ਚੀਨ ਨੂੰ ਠੱਲ੍ਹ ਪਾਉਣ ਦਾ ਯਤਨ
ਪਿਛਲੇ ਮੰਗਲਵਾਰ ਨੂੰ ਚਾਰ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਾ ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਸੰਮੇਲਨ ਹੋਇਆ ਜਿਸ ਵਿਚ ਕੋਰੋਨਾ ਮਹਾਂਮਾਰੀ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕੀਤੀ ਗਈ ਇਨ੍ਹਾਂ ਮੁੱਦਿਆਂ ‘ਚ ਮਨੁੱਖੀ ਸਹਾਇਤਾ, ਆਫ਼ਤ ਰਾਹਤ, ਸਿਹਤ ਸੁਰੱਖਿਆ ਅਤੇ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਦੇ ਤਰੀਕਿਆਂ ਦਾ ਆਦਾਨ-ਪ੍ਰਦਾਨ ਕਰਨ ਬਾਰੇ ਚਰਚਾ ਕੀਤੀ ਗਈ ਜਾਪਾਨ ਦੇ ਕਹਿਣ ‘ਤੇ ਚੀਨ ‘ਤੇ ਨਿਰਭਰਤਾ ਘੱਟ ਕਰਨ ਲਈ ਇੱਕ ਸਪਲਾਈ ਚੇਨ ਰਿਜੀਲੈਂਸ ਇਨਸ਼ੀਏਟਿਵ ‘ਤੇ ਵੀ ਚਰਚਾ ਕੀਤੀ ਗਈ ਨਵੀਂ ਸਪਲਾਈ ਚੇਨ ਜਰੀਏ ਸਸਤੀਆਂ ਵੈਕਸੀਨ, ਦਵਾਈਆਂ ਅਤੇ ਮੈਡੀਕਲ ਉਪਕਰਨਾਂ ਅਤੇ ਹੋਰ ਵਸਤੂਆਂ ਦੀ ਉਪਲੱਬਧਤਾ ਵਧਾਈ ਜਾਵੇਗੀ ਜਾਪਾਨ ਦਾ ਮੰਨਣਾ ਹੈ ਕਿ ਸਪਲਾਈ ਚੇਨ ਰਿਜ਼ੀਲੈਂਸ ਇਨਸ਼ੀਏਟਿਵ ਆਸਿਆਨ ਦੀ ਅਗਵਾਈ ਵਾਲੇ ਖੇਤਰੀ ਵਿਆਪਕ ਆਰਥਿਕ ਸਾਂਝੀਦਾਰੀ ਦਾ ਸਥਾਨ ਲੈ ਸਕਦਾ ਹੈ ਜਿਸ ਦਾ ਭਾਰਤ ਨੇ ਬਾਈਕਾਟ ਕੀਤਾ ਹੈ
ਕਵਾਡ ਦੇ ਇਸ ਸੰਮੇਲਨ ਵੱਲ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਵੀ ਗਿਆ ਕਿਉਂਕਿ ਇਸ ‘ਚ ਚੀਨ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਸਹਿਯੋਗ ‘ਤੇ ਵੀ ਚਰਚਾ ਕੀਤੀ ਗਈ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਬਿਆਨ ਤੋਂ ਇਹ ਸਪੱਸ਼ਟ ਹੈ ਉਨ੍ਹਾਂ ਨੇ ਚੀਨ ਦੀ ਆਲੋਚਨਾ ਕਰਦੇ ਹੋਏ ਕਿਹਾ, ”ਕਵਾਡ ਦੇ ਸਾਂਝੀਦਾਰ ਦੇ ਰੂਪ ‘ਚ ਹੁਣ ਇਹ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ ਕਿ ਅਸੀਂ ਆਪਣੇ ਲੋਕਾਂ ਅਤੇ ਸਾਂਝੀਦਾਰਾਂ ਨੂੰ ਸ਼ੋਸ਼ਣ, ਭ੍ਰਿਸ਼ਟਾਚਾਰ ਅਤੇ ਦਾਦਾਗਿਰੀ ਤੋਂ ਬਚਾਈਏ ਜਿਵੇਂ ਕਿ ਅਸੀਂ ਦੱਖਣੀ ਅਤੇ ਪੂਰਬੀ ਚੀਨ ਸਾਗਰ, ਮੇਕੋਂਗ ਹਿਮਾਲਿਆ ਅਤੇ ਤਾਈਵਾਨ ਖਾੜੀ ‘ਚ ਦੇਖਿਆ ਹੈ ” ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਉਤਪਤੀ ਵੁਆਨ ‘ਚ ਹੋਈ ਹੈ ਅਤੇ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਇਸ ਮਹਾਂਮਾਰੀ ਨੂੰ ਲੁਕਾਉਣ ਨਾਲ ਸਥਿਤੀ ਹੋਰ ਵਿਗੜੀ ਹੈ ਬੈਠਕ ਤੋਂ ਪਹਿਲਾਂ ਇੱਕ ਹੋਰ ਬਿਆਨ ‘ਚ ਪੋਂਪੀਓ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਕਵਾਡ ਨੂੰ ਇੱਕ ਸੰਸਥਾਗਤ ਰੂਪ ਦਿੱਤਾ ਜਾਵੇਗਾ ਅਤੇ ਉਸ ਦਾ ਵਿਸਥਾਰ ਕੀਤਾ ਜਾਵੇਗਾ
ਕਵਾਡ ਦੇਸ਼ਾਂ ਦੇ ਇੱਕੋ-ਜਿਹੇ ਵਿਚਾਰਾਂ ਵਾਲੇ ਦੇਸ਼ਾਂ ਨੂੰ ਬਾਦ ‘ਚ ਇਸ ‘ਚ ਸ਼ਾਮਲ ਕੀਤਾ ਜਾ ਸਕਦਾ ਹੈ ਕਵਾਡ ਨੂੰ ਇੱਕ ਸੁਰੱਖਿਆ ਢਾਂਚੇ ਦੇ ਰੂਪ ‘ਚ ਵਿਕਸਿਤ ਕੀਤਾ ਜਾ ਸਕਦਾ ਹੈ ਜੋ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਵਿਸ਼ਵ ਨੂੰ ਪੈਦਾ ਖ਼ਤਰੇ ਦੀ ਚੁਣੌਤੀ ਦਾ ਸਾਹਮਣਾ ਕਰ ਸਕਦਾ ਹੈ ਇਸ ਦੀ ਤੁਲਨਾ ‘ਚ ਹੋਰ ਤਿੰਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਚੀਨ ‘ਤੇ ਸਿੱਧਾ ਵਾਰ ਨਹੀਂ ਕੀਤਾ ਹੈ ਨਾ ਹੀ ਉਨ੍ਹਾਂ ਭਾਰਤ ਅਤੇ ਚੀਨ ਵਿਚਕਾਰ ਚੱਲ ਰਹੇ ਸਰਹੱਦ ਵਿਵਾਦ ‘ਤੇ ਸਿੱਧਾ ਬੋਲਿਆ ਹੈ
ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੂ ਮੋਟੇਗੀ ਨੇ ਕਵਾਡ ਦੇ ਵਿਸਥਾਰ ਬਾਰੇ ਅਮਰੀਕਾ ਦੇ ਰੁਖ਼ ਦਾ ਸਮੱਰਥਨ ਕੀਤਾ ਹੈ ਉਨ੍ਹਾਂ ਕਿਹਾ ਕਿ ਉਹ ਇੱਕ ਅਜ਼ਾਦ ਅਤੇ ਖੁੱਲ੍ਹਾ ਹਿੰਦ ਪ੍ਰਸ਼ਾਂਤ ਖੇਤਰ ਚਾਹੁੰਦੇ ਹਨ ਜੋ ਕਾਨੂੰਨ ਦੇ ਸ਼ਾਸਨ ਅਨੁਸਾਰ ਹੋਵੇ ਅਤੇ ਜਿੱਥੇ ਸਮੁੰਦਰੀ ਆਵਾਜਾਈ ਦੀ ਅਜ਼ਾਦੀ ਹੋਵੇ ਅਤੇ ਬਰਾਬਰ ਵਿਚਾਰਧਾਰਾ ਵਾਲੇ ਦੇਸ਼ ਇਸ ਖੇਤਰ ‘ਚ ਸਾਂਝੀਦਾਰ ਬਣ ਸਕਦੇ ਹੋਣ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ ਬਿਆਨ ਹੈਰਾਨੀ ਵਾਲਾ ਸੀ ਉਨ੍ਹਾਂ ਨੇ ਅਸਲ ਕੰਟਰੋਲ ਲਾਈਨ ‘ਤੇ ਪਿਛਲੇ ਪੰਜ ਮਹੀਨਿਆਂ ਤੋਂ ਚੱਲ ਰਹੇ ਵਿਰੋਧ ਅਤੇ ਚੀਨ ਦਾ ਹਵਾਲਾ ਨਹੀਂ ਦਿੱਤਾ ਜੈਸ਼ੰਕਰ ਨੇ ਕਿਹਾ, 2020 ਦੀਆਂ ਘਟਨਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਰਾਬਰ ਵਿਚਾਰਧਾਰਾ ਵਾਲੇ ਦੇਸ਼ ਇਸ ਮਹਾਂਮਾਰੀ ‘ਚ ਪੈਦਾ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਯਤਨ ਕਰਨ ਇੱਕ ਜਿਉਂਦੇ-ਜਾਗਦੇ ਅਤੇ ਬਹੁਤਾਤਵਾਦੀ ਲੋਕਤੰਤਰਾਂ ਦੇ ਮੁੱਲ ਇੱਕੋ-ਜਿਹੇ ਹੁੰਦੇ ਹਨ
ਇਸ ਲਈ ਇਹ ਦੇਸ਼ ਸਮੂਹਿਕ ਰੂਪ ‘ਚ ਅਜ਼ਾਦ, ਖੁੱਲ੍ਹੇੇ ਅਤੇ ਸਮਾਵੇਸ਼ੀ ਹਿੰਦ ਪ੍ਰਸ਼ਾਂਤ ਖੇਤਰ ਦੇ ਮਹੱਤਵ ਨੂੰ ਦਰਸ਼ਾਉਂਦੇ ਹਨ 2017 ਤੋਂ ਬਾਅਦ ਕਵਾਡ ਦੇਸ਼ਾਂ ਦੀਆਂ ਸੰਯੁਕਤ ਸਕੱਤਰ ਪੱਧਰ ਦੀਆਂ ਵਾਰਤਾਵਾਂ ਹੁੰਦੀਆਂ ਰਹੀਆਂ ਹਨ ਟੋਕੀਓ ‘ਚ ਹੋਈ ਇਹ ਬੈਠਕ ਕਵਾਡ ਦੇਸ਼ਾਂ ਵੱਲੋਂ ਚੀਨ ਦੇ ਹਮਲਾਵਰ ਰੁਖ਼ ਦੇ ਸਬੰਧ ‘ਚ ਤੁਰੰਤ ਕਦਮ ਚੁੱਕਣ ਦੀ ਚਿੰਤਾ ਨੂੰ ਵੀ ਦਰਸ਼ਾਉਂਦੀ ਹੈ ਅਮਰੀਕਾ ਨੇ ਪ੍ਰਸਤਾਵ ਕੀਤਾ ਕਿ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹਰ ਸਾਲ ਕੀਤੀ ਜਾਵੇ ਇਸ ਬੈਠਕ ‘ਚ ਸ਼ਾਮਲ ਹੋਣ ਲਈ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਵਧੇਰੇ ਯਤਨ ਕੀਤੇ
ਐਸ ਜੈਸ਼ੰਕਰ ਕੋਰੋਨਾ ਕਾਲ ‘ਚ ਦੂਜੀ ਵਾਰ ਵਿਦੇਸ਼ ਦੀ ਯਾਤਰਾ ‘ਤੇ ਗਏ ਇਸ ਤੋਂ ਪਹਿਲਾਂ ਉਹ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ‘ਚ ਹਿੱਸਾ ਲੈਣ ਲਈ ਰੂਸ ਗਏ ਸਨ ਅਤੇ ਉੱਥੇ ਉਨ੍ਹਾਂ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਨਾਲ ਵੀ ਮੁਲਾਕਾਤ ਕੀਤੀ ਸੀ ਉਹ ਪੇਨੇ ਦੋ ਹਫ਼ਤਿਆਂ ਦੇ ਇਕਾਂਤਵਾਸ ‘ਤੇ ਸਨ ਫ਼ਿਰ ਵੀ ਉਹ ਟੋਕੀਓ ਆਏ ਕੋਰੋਨਾ ਕਾਲ ‘ਚ ਅਸਟਰੇਲੀਆ ਦੇ ਵਿਦੇਸ਼ ਮੰਤਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਸੀ ਪੋਂਪੀਓ ਨੇ ਆਪਣੀ ਵਿਦੇਸ਼ ਯਾਤਰਾ ਦੇ ਪ੍ਰੋਗਰਾਮ ‘ਚ ਬਦਲਾਅ ਕੀਤਾ ਅਤੇ ਫਿਰ ਇਸ ਬੈਠਕ ‘ਚ ਹਿੱਸਾ ਲਿਆ ਉਹ ਇਸ ਮਹੀਨੇ ਦੇ ਆਖ਼ਰ ‘ਚ ਭਾਰਤ ਦੀ ਯਾਤਰਾ ‘ਤੇ ਵੀ ਆਉਣ ਵਾਲੇ ਹਨ ਇਸ ਸੰਮੇਲਨ ਲਈ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵੱਲੋਂ ਕੀਤੇ ਗਏ ਯਤਨ ਦੱਸਦੇ ਹਨ ਕਿ ਉਹ ਇਸ ਨੂੰ ਕਿੰਨਾ ਮਹੱਤਵ ਦਿੰਦੇ ਹਨ ਕਵਾਡ ਦਾ ਭਵਿੱਖ ਕੀ ਹੈ?
ਇਸ ਸਮੂਹ ਦੀ ਸਥਾਪਨਾ ਨਾਲ ਚੀਨ ਪਹਿਲਾਂ ਤੋਂ ਪ੍ਰੇਸ਼ਾਨ ਹੈ ਚੀਨੀ ਅਗਵਾਈ ਨੇ ਇਸ ਨੂੰ ਇੱਕ ਮਿੰਨੀ ਨਾਟੋ ਦਾ ਨਾਂਅ ਦਿੱਤਾ ਹੈ ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਇੱਕ ਬਿਆਨ ‘ਚ ਕਵਾਡ ਦੀ ਇਸ ਬੈਠਕ ਦੀ ਸਖ਼ਤ ਆਲੋਚਨਾ ਕੀਤੀ ਗਈ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਹੁਪੱਖੀ ਸਹਿਯੋਗ ਖੁੱਲ੍ਹਾ ਰਹਿਣਾ ਚਾਹੀਦਾ ਅਤੇ ਇਹ ਸਮਾਵੇਸ਼ੀ, ਪਾਰਦਰਸ਼ੀ ਅਤੇ ਪਾਰੰਪਰਿਕ ਤਾਲਮੇਲ ਅਤੇ ਵਿਸ਼ਵਾਸ ਅਨੁਸਾਰ ਹੋਣਾ ਚਾਹੀਦਾ ਹੈ ਅਤੇ ਇਸ ‘ਚ ਖੇਤਰੀ ਦੇਸ਼ਾਂ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ ਨਾ ਕਿ ਕਿਸੇ ਤੀਜੇ ਦੇਸ਼ ਨੂੰ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਹੈ ਚੀਨ ਉਨ੍ਹਾਂ ਦੇਸ਼ਾਂ ‘ਤੇ ਦਾਦਾਗਿਰੀ ਕਰਦਾ ਹੈ ਜੋ ਅਮਰੀਕਾ ਦੀ ਹਮਾਇਤ ਕਰਦੇ ਹਨ ਇਸ ਖੇਤਰ ‘ਚ ਚੀਨ ਦੀ ਦਾਦਾਗਿਰੀ ਨੂੰ ਸਵੀਕਾਰ ਨਾ ਕਰਨ ਕਾਰਨ ਉਹ ਭਾਰਤ ਖਿਲਾਫ਼ ਹਮਲਾਵਰ ਹੋਇਆ ਚੀਨ ਨੂੰ ਇਸ ਗੱਲ ‘ਤੇ ਵੀ ਇਤਰਾਜ਼ ਹੈ ਕਿ ਭਾਰਤ ਨੇ ਦਲਾਈਲਾਮਾ ਨੂੰ ਪਨਾਹ ਦਿੱਤੀ ਹੈ ਅਤੇ ਤਿੱਬਤੀ ਅਗਵਾਈ ਭਾਰਤ ‘ਚ ਰਹਿ ਰਹੀ ਹੈ
ਭਾਰਤ ਖਿਲਾਫ਼ ਚੀਨ ਦੀ ਦੁਸ਼ਮਣੀ ਦਾ ਇੱਕ ਕਾਰਨ ਇਹ ਵੀ ਹੈ ਕਿ ਭਾਰਤ ਹਿੰਦ ਪ੍ਰਸ਼ਾਂਤ ਖੇਤਰ ‘ਚ ਇੱਕ ਸ਼ਕਤੀ ਕੇਂਦਰ ਬਣਨਾ ਚਾਹੁੰਦਾ ਹੈ ਭਾਰਤ ਦੇ ਅਮਰੀਕੀ ਦੇ ਨਜ਼ਦੀਕ ਜਾਣ ਨਾਲ ਚੀਨ ਹੋਰ ਗੁੱਸੇ ਹੋ ਗਿਆ ਹੈ ਚੀਨ ਵੱਲੋਂ ਕਈ ਭਾਰਤ ਵਿਰੋਧੀ ਕੰਮ ਕਰਨ ਦੇ ਬਾਵਜ਼ੂਦ ਭਾਰਤ ਇਸ ਦੇ ਰੁਖ਼ ਨੂੰ ਨਹੀਂ ਸਮਝ ਸਕਿਆ ਹੈ ਅਤੇ ਉਸਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਹੈ ਚੀਨ ਨਾਲ ਰਾਜਨੀਤਿਕ ਅਤੇ ਸੁਰੱਖਿਆ ਜੋਖ਼ਿਮਾਂ ਦੇ ਬਾਵਜ਼ੂਦ ਭਾਰਤ ਨੇ ਉਸ ਦੇ ਨਾਲ ਵਪਾਰ ਅਤੇ ਆਰਥਿਕ ਸਬੰਧ ਮਜ਼ਬੂਤ ਕੀਤੇ ਹੁਣ ਭਾਰਤ ਨੂੰ ਅਹਿਸਾਸ ਹੋਇਆ ਹੈ ਕਿ ਉਹ ਚੀਨ ਦਾ ਮਿੱਤਰ ਬਣਿਆ ਨਹੀਂ ਰਹਿ ਸਕਦਾ ਹੈ ਅਤੇ ਦੇਰ-ਸਵੇਰ ਉਸ ਨੂੰ ਚੀਨ ਨਾਲ ਆਪਣੀ ਮਿੱਤਰਤਾ ਨੂੰ ਤੋੜਨਾ ਹੋਵੇਗਾ ਚੀਨ ਸ਼ਕਤੀ ਅਤੇ ਜ਼ੋਰ ਦੀ ਭਾਸ਼ਾ ਸਮਝਦਾ ਹੈ
ਉਹ ਗੱਲਬਾਤ, ਸਲਾਹ ਅਤੇ ਸਮਝਣ-ਸਮਝਾਉਣ ਦੀ ਭਾਸ਼ਾ ਨਹੀਂ ਸਮਝਦਾ ਚੀਨ ਸਬੰਧੀ ਭਾਰਤ ਦੀ ਨੀਤੀ ‘ਚ ਭਰਮ ਦੀ ਸਥਿਤੀ ਬਣੀ ਰਹੀ ਹੈ ਭਾਰਤ ਨੂੰ ਹੁਣ ਵੀ ਲੱਗਦਾ ਹੈ ਕਿ ਚੀਨ ਗੱਲਬਾਤ ਜਰੀਏ ਸਰਹੱਦ ਤੋਂ ਵਾਪਸ ਚਲਾ ਜਾਵੇਗਾ ਭਾਰਤ ਕਿਸੇ ਵੀ ਮੰਚ ‘ਤੇ ਚੀਨ ਦਾ ਨਾਂਅ ਨਹੀਂ ਲੈ ਰਿਹਾ ਹੈ ਅਤੇ ਉਮੀਦ ਕਰ ਰਿਹਾ ਹੈ ਕਿ ਚੀਨ ਗੱਲ ਨੂੰ ਸਮਝੇ ਪਰੰਤੂ ਇਤਿਹਾਸ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਇਹ ਭਾਰਤ ਦੀ ਅਸਲ ਨਜ਼ਰਅੰਦਾਜ਼ੀ ਹੈ ਅਤੇ ਇਹ ਚੀਨ ਦੀ ਸਿਆਸੀ ਸੰਸਕ੍ਰਿਤੀ ਅਤੇ ਕੂਟਨੀਤੀ ਦੇ ਉਲਟ ਹੈ ਕਵਾਡ ਨੇ ਚੀਨ ਨਾਲ ਸ਼ਕਤੀ ਅਸੰਤੁਲਨ ਨੂੰ ਦੂਰ ਕਰਨ ਲਈ ਭਾਰਤ ਨੂੰ ਮੌਕਾ ਦਿੱਤਾ ਹੈ ਅਤੇ ਉਹ ਕਵਾਡ ਦੇ ਹੋਰ ਤਿੰਨ ਮੈਂਬਰ ਦੇਸ਼ਾਂ ਦੇ ਨਾਲ ਗਠਜੋੜ ਕਰ ਸਕਦਾ ਹੈ ਭਾਰਤ ਨੂੰ ਕਵਾਡ ਨੂੰ ਰਸਮੀ ਅਤੇ ਫੌਜੀ ਰੂਪ ਦੇਣ ਲਈ ਵੱਡੀ ਪਹਿਲ ਕਰਨੀ ਹੋਵੇਗੀ ਜਦੋਂ ਤੱਕ ਉਹ ਅਮਰੀਕਾ ਦੇ ਨਾਲ ਦੁਵੱਲਾ ਸੁਰੱਖਿਆ ਸਮਝੌਤਾ ਨਹੀਂ ਕਰ ਲੈਂਦਾ ਹੈ
ਲੱਗਦਾ ਹੈ ਕਿ ਭਾਰਤ ਕਵਾਡ ਦੇ ਫੌਜੀਕਰਨ ਦੇ ਪੱਖ ‘ਚ ਨਹੀਂ ਹੈ ਜਦੋਂ ਕਿ ਅਮਰੀਕਾ ਚਾਹੁੰਦਾ ਹੈ ਕਿ ਇਸ ਨੂੰ ਇੱਕ ਸੁਰੱਖਿਆ ਗਠਜੋੜ ਬਣਾਇਆ ਜਾਵੇ ਭਾਰਤ ਦਾ ਇਹ ਰੁਖ਼ ਸਮਝ ਤੋਂ ਪਰੇ ਹੈ ਕਿਉਂਕਿ ਚੀਨ ਨੇ ਪਹਿਲਾਂ ਹੀ ਭਾਰਤ ਦੇ 5000 ਤੋਂ ਜਿਆਦਾ ਵਰਗ ਕਿਲੋਮੀਟਰ ਖੇਤਰ ‘ਤੇ ਕਬਜਾ ਕੀਤਾ ਹੋਇਆ ਹੈ ਲੱਗਦਾ ਹੈ ਭਾਰਤ ਦਾ ਮੰਨਣਾ ਹੈ ਕਿ ਜੇਕਰ ਉਹ ਫੌਜੀ ਗਠਜੋੜ ਕਰਦਾ ਹੈ ਤਾਂ ਚੀਨ ਉਸ ਖਿਲਾਫ਼ ਜੰਗ ਦਾ ਐਲਾਨ ਕਰ ਸਕਦਾ ਹੈ ਪਰੰਤੂ ਅਜਿਹੀ ਹੀ ਸਥਿਤੀ ਲਈ ਫੌਜੀ ਗਠਜੋੜ ਜ਼ਰੂਰੀ ਹੈ ਤਾਂ ਕਿ ਸਾਡੀ ਜ਼ਮੀਨ ਦੀ ਰੱਖਿਆ ਹੋਵੇ ਅਤੇ ਚੀਨ ਨੂੰ ਅਜਿਹੇ ਕਦਮ ਚੁੱਕਣ ਤੋਂ ਰੋਕਿਆ ਜਾ ਸਕੇ
ਕੁੱਲ ਮਿਲਾ ਕੇ ਟੋਕੀਓ ‘ਚ ਕਵਾਡ ਦੇਸ਼ਾਂ ਦੀ ਬੈਠਕ ਦੇ ਨਤੀਜੇ ਸਕਾਰਾਤਮਕ ਰਹੇ ਹਨ ਅਸਟਰੇਲੀਆ, ਅਮਰੀਕਾ ਤੇ ਜਪਾਨ ਵੱਲੋਂ ਦਿਖਾਇਆ ਦ੍ਰਿੜ ਸੰਕਲਪ ਉਤਸ਼ਾਹਜਨਕ ਹੈ ਪਰੰਤੂ ਭਾਰਤ ਦੇ ਰੁਖ਼ ਨਾਲ ਨਿਰਾਸ਼ਾ ਹੋਈ ਹੈ ਭਾਰਤ ਹਾਲੇ ਵੀ ਦੋਵਾਂ ਪੱਖਾਂ ਨਾਲ ਮਿੱਤਰਤਾ ਸਬੰਧ ਰੱਖਣ ਦੇ ਪੱਖ ‘ਚ ਹੈ ਜਿਵੇਂ ਕਿ ਅਤੀਤ ‘ਚ ਉਸ ਨੇ ਅਮਰੀਕਾ ਅਤੇ ਸੋਵੀਅਤ ਸੰਘ ਦੇ ਨਾਲ ਕੀਤਾ ਸੀ ਅਤੇ ਹੁਣ ਉਹ ਅਮਰੀਕਾ ਅਤੇ ਚੀਨ ਵਿਚਕਾਰ ਵੀ ਅਜਿਹਾ ਹੀ ਕਰਨ ਦਾ ਯਤਨ ਕਰ ਰਿਹਾ ਹੈ ਹਾਲਾਂਕਿ ਉਸ ਦਾ ਝੁਕਾਅ ਅਮਰੀਕੀ ਵੱਲ ਹੈ ਕੀ ਇਹ ਪ੍ਰਯੋਗ ਸਫ਼ਲ ਰਹੇਗਾ?
ਡਾ. ਡੀ. ਕੇ. ਗਿਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.