ਪਟਿਆਲਾ ਦੇ ਦੋ ਸਰਕਾਰੀ ਸਕੂਲਾਂ ਦਾ ਦੌਰਾ, ਕੋਵਿਡ-19 ਤੋਂ ਬਚਾਅ ਲਈ ਪ੍ਰਬੰਧਾਂ ਦਾ ਨਿਰੀਖਣ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਰਾਜ ਅੰਦਰ 19 ਅਕਤੂਬਰ ਤੋਂ ਖੁੱਲ੍ਹ ਰਹੇ ਸਰਕਾਰੀ ਸਕੂਲਾਂ ਵਿਖੇ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾ ਦੀ ਪਾਲਣਾ ਕੀਤੇ ਜਾਣ ਤਹਿਤ ਅੱਜ ਪਟਿਆਲਾ ਸ਼ਹਿਰ ਦੇ ਦੋ ਵੱਡੇ ਸਰਕਾਰੀ ਸਕੂਲਾਂ ਵਿੱਚ ਕੀਤੇ ਜਾ ਰਹੇ ਅਗਾਊ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇੱਥੇ ਪਾਸੀ ਰੋਡ ‘ਤੇ ਸਥਿੱਤ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਦਾ ਦੌਰਾ ਕੀਤਾ ਗਿਆ। ਸਿੱਖਿਆ ਮੰਤਰੀ ਨੇ ਇਸ ਦੌਰਾਨ ਜਮਾਤਾਂ ਵਾਲੇ ਕਮਰਿਆਂ, ਪਖਾਨਿਆਂ, ਪੀਣ ਵਾਲੇ ਪਾਣੀ ਅਤੇ ਵਿਸ਼ਾਣੂ ਰਹਿਤ ਕਰਨ ਦੀ ਪ੍ਰਕਿਰਿਆ ਦਾ ਬਹੁਤ ਹੀ ਬਾਰੀਕੀ ਨਾਲ ਨਿਰੀਖਣ ਕੀਤਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਅਧਿਆਪਕਾਂ ਦਾ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਸਭ ਤੋਂ ਲਾਜ਼ਮੀ ਹੈ, ਜਿਸ ਤਹਿਤ ਮਾਸਕ ਦੀ ਲਾਜ਼ਮੀ ਵਰਤੋਂ, ਹੱਥਾਂ ਨੂੰ ਵਿਸ਼ਾਣੂ ਰਹਿਤ ਕਰਨਾ ਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਆਦਿ ਸਾਵਧਾਨੀਆਂ ਅਹਿਮ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਕੋਵਿਡ-19 ਦੌਰਾਨ ਸਕੂਲ ਖੁੱਲ੍ਹਣ ਮੌਕੇ ਵਿਦਿਆਰਥੀਆਂ ਲਈ ਆਦਰਸ਼ ਬਣਕੇ ਵਿਚਰਨਾ ਪਵੇਗਾ ਜਿਸ ਸਦਕਾ ਹੀ ਵਿਦਿਆਰਥੀ ਕੋਵਿਡ ਸਬੰਧੀ ਸਾਵਧਾਨੀਆਂ ਵਰਤਣਗੇ। ਉਨ੍ਹਾਂ ਕਿਹਾ ਕਿ ਮਾਪਿਆਂ ਵੱਲੋਂ ਲਿਖਤੀ ਰੂਪ ‘ਚ ਦਿੱਤਾ ਗਿਆ ਸਹਿਮਤੀ ਪੱਤਰ ਹਰੇਕ ਵਿਦਿਆਰਥੀ ਕੋਲ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਸਕੂਲ ‘ਚ ਗਰੁੱਪ ਵਾਰ ਬੁਲਾਇਆ ਜਾਵੇ ਤਾਂ ਜੋ ਸਮਾਜਿਕ ਦੂਰੀ ਬਰਾਬਰ ਰੱਖੀ ਜਾ ਸਕੇ।
ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜ ਦੇ ਸਕੂਲਾਂ ਵੱਲੋਂ 19 ਅਕਤੂਬਰ ਨੂੰ ਸਕੂਲ ਖੋਲ੍ਹਣ ਸਬੰਧੀ ਵਿਆਪਕ ਸਫਾਈ ਤੇ ਸੈਂਟੇਟਾਈਜੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ, ਉਮੀਦ ਹੈ ਕਿ ਬਾਕੀ ਰਹਿੰਦੇ ਦੋ ਦਿਨਾਂ ਦੌਰਾਨ ਇਹ ਮੁਹਿੰਮ ਨੇਪਰੇ ਚੜ੍ਹ ਜਾਵੇਗੀ। ਇਸ ਤੋਂ ਇਲਾਵਾ ਦੋਨਾਂ ਸਕੂਲਾਂ ਦੇ ਅਮਲੇ ਨਾਲ ਮੀਟਿੰਗਾਂ ਅਤੇ ਇੱਥੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵੀ ਪ੍ਰਿੰਸੀਪਲਾਂ ਤੋਂ ਜਾਣਕਾਰੀ ਹਾਸਿਲ ਕਰਕੇ ਹੋਰ ਜਰੂਰਤਾਂ ਸਬੰਧੀ ਵੀ ਚਰਚਾ ਕੀਤੀ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ, ਪ੍ਰਿੰ. ਤੋਤਾ ਸਿੰਘ ਚਹਿਲ, ਪ੍ਰਿੰ. ਵਰਿੰਦਰ ਬਾਤਿਸ਼, ਸੁਰਿੰਦਰ ਸਿੰਘ ਭਰੂਰ ਅਤੇ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.