰ. ਢੀਂਡਸਾ ਅੱਜ ਇੱਥੇ ਪਾਰਟੀ ਦੀ ਮਹਿਲਾ ਆਗੂ ਦੇ ਪਤੀ ਦੇ ਸ਼ਰਧਾਂਜਲੀ ਸਮਾਗਮ ‘ਚ ਸ਼ਿਰਕਤ ਕਰਨ ਮਗਰੋਂ ਪੱਤਰਕਾਰਾਂ ਦੇ ਰੂ-ਬ-ਰੂ ਹੋਏ ਸਨ।
ਪੰਜਾਬ ਦੇ ਅਸਲੀ ਹੀਰੋ ਤਾਂ ਸੜਕਾਂ ਤੇ ਰੇਲ ਪਟੜੀਆਂ ‘ਤੇ ਬੈਠੇ ਕਿਸਾਨ
ਢੀਂਡਸਾ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕਰਕੇ ਮਗਰੋਂ ਨੁਕਤਾਚੀਨੀ ਕਰਨ ਵਾਲਿਆਂ ਦੇ ਮਨ ‘ਚ ਇਹ ਵਹਿਮ ਹੈ ਕਿ ਇਸ ਤਰ੍ਹਾਂ ਕਰਕੇ ਕਾਂਗਰਸ ਜਾਂ ਕੈਪਟਨ ਅਮਰਿੰਦਰ ਸਿੰਘ ਹੀਰੋ ਬਣ ਰਹੇ ਹਨ ਜਦੋਂਕਿ ਪੰਜਾਬ ਦੇ ਅਸਲੀ ਹੀਰੋ ਤਾਂ ਸੜਕਾਂ ਤੇ ਰੇਲ ਪਟੜੀਆਂ ‘ਤੇ ਬੈਠੇ ਕਿਸਾਨ ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦਾ ਇੱਕ ਵੱਖਰਾ ਬਿੱਲ ਲਿਆਂਦਾ ਜਾਵੇ ਜੋ ਪੰਜਾਬ ‘ਚ ਲਾਗੂ ਹੋ ਸਕੇ ਕਿਉਂਕਿ ਹੁਣ ਜੋ ਕੇਂਦਰੀ ਬਿੱਲ ਦੇ ਬਰਾਬਰ ਸੋਧ ਬਿੱਲ ਲਿਆਂਦਾ ਹੈ।
ਇਸ ਨਾਲ ਕੋਈ ਸਹਾਰਾ ਨਹੀਂ ਮਿਲਣਾ ਪਰ ਐਨਾਂ ਜ਼ਰੂਰ ਹੈ ਕਿ ਕੇਂਦਰ ਨੂੰ ਸੁਨੇਹਾ ਪੁੱਜ ਗਿਆ ਉਨ੍ਹਾਂ ਕਿਹਾ ਕਿ ਬਿੱਲਾਂ ਦੀ ਖਾਤਰ ਤਾਂ ਸੰਵਿਧਾਨਕ ਲੜਾਈ ਲੜਨੀ ਪਵੇਗੀ। ਪੰਜਾਬ ਵਿਧਾਨ ਸਭਾ ‘ਚ ਪਾਸ ਹੋਏ ਬਿੱਲਾਂ ਨੂੰ ਰਾਜਪਾਲ ਵੱਲੋਂ ਮਨਜੂਰੀ ਦੇਣ ਸਬੰਧੀ ਪੁੱਛੇ ਜਾਣ ‘ਤੇ ਪ੍ਰਮਿੰਦਰ ਢੀਂਡਸਾ ਨੇ ਕਿਹਾ ਕਿ ਲੱਗਦਾ ਹੈ ਕਿ ਰਾਜਪਾਲ ਅਜਿਹਾ ਨਹੀਂ ਕਰਨਗੇ ਕਿਉਂਕਿ ਉਹ ਵੀ ਕੇਂਦਰ ਦੇ ਹੀ ਨੁਮਾਇੰਦੇ ਹਨ ਉਨ੍ਹਾਂ ਕਾਂਗਰਸ ਸਰਕਾਰ ਦੀ ਇਸ ਗੱਲੋਂ ਵੀ ਨਿਖੇਧੀ ਕੀਤੀ ਕਿ ਪੇਸ਼ ਕੀਤਾ ਜਾਣ ਵਾਲਾ ਬਿੱਲ ਇੱਕ ਦਿਨ ਪਹਿਲਾਂ ਤੱਕ ਵੀ ਕਿਸੇ ਨੂੰ ਨਹੀਂ ਦਿੱਤਾ ਗਿਆ ਜੋ ਬਹੁਤ ਮਾੜੀ ਗੱਲ ਹੈ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਹੋਣ ਦੀਆਂ ਉੱਡ ਰਹੀਆਂ ਅਫਵਾਹਾਂ ਦਾ ਜ਼ਿਕਰ ਕਰਦਿਆਂ ਸਾਬਕਾ ਖਜਾਨਾ ਮੰਤਰੀ ਨੇ ਕਿਹਾ ਕਿ ਅਜਿਹਾ ਕਰਕੇ ਕੈਪਟਨ ਸਰਕਾਰ ਲੋਕਾਂ ਦੀ ਹਮਦਰਦੀ ਹਾਸਿਲ ਕਰਨੀ ਚਾਹੁੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.