ਕਿਸਾਨਾਂ ਦਾ ਸਫ਼ਲ ਰਿਹਾ ਚੱਕਾ ਜਾਮ, ਪੰਜਾਬ ਭਰ ਵਿੱਚ ਰੁਕੀ ਰਫ਼ਤਾਰ

ਰੇਲ ਰੋਕੋ ਅੰਦੋਲਨ 10ਵੇ ਦਿਨ ‘ਚ ਸ਼ਾਮਲ, ਪੰਜਾਬ ਭਰ ਵਿੱਚ ਬੰਦ ਐ ਰੇਲ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਭਰ ਵਿੱਚ ਸ਼ੁੱਕਰਵਾਰ ਨੂੰ ਕਿਸਾਨਾਂ ਵਲੋਂ ਕੀਤਾ ਗਿਆ 2 ਘੰਟੇ ਲਈ ਚੱਕਾ ਜਾਮ ਕਾਮਯਾਬ ਰਿਹਾ। ਕਿਸਾਨਾਂ ਦੇ ਇੱਕ ਰੋਜਾ ਚੱਕਾ ਜਾਮ ਨੂੰ ਦੇਖਦੇ ਹੋਏ ਪੰਜਾਬ ਭਰ ਵਿੱਚ ਪੁਲਿਸ ਵਲੋਂ ਵੀ ਮੁਕੰਮਲ ਇੰਤਜ਼ਾਮ ਕੀਤਾ ਗਿਆ ਸੀ ਤਾਂ ਕਿ ਇਸ ਦੌਰਾਨ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ । ਪੰਜਾਬ ਦੀਆਂ 30 ਜਥੇਬੰਦੀਆਂ ਦੇ ਸੱਦੇ ‘ਤੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਪੰਜਾਬ ਭਰ ਵਿੱਚ ਵਾਹਨਾ ਦੀ ਰਫ਼ਤਾਰ ਰੁਕੀ ਹੀ ਰਹੀ। ਜ਼ਿਆਦਾਤਰ ਥਾਂਵਾਂ ‘ਤੇ ਲੰਬਾ ਜਾਮ ਲੱਗਣ ਦੇ ਕਾਰਨ  ਆਮ ਲੋਕਾਂ ਨੂੰ ਤਾਂ ਖ਼ਾਸੀ ਪਰੇਸ਼ਾਨੀ ਆਈ ਪਰ ਕਿਸੇ ਮਰੀਜ਼ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਐਂਬੂਲੈਸ ਨੂੰ ਜਾਣ ਲਈ ਕਿਸਾਨਾਂ ਵਲੋਂ ਰਸਤਾ ਵੀ ਦਿੱਤਾ ਜਾ ਰਿਹਾ ਸੀ।

ਪੰਜਾਬ ਭਰ ਵਿੱਚ ਕਿਸਾਨਾਂ ਵਲੋਂ ਇਹ ਚੱਕਾ ਜਾਮ ਹਰਿਆਣਾ ਦੇ ਸਰਸਾ ਵਿਖੇ ਕਿਸਾਨਾਂ ‘ਤੇ ਲਾਠੀ ਚਾਰਜ ਕਰਨ ਦੇ ਰੋਸ ਵਿੱਚ ਕੀਤਾ ਗਿਆ ਸੀ, ਇਸ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਆਗੂ ਸੁਖਦੇਖ ਸਿੰਘ ਕੋਕਰੀ ਕਲਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 2 ਹਫ਼ਤੇ ਤੋਂ ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਭਰ ਵਿੱਚ ਤਿੰਨ ਖੇਤੀਬਾੜੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਦੋਂ ਕਿ ਪੰਜਾਬ ਵਿੱਚ 1 ਅਕਤੂਬਰ ਤੋਂ ਹੀ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਪਿਛਲੇ 10 ਦਿਨਾਂ ਵਿੱਚ ਇੱਕ ਵੀ ਰੇਲ ਪੰਜਾਬ ਵਿੱਚ ਨਹੀਂ ਆਉਣ ਦਿੱਤੀ ਗਈ ਹੈ।

ਉਨਾਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੂੰ ਲੋਕ-ਤੰਤਰ ਦੇ ਤਹਿਤ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰਨ ਦਾ ਪੂਰਾ ਹੱਕ ਹੈ ਪਰ ਹਰਿਆਣਾ ਦੀ ਭਾਜਪਾ ਸਰਕਾਰ ਨੇ ਪੁਲਿਸ ਨੂੰ ਇਸ਼ਾਰਾ ਕਰਕੇ 2 ਵਾਰ ਕਿਸਾਨਾਂ ‘ਤੇ ਲਾਠੀ ਚਾਰਜ ਕਰਵਾਇਆ ਹੈ, ਜਦੋਂ ਕਿ ਸਰਸਾ ਵਿਖੇ ਕੀਤਾ ਗਿਆ ਲਾਠੀਚਾਰਜ ਨਿੰਦਾਜਨਕ ਘਟਨਾ ਹੈ। ਉਨਾਂ ਕਿਹਾ ਕਿ ਹਰਿਆਣਾ ਸਰਕਾਰ ਦੀ ਇਸ ਗਲਤ ਕਰਤੂਤ ਦੇ ਖ਼ਿਲਾਫ਼ ਹੀ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਭਰ ਵਿੱਚ ਚੱਕਾ ਜਾਮ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਚੱਕਾ ਜਾਮ ਵਿੱਚ ਕਿਸਾਨਾਂ ਦੇ ਨਾਲ ਹੀ ਆੜਤੀਆਂ ਸਣੇ ਖੇਤ ਮਜ਼ਦੂਰਾਂ ਨੇ ਵੀ ਵੱਡੇ ਪੱਧਰ ‘ਤੇ ਭਾਗ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.