ਪੰਜਾਬ ਅੰਦਰ ਹਰੇ-ਭਰੇ ਰੁੱਖਾਂ ਦਾ ਵੱਡੀ ਗਿਣਤੀ ‘ਚ ਸੁੱਕਣਾ ਗੰਭੀਰ ਚਿੰਤਾ ਦਾ ਵਿਸ਼ਾ

ਪੰਜਾਬ ਅੰਦਰ ਹਰੇ-ਭਰੇ ਰੁੱਖਾਂ ਦਾ ਵੱਡੀ ਗਿਣਤੀ ‘ਚ ਸੁੱਕਣਾ ਗੰਭੀਰ ਚਿੰਤਾ ਦਾ ਵਿਸ਼ਾ

ਪੰਜਾਬ ਵਿੱਚ ਵਣਾਂ ਹੇਠ ਰਕਬਾ ਪੰਜਾਬ ਦੇ ਕੁੱਲ ਰਕਬੇ ਦਾ 6 ਪ੍ਰਤੀਸ਼ਤ ਹੀ ਹੈ। ਇਹ ਰੁੱਖ ਸੰਪੱਤੀ ਪੰਜਾਬ ਸਰਕਾਰ ਦਾ ਬਹੁਤ ਵੱਡਾ ਸਰਮਾਇਆ ਹਨ। ਇਨ੍ਹਾਂ ਰੁੱਖਾਂ ਕਾਰਨ ਹੀ ਵਾਤਾਵਰਨ ਸੰਤੁਲਨ ਵਿੱਚ ਰਹਿੰਦਾ ਹੈ। ਪੰਜਾਬ ਸਰਕਾਰ ਅਤੇ ਵਣ ਵਿਭਾਗ ਪੰਜਾਬ ਦੀ ਅਣਗਹਿਲੀ ਕਾਰਨ ਬਹੁਤ ਕੀਮਤੀ ਰੁੱਖ ਕਿਸੇ ਖ਼ਾਸ ਬਿਮਾਰੀਆਂ ਕਾਰਨ ਸੁੱਕ ਚੁੱਕੇ ਹਨ। ਬੇਸ਼ੱਕ ਭਾਰਤ ਸਰਕਾਰ ਨੇ ਦੇਹਰਾਦੂਨ ਵਿਖੇ ਅਤੇ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਆਦਿ ਕਈ ਥਾਵਾਂ ‘ਤੇ ਖੋਜ ਯੂਨੀਵਰਸਿਟੀਆਂ ਅਤੇ ਖੋਜ ਕੇਂਦਰ ਤਿਆਰ ਕੀਤੇ ਹੋਏ ਹਨ, ਜਿਨ੍ਹਾਂ ਵਿੱਚ ਰੁੱਖਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਰੁੱਖਾਂ ਨੂੰ ਬਚਾਉਣ ਅਤੇ ਹੋਰ ਕਈ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ, ਪਤਾ ਨਹੀਂ ਲੱਗ ਰਿਹਾ ਕਿ ਇਹ ਖੋਜਾਂ ਕਿੱਥੇ ਅਤੇ ਕਿਸ ਕੰਮ ਲਈ ਕੀਤੀਆਂ ਜਾ ਰਹੀਆਂ ਹਨ। ਜੇਕਰ ਪੰਜਾਬ ਦੇ ਰੁੱਖਾਂ ਦਾ ਖ਼ਜ਼ਾਨਾ ਹੀ ਖ਼ਤਮ ਹੋ ਗਿਆ ਤਾਂ ਇਹ ਖੋਜਾਂ ਕਿਸ ਕੰਮ ਆਉਣਗੀਆਂ ਇਹ ਰੁੱਖ ਹੀ ਸਾਡੀ ਜ਼ਿੰਦਗੀ ਨੂੰ ਆਕਸੀਜ਼ਨ ਦੇਣ ਦਾ ਇੱਕ ਕੁਦਰਤੀ ਅਣਮੁੱਲਾ ਸਰੋਤ ਹਨ।

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵਣ ਵਿਭਾਗ ਅਲੱਗ ਤੌਰ ‘ਤੇ ਕੰਮ ਕਰ ਰਿਹਾ ਹੈ। ਜਿਸ ਦਾ ਕੰਮ ਰੁੱਖਾਂ ਦੀਆਂ ਨਵੀਆਂ ਕਿਸਮਾਂ ਤਿਆਰ ਕਰਨਾ ਅਤੇ ਰੁੱਖਾਂ ਨੂੰ ਲੱਗ ਰਹੀਆਂ ਬਿਮਾਰੀਆਂ ਤੋਂ ਬਚਾਉਣਾ ਹੈ। ਪਿਛਲੇ ਪੰਦਰਾਂ-ਵੀਹ ਸਾਲਾਂ ਤੋਂ ਪੰਜਾਬ ਅੰਦਰ ਬਹੁਤ ਹੀ ਕੀਮਤੀ ਰੁੱਖ ਲਗਾਤਾਰ ਸੁੱਕ ਰਹੇ ਹਨ। ਜਿਨ੍ਹਾਂ ਵਿਚ ਸੱਤਰ ਪ੍ਰਤੀਸ਼ਤ ਰੁੱਖ ਟਾਹਲੀ ਕਿਸਮ ਦੇ ਹਨ, ਜਿਨ੍ਹਾਂ ਦੇ ਸਮੇਤ ਸੁੱਕੇ ਰੁੱਖਾਂ ਦੀ ਕੀਮਤ ਕਰੋੜਾਂ ਰੁਪਏ ਬਣਦੀ ਹੈ ਹਰੇ-ਭਰੇ ਰੁੱਖਾਂ ਨੂੰ ਬਚਾਉਣ ਵਿਚ ਯੂਨੀਵਰਸਿਟੀਆਂ ਅਤੇ ਖੋਜ ਕੇਂਦਰ ਨਾਕਾਮ ਸਾਬਤ ਹੋਏ ਹਨ। ਇਨ੍ਹਾਂ  ਯੂਨੀਵਰਿਸਟੀਆਂ ਅਤੇ ਖੋਜ ਕੇਂਦਰਾਂ ਵਿੱਚ ਭਰਤੀ ਕੀਤੇ ਗਏ ਸਟਾਫ ਨੂੰ ਕਰੋੜਾਂ ਰੁਪਏ ਤਨਖਾਹਾਂ ਕਿਸ ਕੰਮ ਦੀਆਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰੀ ਰੁੱਖ ਸੰਪੱਤੀ ਦਾ ਏਨੀ ਵੱਡੀ ਗਿਣਤੀ ਵਿੱਚ ਸੁੱਕ ਜਾਣਾ ਵਾਤਾਵਰਨ ਅਤੇ ਰੁੱਖ ਪ੍ਰੇਮੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਪ੍ਰੰਤੂ ਸਰਕਾਰਾਂ ਨੂੰ ਇਨ੍ਹਾਂ ਰੁੱਖਾਂ ਦੇ ਸੁੱਕਣ ਦੀ ਕੋਈ ਚਿੰਤਾ ਨਹੀਂ ਹੈ।

ਪੰਜਾਬ ਦੀਆਂ ਨਹਿਰਾਂ, ਸੂਏ, ਕੱਸੀਆਂ, ਡਰੇਨਾਂ, ਸੜਕਾਂ, ਰੇਲਵੇ ਲਾਈਨਾਂ ਅਤੇ ਬੀੜਾਂ ਵਿੱਚ ਲੱਖਾਂ ਦੀ ਤਾਦਾਦ ਵਿੱਚ ਰੁੱਖ ਸੁੱਕੇ-ਖੜ੍ਹੇ ਅਤੇ ਡਿੱਗੇ ਪਏ ਹਨ। ਜੋ ਕਿ ਪੰਜਾਬ ਸਰਕਾਰ ਦੀ ਬਹੁਮੁੱਲੀ ਸੰਪੱਤੀ ਹਨ ਇਹ ਬਹੁਮੁੱਲੀ ਸੰਪੱਤੀ ਸੰਭਾਲ ਖੁਣੋਂ ਮਿੱਟੀ ਵਿੱਚ ਰੁਲ ਰਹੀ ਹੈ। ਜਿਸ ਕਾਰਨ ਪੰਜਾਬ ਸਰਕਾਰ ਦੇ ਖਜ਼ਾਨੇ  ਨੂੰ ਅਰਬਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਪਹਿਲਾਂ ਸਰਕਾਰਾਂ ਹਰੇ ਰੁੱਖਾਂ ਦੀ ਸੰਭਾਲ ਨਹੀਂ ਕਰ ਸਕੀਆਂ, ਜਿਸ ਕਾਰਨ ਵਾਤਾਵਰਨ ਖਰਾਬ ਹੋਣ ਤੇ ਲੋਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਹੁਣ ਇਹੋ ਸਰਕਾਰਾਂ ਸੁੱਕੇ ਹੋਏ ਰੁੱਖਾਂ ਨੂੰ ਸੰਭਾਲਣ ਤੋਂ ਅਸਮਰੱਥ ਜਾਪ ਰਹੀਆਂ ਹਨ।

ਸੁੱਕੇ ਰੁੱਖਾਂ ਨੂੰ ਸਿਉਂਕ ਖਾ ਰਹੀ ਹੈ ਇਨ੍ਹਾਂ ਰੁੱਖਾਂ ਦੀ ਲੱਕੜ ਇਮਾਰਤੀ ਅਤੇ ਫਰਨੀਚਰ ਆਦਿ ਵਿੱਚ ਵਰਤੋਂ ਲਈ ਫੁੱਟਾਂ ਦੇ ਹਿਸਾਬ ਨਾਲ ਵਿਕਣ ਵਾਲੀ ਲੱਕੜ ਹੈ। ਵਣ ਵਿਭਾਗ  ਦੇ ਉੱਚ ਅਧਿਕਾਰੀਆਂ ਦੇ ਦੱਸਣ ਅਨੁਸਾਰ ਪਹਿਲਾਂ ਤਾਂ ਸਰਕਾਰ ਨੇ ਪੰਜਾਬ ਦੇ ਸੁੱਕੇ ਰੁੱਖਾਂ ਨੂੰ ਕੱਟਣ ਲਈ ਕੇਂਦਰੀ ਵਾਤਾਵਰਨ ਮੰਤਰਾਲੇ ਪਾਸੋਂ ਵਰਕਿੰਗ ਪਲਾਨ ਪਾਸ ਨਹੀਂ ਕਰਵਾਇਆ। ਜਿਸ ਕਾਰਨ ਇਹ ਰੁੱਖ ਕੱਟੇ ਨਹੀਂ ਜਾ ਸਕੇ ਹੁਣ ਵਰਕਿੰਗ ਪਲਾਨ ਪਾਸ ਹੋਇਆ ਹੈ ਤਾਂ ਵਿਭਾਗ ਦੀਆਂ ਅਣਗਹਿਲੀਆਂ ਕਾਰਨ ਸੁੱਕੇ ਰੁੱਖਾਂ ਦੀਆਂ ਮਾਰਕਿੰਗ ਲਿਸਟਾਂ ਬਣਾਉਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਜੇਕਰ ਛੇ ਮਹੀਨੇ ਦੇ ਅੰਦਰ-ਅੰਦਰ ਇਹਨਾਂ ਰੁੱਖਾਂ ਦੀ ਕਟਾਈ ਨਹੀਂ ਹੁੰਦੀ ਤਾਂ ਇਹ ਰੁੱਖ ਇੱਕ ਮਿੱਟੀ ਦੀ ਢੇਰੀ ਦਿਸਣ ਲੱਗ ਪੈਣਗੇ। ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਪੱਲੇ ਪਛਤਾਵਾ ਹੀ ਰਹਿ ਜਾਵੇਗਾ ਫਿਰ ਪੰਜਾਬ ਸਰਕਾਰ ‘ਤੇ ਇਹ ਕਹਾਵਤ ਪੂਰੀ ਤਰਾਂ ਢੁੱਕੇਗੀ ” ਅਬ ਪਛਤਾਏ ਹੋਤ ਕਿਆ, ਜਬ ਚਿੜੀਆ ਚੁਗ ਗਈ ਖੇਤ”
ਬਰਨਾਲਾ
ਰਾਜਿੰਦਰ  ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.