ਫਾਰੂਕ ਦੇ ਸੁਰਾਂ ‘ਚ ਦੇਸ਼ਧ੍ਰੋਹ ਦੀ ਬੋਅ
ਭਾਰਤ ਮਾਤਾ ਦੀ ਜੈ ਬੋਲਣ ਵਾਲੇ ਡਾ. ਫਾਰੂਕ ਅਬਦੁੱਲਾ ਦੀ ਜ਼ੁਬਾਨ ਹੁਣ ਅੰਗਿਆਰੇ ਉਗਲ ਰਹੀ ਹੈ। ਸੁਰ ਇੱਕਦਮ ਦੇਸ਼ਧ੍ਰੋਹ ਵਰਗੇ ਹਨ। ਮੱਥੇ ‘ਤੇ ਤਿਉੜੀਆਂ ਪਈਆਂ ਹਨ। ਚਿਹਰਾ ਭਖਿਆ ਹੋਇਆ ਹੈ। ਕਸ਼ਮੀਰੀਆਂ ਦੇ ਮੋਢੇ ‘ਤੇ ਏਕੇ-47 ਰੱਖ ਕੇ ਅਸੰਵਿਧਾਨਿਕ ਅਤੇ ਹੌਲੇ ਸ਼ਬਦਾਂ ਦੀ ਲਗਾਤਾਰ ਫਾਇਰਿੰਗ ਕਰ ਰਹੇ ਹਨ। ਕਸ਼ਮੀਰ ਦੇ ਲੋਕ ਖੁਦ ਨੂੰ ਭਾਰਤੀ ਨਹੀਂ ਮੰਨਦੇ ਹਨ, ਨਾ ਹੀ ਉਹ ਭਾਰਤੀ ਹੋਣਾ ਚਾਹੁੰਦੇ ਹਨ। ਕਸ਼ਮੀਰੀ ਭਾਰਤ ਦੀ ਬਜਾਏ ਚੀਨੀ ਰਾਜ ਪਸੰਦ ਕਰਨਗੇ। ਦਰਅਸਲ ਦੇਸ਼ ਵਿਰੋਧੀ ਤਲਖ਼ ਬਿਆਨਾਂ ਨੇ ਹਮੇਸ਼ਾ ਕਸ਼ਮੀਰ ਦੀ ਸਿਆਸਤ ਵਿੱਚ ਖਾਦ-ਪਾਣੀ ਦੇਣ ਦਾ ਕੰਮ ਕੀਤਾ ਹੈ। ਨਤੀਜੇ ਵਜੋਂ ਕਸ਼ਮੀਰ ਨੂੰ ਵਿਕਾਸ ਦੀ ਧਾਰਾ ਤੋਂ ਕੋਹਾਂ ਦੂਰ ਰੱਖਿਆ। ਹਕੀਕਤ ਇਹ ਹੈ, ਆਖਿਰ ਦਿਲ ਦੀ ਗੱਲ ਜ਼ੁਬਾਨ ‘ਤੇ ਆ ਹੀ ਗਈ ਹੈ।
ਵੱਡੇ ਅਬਦੁੱਲਾ ਮੰਨਦੇ ਹਨ, ਕਸ਼ਮੀਰੀ ਲੋਕਾਂ ਦੇ ਨਾਲ ਹੁਣ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਹਾਲਾਤ ਗੁਲਾਮਾਂ ਵਰਗੇ ਹਨ, ਇਸ ਲਈ ਜੰਮੂ-ਕਸ਼ਮੀਰ ਵਿੱਚ ਧਾਰਾ-370 ਅਤੇ ਧਾਰਾ 35ਏ ਮੁੜ ਬਹਾਲ ਕੀਤੀ ਜਾਵੇ। ਉਨ੍ਹਾਂ ਇਹ ਭੜਾਸ ਵੈਬਸਾਈਟ ਅਤੇ ਪੱਤ੍ਰਿਕਾ ਨੂੰ ਦਿੱਤੀਆਂ ਵੱਖ-ਵੱਖ ਇੰਟਰਵਿਊ ਵਿੱਚ ਕੱਢੀ। ਇਸ ਗੁਫਤਗੂ ਵਿੱਚ ਉਹ ਆਪਾ ਗੁਆ ਬੈਠੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੋਖੇਬਾਜ ਦੀ ਸੰਘਿਆ ਦੇਣ ਤੋਂ ਨਹੀਂ ਝਿਜਕੇ।
ਬੋਲੇ, ਚੀਨ ਨੇ ਕਦੇ ਵੀ ਧਾਰਾ 370 ਖਤਮ ਕਰਨ ਦੀ ਵਕਾਲਤ ਨਹੀਂ ਕੀਤੀ ਹੈ। ਸਾਨੂੰ ਉਮੀਦ ਹੈ, ਆਰਟੀਕਲ 370 ਨੂੰ ਫਿਰ ਤੋਂ ਚੀਨ ਦੀ ਮੱਦਦ ਨਾਲ ਬਹਾਲ ਕੀਤਾ ਜਾ ਸਕੇਗਾ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਸਮਾਪਤੀ ਤੋਂ ਬੇਹਦ ਪਰੇਸ਼ਾਨ ਵੱਡੇ ਅਬਦੁੱਲਾ ਨੇ ਇਸਨੂੰ ਤਾਬੂਤ ਵਿੱਚ ਆਖਰੀ ਕਿੱਲ ਕਰਾਰ ਦਿੱਤਾ। ਉਹ ਕਹਿੰਦੇ ਹਨ, ਘਾਟੀ ਦੇ ਲੋਕਾਂ ਨੇ ਗਾਂਧੀ ਦੇ ਭਾਰਤ ਨੂੰ ਚੁਣਿਆ ਸੀ, ਨਾ ਕਿ ਮੋਦੀ ਦੇ ਭਾਰਤ ਨੂੰ। ਉਹ ਸਵਾਲ-ਦਰ-ਸਵਾਲ ਕਰਦੇ ਹਨ। ਪੁੱਛਦੇ ਹਨ-ਘਾਟੀ ਦੀ ਹਰ ਗਲੀ ਵਿੱਚ ਫੌਜੀ ਏਕੇ-47 ਲੈ ਕੇ ਖੜ੍ਹੇ ਹਨ, ਆਜ਼ਾਦੀ ਕਿੱਥੇ ਹੈ?
ਲੱਗਦਾ ਹੈ, ਡਾ. ਫਾਰੂਕ ਅਬਦੁੱਲਾ ਦਾ ਕੋਈ ਕਸੂਰ ਨਹੀਂ ਹੈ।
ਦੇਸ਼ਧ੍ਰੋਹ ਦੀਆਂ ਚਾਲਾਂ ਉਨ੍ਹਾਂ ਦੇ ਖੂਨ ਵਿੱਚ ਹਨ। ਇਤਿਹਾਸ ਗਵਾਹ ਹੈ, ਜੰਮੂ-ਕਸ਼ਮੀਰ ਨੂੰ ਭਾਰਤ ਵਿਚ ਮਿਲਾਉਣ ਤੋਂ ਬਾਅਦ ਡਾ. ਫਾਰੂਕ ਅਬਦੁੱਲਾ ਦੇ ਪਿਤਾ ਸ਼ੇਖ ਅਬਦੁੱਲਾ ਦੀ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਤਾਜਪੋਸ਼ੀ ਹੋਈ, ਪਰ ਤੱਤਕਾਲੀ ਸਦਰ-ਏ-ਰਿਆਸਤ ਡਾ. ਕਰਨ ਸਿੰਘ ਨੇ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਸੀ। 1953 ਵਿੱਚ ਬਰਖਾਸਤਗੀ ਦੇ ਮੂਲ ਵਿੱਚ ਸ਼ੇਖ ਅਬਦੁੱਲਾ ‘ਤੇ ਕਸ਼ਮੀਰ ਕਾਂਸਪਿਰੇਸੀ ਦਾ ਇਲਜ਼ਾਮ ਸੀ। ਹਾਲਾਂਕਿ ਕਿਹਾ ਇਹ ਜਾਂਦਾ ਹੈ, ਉਨ੍ਹਾਂ ਨੂੰ ਸਦਨ ਵਿੱਚ ਬਹੁਮਤ ਨਾ ਹੋਣ ਕਾਰਨ ਬਰਖਾਸਤ ਕਰ ਦਿੱਤਾ ਗਿਆ ਸੀ। ਸ਼ੇਖ ਅਬਦੁੱਲਾ ਦੀ ਕੈਬਨਿਟ ਦੇ ਸਾਥੀ ਬਖਸ਼ੀ ਗੁਲਾਮ ਮੁਹੰਮਦ ਨੂੰ ਕਸ਼ਮੀਰ ਦਾ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਗਿਆ। ਥੋੜ੍ਹੇ ਹੀ ਦਿਨ ਬਾਅਦ ਕਸ਼ਮੀਰ ਕਾਂਸਪਿਰੇਸੀ ਦੇ ਇਲਜ਼ਾਮ ਵਿੱਚ ਫਾਰੂਕ ਅਬਦੁੱਲਾ ਦੇ ਪਿਤਾ ਸ਼ੇਖ ਅਬਦੁੱਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਉਹ ਕਰੀਬ 11 ਸਾਲ ਜੇਲ੍ਹ ਵਿੱਚ ਰਹੇ। ਹੁਣ ਫਾਰੂਕ ਦੇ ਬੇਟੇ ਉਮਰ ਅਬਦੁੱਲਾ ਆਪਣੇ ਦਾਦਾ ਅਤੇ ਪਿਤਾ ਦੇ ਰਸਤਾ ‘ਤੇ ਚੱਲਣ ਦੀ ਤਾਕ ਵਿੱਚ ਹਨ। ਕਹਿੰਦੇ ਹਨ, ਪੁੱਤ ਦੇ ਪੈਰ ਪਾਲਣੇ ਵਿੱਚ ਦਿਖਾਈ ਦੇ ਜਾਂਦੇ ਹਨ। ਉਮਰ ਨੇ ਇੱਕ ਨਿਊਜ਼ ਪੇਪਰ ਵਿੱਚ ਲਿਖੇ ਆਪਣੇ ਆਰਟੀਕਲ ਵਿੱਚ ਐਲਾਨ ਕੀਤਾ ਹੈ, ਜਦੋਂ ਤੱਕ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਸੂਬਾ ਰਹੇਗਾ, ਉਹ ਵਿਧਾਨ ਸਭਾ ਦੀ ਚੋਣ ਨਹੀਂ ਲੜਨਗੇ।
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ ਮੰਨਦੇ ਹਨ,
ਮੌਜੂਦਾ ਸਮੇਂ ਵਿੱਚ ਕਸ਼ਮੀਰੀ ਨਾਗਰਿਕ ਖੁਦ ਨੂੰ ਭਾਰਤੀ ਨਹੀਂ ਸਮਝਦੇ ਅਤੇ ਉਹ ਭਾਰਤੀ ਰਹਿਣਾ ਵੀ ਨਹੀਂ ਚਾਹੁੰਦੇ ਹਨ। ਇਸਦੀ ਬਜਾਏ ਕਸ਼ਮੀਰੀ ਨਾਗਰਿਕ ਚੀਨੀ ਸ਼ਾਸਨ ਵਿੱਚ ਰਹਿਣ ਨੂੰ ਤਿਆਰ ਹਨ। ਨੈਸ਼ਨਲ ਕਾਨਫਰੰਸ ਦੇ ਮੁਖੀ ਅਤੇ ਚਾਰ ਦਹਾਕਿਆਂ ਤੋਂ ਜੰਮੂ ਕਸ਼ਮੀਰ ਦੀ ਰਾਜਨੀਤੀ ਵਿੱਚ ਭਾਰਤ ਸਮਰਥਿਤ ਚਿਹਰਿਆਂ ਵਿੱਚੋਂ ਇੱਕ ਰਹੇ ਅਬਦੁੱਲਾ ਨੇ ਕਸ਼ਮੀਰੀਆਂ ਦੀ ਤੁਲਨਾ ਗੁਲਾਮਾਂ ਨਾਲ ਕਰਦੇ ਹੋਏ ਕਿਹਾ, ਉਨ੍ਹਾਂ ਦੇ ਨਾਲ ਦੇਸ਼ ਦੇ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ। ਭਾਜਪਾ ਦਾ ਇਹ ਕਹਿਣਾ ਵੀ ਬਿਲਕੁਲ ਅਰਥਹੀਣ ਹੈ,
ਕਸ਼ਮੀਰ ਦੇ ਲੋਕਾਂ ਨੇ ਅਗਸਤ 2019 ਵਿੱਚ ਹੋਏ ਬਦਲਾਵਾਂ ਨੂੰ ਸਵੀਕਾਰ ਕਰ ਲਿਆ ਹੈ, ਉਹ ਵੀ ਸਿਰਫ ਇਸ ਲਈ ਕਿ ਉੱਥੇ ਕੋਈ ਪ੍ਰਦਰਸ਼ਨ ਨਹੀਂ ਹੋਇਆ । ਜੇਕਰ ਕਸ਼ਮੀਰ ਦੀ ਹਰ ਸੜਕ ਤੋਂ ਫੌਜੀਆਂ ਨੂੰ ਹਟਾ ਦਿੱਤਾ ਜਾਵੇ ਅਤੇ ਉੱਥੋਂ ਧਾਰਾ 144 ਵੀ ਹਟਾ ਦਿੱਤੀ ਜਾਵੇ ਤਾਂ ਲੱਖਾਂ ਦੀ ਗਿਣਤੀ ਵਿੱਚ ਲੋਕ ਸੜਕਾਂ ‘ਤੇ ਆ ਜਾਣਗੇ। ਅਬਦੁੱਲਾ ਨੇ ਇਸ ਇੰਟਰਵਿਊ ਵਿੱਚ ਦੱਸਿਆ, ਘਾਟੀ ਨੂੰਹਿੰਦੂਆਂ ਨਾਲ ਭਰ ਦੇਣ ਅਤੇ ਘਾਟੀ ਵਿਚ ਹਿੰਦੂਆਂ ਨੂੰ ਬਹੁਮਤ ਵਿੱਚ ਲਿਆਉਣ ਲਈ ਹੀ ਨਵਾਂ ਡੋਮੀਸਾਈਲ ਕਾਨੂੰਨ ਲਿਆਂਦਾ ਗਿਆ। ਇਸ ਨਾਲ ਕਸ਼ਮੀਰ ਦੇ ਲੋਕਾਂ ਵਿੱਚ ਹੋਰ ਕੁੜੱਤਣ ਪੈਦਾ ਹੋਈ ਹੈ ।
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਪੁੱਛਦੇ ਹਨ, ਦੇਸ਼ ਦੀ ਖੁਦਮੁਖਤਿਆਰੀ ‘ਤੇ ਪ੍ਰਸ਼ਨ ਉਠਾਉਣਾ, ਦੇਸ਼ ਦੀ ਅਜ਼ਾਦੀ ‘ਤੇ ਸਵਾਲੀਆ ਨਿਸ਼ਾਨ ਲਾਉਣਾ ਕੀ ਇੱਕ ਸਾਂਸਦ ਨੂੰ ਸੋਭਾ ਦਿੰਦਾ ਹੈ? ਕੀ ਇਹ ਦੇਸ਼ ਵਿਰੋਧੀ ਗੱਲਾਂ ਨਹੀਂ ਹਨ? ਉਨ੍ਹਾਂ ਅੱਗੇ ਕਿਹਾ, ਇਨ੍ਹਾਂ ਡਾ. ਫਾਰੂਕ ਅਬਦੁੱਲਾ ਨੇ ਭਾਰਤ ਲਈ ਕਿਹਾ ਸੀ ਕਿ ਪੀਓਕੇ ਕੀ ਤੁਹਾਡੇ ਬਾਪ ਦਾ ਹੈ, ਜੋ ਤੁਸੀਂ ਪੀਓਕੇ ਲੈ ਲਓਗੇ, ਕੀ ਪਾਕਿਸਤਾਨ ਨੇ ਚੂੜੀਆਂ ਪਾਈਆਂ ਹੋਈਆਂ ਹਨ। ਪਾਕਿਸਤਾਨ ਅਤੇ ਚੀਨ ਨੂੰ ਲੈ ਕੇ ਜਿਸ ਤਰ੍ਹਾਂ ਦੀ ਨਰਮਾਈ ਅਤੇ ਭਾਰਤ ਨੂੰ ਲੈ ਕੇ ਜਿਸ ਤਰ੍ਹਾਂ ਦੀ ਵਹਿਮ ਇਨ੍ਹਾਂ ਦੇ ਮਨ ਵਿੱਚ ਹੈ,
ਇਹ ਗੱਲਾਂ ਆਪਣੇ-ਆਪ ਵਿੱਚ ਬਹੁਤ ਸਾਰੇ ਸਵਾਲ ਖੜ੍ਹੇ ਕਰਦੀਆਂ ਹਨ। ਫਾਰੂਕ ਨੂੰ ਕਰੜੇ ਹੱਥੀਂ ਲੈਂਦੇ ਹੋਏ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਸੂਬੇ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਕਹਿੰਦੇ ਹਨ, ਜੰਮੂ-ਕਸ਼ਮੀਰ ਕਿਸੇ ਦੇ ਬਾਪ-ਦਾਦੇ ਦੀ ਜਾਗੀਰ ਨਹੀਂ ਹੈ, ਇਹ ਸਾਡੀ ਮਾਤ-ਭੂਮੀ ਹੈ। ਫਾਰੂਕ ਚੀਨ ਦਾ ਸਹਾਰਾ ਲੈਣਾ ਬੰਦ ਕਰੇ ਅਤੇ ਖਿਆਲੀ ਘੋੜੇ ਨਾ ਭਜਾਵੇ।
ਡਾ. ਫਾਰੂਕ ਅਬਦੁੱਲਾ ਮੰਨਦੇ ਹਨ, ਕੇਂਦਰ ਸਰਕਾਰ ਖਾਸ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਤੀ ਉਨ੍ਹਾਂ ਦਾ ਮੋਹਭੰਗ ਹੋ ਗਿਆ ਹੈ। ਘਾਟੀ ਦੇ ਲੋਕਾਂ ਦਾ ਕੇਂਦਰ ਸਰਕਾਰ ਵਿੱਚ ਕੋਈ ਵਿਸ਼ਵਾਸ ਨਹੀਂ ਹੈ। ਅਬਦੁੱਲਾ ਨੇ 5 ਅਗਸਤ, 2019 ਨੂੰ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਨੂੰ ਲੈ ਕੇ ਹੋਏ ਫੈਸਲੇ ਤੋਂ 72 ਘੰਟੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੋਈ ਮੀਟਿੰਗ ਵਿੱਚ ਹੋਏ ਸੰਵਾਦ ਦਾ ਖੁਲਾਸਾ ਵੀ ਕੀਤਾ।
ਅਬਦੁੱਲਾ ਨੇ ਕਿਹਾ, ਪ੍ਰਧਾਨ ਮੰਤਰੀ ਨੇ ਮੀਟਿੰਗ ਵਿੱਚ ਧਾਰਾ 370 ਅਤੇ 35 ਏ ਨੂੰ ਲੈ ਕੇ ਇੱਕ ਸ਼ਬਦ ਨਹੀਂ ਕਿਹਾ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਇਨ੍ਹਾਂ ਦੋਨਾਂ ਧਾਰਾਵਾਂ ਨੂੰ ਕੋਈ ਖ਼ਤਰਾ ਨਹੀਂ ਹੈ। 5 ਅਗਸਤ, 2019 ਨੂੰ ਅਚਾਨਕ ਸੰਵਿਧਾਨਕ ਬਦਲਾਅ ਤੋਂ ਬਾਅਦ ਉਹ ਖੁਦ ਦੋ ਪਾਸਿਓਂ ਫਸੇ ਸਨ। ਇੱਕ ਪਾਸੇ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਦੇਸ਼ਧ੍ਰੋਹੀ ਵਾਂਗ ਵੇਖਿਆ ਅਤੇ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ, ਕਸ਼ਮੀਰੀ ਉਨ੍ਹਾਂ ਨੂੰ ਸਰਕਾਰ ਦੇ ਖਿਦਮਤਗਾਰ ਦੇ ਰੂਪ ਵਿੱਚ ਵੇਖ ਰਹੇ ਸਨ ਅਤੇ ‘ਅਬਦੁੱਲਾ ਦੇ ਨਾਲ ਸਹੀ ਹੋਇਆ’ ਵਰਗੀਆਂ ਗੱਲਾਂ ਕਹਿ ਰਹੇ ਸਨ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦੇ ‘ਭਾਰਤ ਮਾਤਾ ਦੀ ਜੈ’ ਬੋਲਣ ‘ਤੇ ਉਨ੍ਹਾਂ ਨੂੰ ਮਾੜਾ-ਚੰਗਾ ਕਿਹਾ ਗਿਆ, ਤੰਜ ਕੱਸੇ ਗਏ।
ਨਜ਼ਰਬੰਦੀ ਵਿੱਚ ਸੱਤ ਤੋਂ ਅੱਠ ਮਹੀਨੇ ਰਹਿਣ ਤੋਂ ਬਾਅਦ ਲੋਕਾਂ ਨੂੰ ਹੁਣ ਅਹਿਸਾਸ ਹੋਇਆ ਕਿ ਅਸੀਂ ਸਰਕਾਰ ਦੇ ਖਿਦਮਤਗਾਰ ਨਹੀਂ ਹਾਂ। ਹੁਣ ਨਾ ਸਿਰਫ਼ ਨੈਸ਼ਨਲ ਕਾਨਫਰੰਸ ਸਗੋਂ ਸਾਰੀਆਂ ਪਾਰਟੀਆਂ ਇਸ ਮੁੱਦੇ ‘ਤੇ ਨਾਲ ਹਨ ਅਤੇ ਕਸ਼ਮੀਰੀਆਂ ਦੀ ਗਰਿਮਾ ਨੂੰ ਬਹਾਲ ਕਰਨ ਨੂੰ ਲੈ ਕੇ ਵਚਨਬੱਧ ਹਨ ਭਾਵ ਧਾਰਾ 370 ਅਤੇ ਧਾਰਾ 35ਏ ਨੂੰ ਦੁਬਾਰਾ ਲਾਗੂ ਕਰਨ ਅਤੇ ਜੰਮੂ ਕਸ਼ਮੀਰ ਨੂੰ ਦੁਬਾਰਾ ਵਿਸ਼ੇਸ਼ ਰਾਜ ਦਾ ਦਰਜਾ ਦੁਆਉਣ ਲਈ ਵਚਨਬੱਧ ਹਨ। ਨਾਲ ਹੀ ਅਬਦੁੱਲਾ ਕਹਿੰਦੇ ਹਨ, ਉਨ੍ਹਾਂ ਦਾ ਸੁਪਰੀਮ ਕੋਰਟ ਵਿੱਚ ਵਿਸ਼ਵਾਸ ਹੈ।
ਉਮੀਦ ਹੈ, ਅਦਾਲਤ ਉਨ੍ਹਾਂ ਦੀ ਪਾਰਟੀ ਵੱਲੋਂ ਦਰਜ ਕੀਤੀ ਜਾ ਰਹੀ ਪਟੀਸ਼ਨ ਨੂੰ ਰੱਦ ਕਰਨਾ ਬੰਦ ਕਰੇਗੀ ਅਤੇ ਉਸ ‘ਤੇ ਸੁਣਵਾਈ ਕਰੇਗੀ। ਕਸ਼ਮੀਰ ਦੇ ਹਿੱਤ ਲਈ ਮੁਫਤੀ ਅਤੇ ਅਬਦੁੱਲਾ ਪਰਿਵਾਰ ਆਪਣੇ ਪਿਛਲੇ ਮੱਤਭੇਦਾਂ ਨੂੰ ਭੁਲਾ ਕੇ ਇਕੱਠੇ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਤਰੀਕ ਵਿੱਚ ਮਹਿਬੂਬਾ ਮੁਫਤੀ ਰਾਜਨੀਤਿਕ ਤੌਰ ‘ਤੇ ਉਨ੍ਹਾਂ ਦੇ ਬੇਟੇ ਉਮਰ ਅਤੇ ਉਨ੍ਹਾਂ ਦੇ ਨਜ਼ਦੀਕ ਹਨ। ਫਿਲਹਾਲ ਮਹਿਬੂਬਾ ਮੁਫ਼ਤੀ ਨਜ਼ਰਬੰਦ ਹਨ, ਪਰ ਇਹ ਪਿਤਾ ਅਤੇ ਪੁੱਤ ਰਿਹਾਅ ਕਰ ਦਿੱਤੇ ਗਏ ਹਨ। ਫਾਰੂਕ ਦੇਸ਼ ਦੀ ਖੁਦਮੁਖਤਿਆਰੀ ਉੱਤੇ ਲਗਾਤਾਰ ਸੱਟ ਮਾਰ ਰਹੇ ਹਨ। ਮੰਨਿਆ, ਹਰ ਵਿਅਕਤੀ ਨੂੰ ਸੰਵਿਧਾਨਕ ਪ੍ਰਗਟਾਵੇ ਦੀ ਆਜ਼ਾਦੀ ਹੈ, ਪਰ ਸੰਵਿਧਾਨ ਦੇਸ਼ ਦੇ ਟੁਕੜੇ ਕਰਨ ਦੀ ਇਜਾਜਤ ਨਹੀਂ ਦਿੰਦਾ ਹੈ। ਅਜਿਹੇ ਵਿੱਚ ਡਾ. ਫਾਰੂਕ ਅਬਦੁੱਲਾ ਨੂੰ ਮਹਿਬੂਬਾ ਮੁਫ਼ਤੀ ਦੇ ਬਰਾਬਰ ਫਿਰ ਤੋਂ ਨਜ਼ਰਬੰਦ ਕਰ ਦਿੱਤਾ ਜਾਵੇ ਤਾਂ ਦੇਸ਼ ਹਿੱਤ ਵਿੱਚ ਹੋਵੇਗਾ।
ਸ਼ਿਆਮ ਸੁੰਦਰ ਭਾਟੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.