2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਹਾਰੀ ਭਾਜਪਾ
ਭਾਜਪਾ ਦੇ ਬਲਰਾਮ ਜੀ ਦਾਸ ਟੰਡਨ ਅਤੇ ਰਾਜ ਖੁਰਾਣਾ ਹੀ ਦੋਂ ਵਾਰ ਰਹੇ ਸਫ਼ਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਅਕਾਲੀ ਦਲ ਅਤੇ ਭਾਜਪਾ ਵਿਚਕਾਰ ਹੋਏ ਗੱਠਜੋੜ ਦੌਰਾਨ ਪਟਿਆਲਾ ਜ਼ਿਲ੍ਹੇ ਦੀ ਇੱਕੋਂ-ਇੱਕ ਸੀਟ ਭਾਜਪਾ ਦੇ ਹਿੱਸੇ ਗਈ ਸੀ। ਇਸ ਸੀਟ ‘ਤੇ ਗੱਠਜੋੜ ਤੋਂ ਬਾਅਦ ਹੁਣ ਤੱਕ ਭਾਜਪਾ ਦਾ ਉਮੀਦਵਾਰ ਹੀ ਚੋਣ ਲੜਦਾ ਰਿਹਾ ਹੈ। ਹੁਣ ਤੱਕ ਇਸ ਸੀਟ ਤੋਂ ਭਾਜਪਾ ਦਾ ਉਮੀਦਵਾਰ ਸਿਰਫ਼ ਦੋ ਵਾਰ ਹੀ ਜਿੱਤ ਪ੍ਰਾਪਤ ਕਰ ਸਕਿਆ ਹੈ ਜਦਕਿ ਤਿੰਨ ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਂਜ ਗੱਠਜੋੜ ਟੁੱਟਣ ਤੋਂ ਬਾਅਦ ਇੱਥੋਂ ਅਕਾਲੀ ਦਲ ਵੱਲੋਂ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਚਿਹਰਿਆਂ ‘ਤੇ ਖੁਸ਼ੀ ਜ਼ਰੂਰ ਝਲਕੀ ਹੈ।
ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਅਕਾਲੀ ਦਲ ਅਤੇ ਐਨਡੀਏ ਦਾ ਗੱਠਜੋੜ ਸਾਲ 1996 ਵੇਲੇ ਦੀਆਂ ਲੋਕ ਸਭਾ ਚੋਣਾਂ ਦੌਰਾਨ ਹੋਇਆ ਸੀ। ਉਸ ਵੇਲੇ ਕੇਂਦਰ ‘ਚ ਮਹਰੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਵਾਈ ਦੀ ਸਰਕਾਰ ਬਣੀ ਸੀ, ਜੋਂ ਕਿ ਸਿਰਫ਼ 13 ਹੀ ਰਹਿ ਸਕੀ ਸੀ। ਇਸ ਮੌਕੇ ਪਟਿਆਲਾ ਜ਼ਿਲ੍ਹੇ ਅੰਦਰ ਭਾਜਪਾ ਦੇ ਹਿੱਸੇ ਹਲਕਾ ਰਾਜਪੁਰਾ ਵਿਧਾਨ ਸਭਾ ਦੀ ਸੀਟ ਆਈ ਸੀ। ਅਕਾਲੀ ਭਾਜਪਾ ਗੱਠਜੋੜ ਤੋਂ ਬਾਅਦ ਸਾਲ 1997 ਵਿੱਚ ਵਿਧਾਨ ਚੋਣਾਂ ਆਈਆਂ। ਅਕਾਲੀ-ਭਾਜਪਾ ਗੱਠਜੋੜ ਵੱਲੋਂ ਇਸ ਸੀਟ ਤੇ ਭਾਜਪਾ ਦੇ ਸੀਨੀਅਰ ਆਗੂ ਬਲਰਾਮ ਜੀ ਦਾਸ ਟੰਡਨ ਮੈਦਾਨ ਵਿੱਚ ਸਨ ਜਦਕਿ ਕਾਂਗਰਸ ਵੱਲੋਂ ਰਾਜ ਖੁਰਾਣਾ ਵੱਲੋਂ ਚੋਣ ਲੜੀ ਗਈ ਸੀ। ਗੱਠਜੋੜ ਹੋਣ ਤੋਂ ਬਾਅਦ ਭਾਜਪਾ ਨੂੰ ਇੱਥੋਂ ਪਹਿਲੀ ਵਾਰ ਹੀ ਸਫ਼ਲਤਾ ਹਾਸਲ ਹੋਈ ਸੀ।
ਬਲਰਾਮ ਜੀ ਦਾਸ ਨੇ ਫਸਵੀਂ ਟੱਕਰ ਵਿੱਚ ਕਾਂਗਰਸ ਦੇ ਉਮੀਦਵਾਰ ਰਾਜ ਖੁਰਾਣਾ ਨੂੰ ਹਾਰ ਦਿੱਤੀ ਸੀ। ਭਾਜਪਾ ਨੂੰ ਇੱਥੋਂ 38543 ਵੋਟਾਂ ਹਾਸਲ ਹੋਈਆਂ ਸਨ ਜਦਕਿ ਰਾਜ ਖੁਰਾਣਾ ਨੂੰ 37452 ਵੋਟਾਂ ਹਾਸਲ ਹੋਈਆਂ ਸਨ। ਇਸ ਤੋਂ ਬਾਅਦ ਸਾਲ 2002 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਵੱਲੋਂ ਮੁੜ ਬਲਰਾਮ ਜੀ ਦਾਸ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਜਦਕਿ ਕਾਂਗਰਸ ਵੱਲੋਂ ਰਾਜ ਖੁਰਾਣਾ ਉਮੀਦਵਾਰ ਵਜੋਂ ਸਾਹਮਣੇ ਆਏ। ਇਨ੍ਹਾਂ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਬਲਰਾਮ ਜੀ ਦਾਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਕਾਂਗਰਸ ਦੇ ਰਾਜ ਖੁਰਾਣਾ ਇੱਥੋਂ 47452 ਵੋਟਾਂ ਨਾਲ ਜਿੱਤੇ ਜਦਕਿ ਬਲਰਾਮ ਜੀ ਦਾਸ ਨੂੰ 30726 ਵੋਟਾਂ ਹਾਸਲ ਹੋਈਆਂ। ਇਸ ਤੋਂ ਬਾਅਦ ਸਾਲ 2006 ਵਿੱਚ ਕਾਂਗਰਸ ਦੇ ਵਿਧਾਇਕ ਰਾਜ ਖੁਰਾਣਾ ਪਾਰਟੀ ਬਦਲਦਿਆਂ ਭਾਜਪਾ ਵਿੱਚ ਸ਼ਾਮਲ ਹੋ ਗਏੇ। ਸਾਲ 2007 ਵਿੱਚ ਆਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਕਾਂਗਰਸ ਤੋਂ ਪਲਟੀ ਮਾਰ ਕੇ ਆਏ ਰਾਜ ਖੁਰਾਣਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ। ਕਾਂਗਰਸ ਵੱਲੋਂ ਹਰਦਿਆਲ ਸਿੰਘ ਕੰਬੋਜ ਨੂੰ ਮੈਦਾਨ ਵਿੱਚ ਉਤਾਰਿਆ ਗਿਆ।
ਰਾਜ ਖੁਰਾਣਾ ਦੀ ਪਲਟੀ ਸੂਤ ਆ ਗਈ ਅਤੇ ਉਹ ਫਿਰ ਭਾਜਪਾ ਵੱਲੋਂ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ। ਰਾਜ ਖੁਰਾਣਾ ਨੂੰ 56161 ਵੋਟਾਂ ਹਾਸਲ ਹਈਆਂ ਜਦਕਿ ਕੰਬੋਜ ਨੂੰ 41977 ਵੋਟਾਂ ਮਿਲੀਆਂ। ਇਸ ਤੋਂ ਬਾਅਦ ਸਾਲ 2012 ਦੀਆਂ ਚੋਣਾਂ ‘ਚ ਭਾਜਪਾ ਨੇ ਮੁੜ ਆਪਣੇ ਵਿਧਾਇਕ ਰਾਜ ਖੁਰਾਣਾ ਦੇ ਭਰੋਸਾ ਪ੍ਰਗਟਾਇਆ ਅਤੇ ਆਪਣਾ ਉਮੀਦਵਾਰ ਐਲਾਨ ਦਿੱਤਾ ਜਦਕਿ ਕਾਂਗਰਸ ਨੇ ਫਿਰ ਹਰਦਿਆਲ ਸਿੰਘ ਕੰਬੋਜ ਨੂੰ ਟਿਕਟ ਦੇ ਦਿੱਤੀ। ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਉਮੀਦਵਾਰ ਰਾਜ ਖੁਰਾਣਾ ਨੂੰ ਸਿਰਫ਼ 32740 ਵੋਟਾਂ ਹੀ ਹਾਸਲ ਹੋਈਆਂ ਜਦਕਿ ਕਾਂਗਰਸ ਦੇ ਸ੍ਰੀ ਕੰਬੋਜ 64250 ਵੋਟਾਂ ਹਾਸਲ ਕਰਕੇ ਜੇਤੂ ਰਹੇ।
ਇਸ ਤੋਂ ਬਾਅਦ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਆਪਣੇ ਨਵੇਂ ਉਮੀਦਵਾਰ ਹਰਜੀਤ ਸਿੰਘ ਗਰੇਵਾਲ ਨੂੰ ਚੋਣ ਮੈਦਾਨ ਵਿੱਚ ਲਿਆਦਾ, ਕਿਉਂਕਿ ਬਿਮਾਰ ਚੱਲ ਰਹੇ ਰਾਜ ਖੁਰਾਣਾ ਦਾ ਦਿਹਾਂਤ ਹੋ ਗਿਆ ਸੀ। ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਫਿਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹਰਜੀਤ ਸਿੰਘ ਗਰੇਵਾਲ ਨੂੰ ਤੀਜੇ ਨੰਬਰ ‘ਤੇ ਸਿਰਫ਼ 19151 ਵੋਟਾਂ ਹੀ ਹਾਸਲ। ਜਦਕਿ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਨੂੰ 26542 ਵੋਟਾਂ ਪਈਆਂ। ਇੱਥੋਂ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ ਲਗਾਤਾਰ ਦੂਜੀ ਵਾਰ 59107 ਵੋਟਾਂ ਨਾਲ ਜੇਤੂ ਰਹੇ।
ਅਕਾਲੀਆਂ ਦੇ ਚਿਹਰੇ ਖਿੜੇ
ਇੱਧਰ ਅਕਾਲੀ ਦਲ ਵੱਲੋਂ ਤੋੜ ਵਿਛੋੜਾ ਕਰਨ ਤੋਂ ਬਾਅਦ ਰਾਜਪੁਰਾ ਤੋਂ ਅਕਾਲੀ ਦਲ ਦੇ ਚੋਣ ਲੜਨ ਦੇ ਚਾਹਵਾਨਾਂ ਦੇ ਚਿਹਰੇ ਖਿੜ ਗਏ ਹਨ। ਪਿਛਲੇ ਸਾਲ ਭਾਜਪਾ ਵੱਲੋਂ ਇਹ ਸੀਟ ਬਦਲਣ ਦੀ ਚਰਚਾ ਵੀ ਛਿੜੀ ਸੀ, ਕਿਉਂਕਿ ਇੱਥੋਂ ਅਕਾਲੀ ਦਲ ਦੇ ਆਗੂਆਂ ਵੱਲੋਂ ਆਪਣੀ ਮਜ਼ਬੂਤ ਸਥਿਤੀ ਦਾ ਦਾਅਵਾ ਕੀਤਾ ਗਿਆ ਸੀ। ਹੁਣ ਅਲੱਗ ਹੋਣ ਤੋਂ ਬਾਅਦ ਕਾਫ਼ੀ ਸਮੇਂ ਤੋਂ ਟਿਕਟ ਦੀ ਭਾਲ ਵਿੱਚ ਲੱਗੇ ਅਕਾਲੀ ਆਗੂਆਂ ਦਾ ਅਰਮਾਨ ਪੂਰਾ ਹੋ ਜਾਵੇਗਾ। ਅਕਾਲੀ ਆਗੂਆਂ ਦਾ ਕਹਿਣਾ ਸੀ ਕਿ ਭਾਜਪਾ ਦਾ ਇੱਥੇ ਨਾਮਾਤਰ ਅਧਾਰ ਹੋਣ ਦੇ ਬਾਵਜ਼ੂਦ ਟਿਕਟ ਇਨ੍ਹਾਂ ਦੇ ਹਿੱਸੇ ਆ ਜਾਂਦੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.