ਸਹਿਣਸ਼ੀਲਤਾ ਦੀ ਮਨੁੱਖੀ ਜੀਵਨ ‘ਚ ਅਹਿਮੀਅਤ
ਮਨੁੱਖੀ ਜੀਵਨ ਦੇ ਬੁਹਤ ਸਾਰੇ ਨੈਤਿਕ ਮੁੱਲਾਂ ਵਿੱਚੋਂ ਸਹਿਣਸ਼ੀਲਤਾ ਬਹੁਤ ਮਹੱਤਵਪੂਰਨ ਮੁੱਲ ਹੈ। ਸਹਿਣਸ਼ੀਲ ਮਨੁੱਖ ਸਮਾਜ ਵਿੱਚ ਉੱਤਮ ਸਥਾਨ ਹਾਸਲ ਕਰ ਲੈਂਦਾ ਹੈ। ਜਿੰਨੀ ਕਿਸੇ ਵਿਅਕਤੀ ਵਿੱਚ ਸਹਿਣਸ਼ੀਲਤਾ ਹੁੰਦੀ ਹੈ, ਉਸਦੀ ਸ਼ਖਸੀਅਤ ਵੀ ਉਨੀ ਹੀ ਮਜ਼ਬੂਤ ਅਤੇ ਪ੍ਰਕਾਸ਼ਮਾਨ ਹੁੰਦੀ ਹੈ। ਜਿਸ ਵਿਅਕਤੀ ਵਿੱਚ ਸਹਿਣਸ਼ੀਲਤਾ ਦਾ ਗੁਣ ਹੁੰਦਾ ਹੈ ਉਸਨੂੰ ਕੋਈ ਦੁੱਖ-ਮੁਸੀਬਤ ਜਿਆਦਾ ਦੇਰ ਤੱਕ ਪਰੇਸ਼ਾਨ ਨਹੀਂ ਕਰ ਸਕਦੀ। ਸਹਿਣਸ਼ੀਲ ਮਨੁੱਖ ਉੱਤਮ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ। ਜਿਸ ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਸਾਂਝ ਤੇ ਇੱਕ-ਦੂਸਰੇ ਪ੍ਰਤੀ ਸਹਿਣਸ਼ੀਲਤਾ ਹੁੰਦੀ ਹੈ, ਉੱਥੇ ਘਰੇਲੂ ਕਲੇਸ਼ ਨਾ-ਮਾਤਰ ਹੀ ਹੁੰਦੇ ਹਨ। ਸਹਿਣਸ਼ੀਲਤਾ ਵਾਲੇ ਪਰਿਵਾਰਾਂ ਵਿੱਚ ਘਰੇਲੂ ਸ਼ਾਂਤੀ ਅਤੇ ਸਦਭਾਵਨਾ ਪਾਈ ਜਾਂਦੀ ਹੈ।
ਅਕਸਰ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਪਰਿਵਾਰਾਂ ਵਿੱਚ ਥੋੜ੍ਹੀ ਜਿਹੀ ਵੀ ਕੋਈ ਗੱਲ ਬਰਦਾਸ਼ਤ ਨਹੀਂ ਕੀਤੀ ਜਾਂਦੀ ਅਤੇ ਪਲਾਂ ਵਿੱਚ ਰਿਸ਼ਤੇ ਟੁੱਟ ਜਾਂਦੇ ਹਨ। ਉਹ ਰਿਸ਼ਤੇ ਜਿਨ੍ਹਾਂ ਵਿੱਚ ਅਥਾਹ ਪਿਆਰ ਹੁੰਦਾ ਹੈ ਪਰ ਜੇਕਰ ਜ਼ਰਾ ਕੁ ਵੀ ਗੱਲ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਅਤੇ ਪਿਆਰ ਦੀ ਕਿਸ਼ਤੀ ‘ਚ ਤਕਰਾਰ ਦਾ ਪਾਣੀ ਭਰ ਜਾਂਦਾ ਹੈ। ਰਿਸ਼ਤੇ ਜੋੜਨੇ ਤਾਂ ਸੌਖੇ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਨਿਭਾਉਣ ਲਈ ਬਹੁਤ ਕੁਝ ਸਹਿਣਾ ਵੀ ਪੈਂਦਾ ਹੈ। ਸਹਿਣਸ਼ੀਲਤਾ ਦੀ ਡੋਰੀ ਫੜ ਕੇ ਜੀਵਨ ਦੇ ਰਸਤੇ ‘ਤੇ ਚੱਲਣ ਵਿੱਚ ਕੋਈ ਜਿਆਦਾ ਔਖਿਆਈ ਮਹਿਸੂਸ ਨਹੀਂ ਹੁੰਦੀ।
ਤਕਰਾਰ ਦੀ ਬਜਾਇ ਤਰਕ ਅਤੇ ਨਿਮਰਤਾ ਨਾਲ ਆਪਣੀ ਗੱਲ ਰੱਖੀ ਜਾਵੇ ਅਤੇ ਸਹਿਣਸ਼ੀਲ ਹੋ ਕੇ ਦੂਸਰੇ ਵਿਅਕਤੀ ਦੀ ਗੱਲ ਸੁਣੀ ਜਾਵੇ ਤਾਂ ਜਰੂਰ ਕੋਈ ਰਸਤਾ ਮਿਲ ਜਾਂਦਾ ਹੈ। ਆਪਸੀ ਮੱਤਭੇਦ ਜਿੰਨੇ ਮਰਜ਼ੀ ਹੋਣ ਪਰ ਰਿਸ਼ਤਿਆਂ ਦੀ ਅਹਿਮੀਅਤ ਨੂੰ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ। ਇੱਕ-ਦੂਸਰੇ ਦੇ ਵਿਚਾਰਾਂ ਨੂੰ ਸਹਿਮਤੀ ਨਹੀਂ ਦੇ ਸਕਦੇ ਤਾਂ ਦੂਸਰਿਆਂ ਦੇ ਵਿਚਾਰਾਂ ਦਾ ਘੋਰ ਅਪਮਾਨ ਕਰਨਾ ਵੀ ਠੀਕ ਨਹੀਂ ਹੈ। ਇਹੀ ਸਭ ਕੁਝ ਸਮਾਜ ਵਿੱਚ ਵੀ ਵਾਪਰ ਰਿਹਾ ਹੈ। ਇੱਕ-ਦੂਸਰੇ ਦੇ ਵਿਚਾਰਾਂ ਨੂੰ ਸਨਮਾਨ ਨਾ ਦੇਣ ਕਾਰਨ ਆਪਸੀ ਸਹਿਣਸ਼ੀਲਤਾ ਖਤਮ ਹੋ ਰਹੀ ਹੈ ਅਤੇ ਸਮਾਜ ਵਿੱਚ ਆਪਸੀ ਸਾਂਝ, ਪਿਆਰ ਅਤੇ ਸਤਿਕਾਰ ਵਰਗੇ ਸਮਾਜਿਕ ਵਰਤਾਰੇ ਨਿਘਾਰ ਵੱਲ ਜਾ ਰਹੇ ਹਨ।
ਕਈ ਵਾਰ ਅਸੀਂ ਆਪਣੇ ਧਰਮ, ਰਾਜਨੀਤੀ, ਫੈਸ਼ਨ, ਸਾਹਿਤ, ਕਲਾ, ਸੱਭਿਆਚਾਰ ਅਤੇ ਸੰਸਕ੍ਰਿਤੀ ਪ੍ਰਤੀ ਇੰਨੇ ਕੱਟੜ ਹੋ ਜਾਂਦੇ ਹਾਂ ਕਿ ਦੂਸਰੇ ਲੋਕਾਂ ਦੇ ਧਰਮ, ਵਿਸ਼ਵਾਸ, ਸਭਿਆਚਾਰ ਅਤੇ ਸੰਸਕ੍ਰਿਤੀ ਨੂੰ ਸਿੱਧੇ ਤੌਰ ‘ਤੇ ਬਰਦਾਸ਼ਤ ਨਹੀਂ ਕਰਦੇ ਅਤੇ ਇਸੇ ਕਾਰਨ ਸਮਾਜ ਵਿੱਚ ਟਕਰਾਅ ਪੈਦਾ ਹੋ ਜਾਂਦੇ ਹਨ।
ਜੇਕਰ ਗੱਲ ਕਰੀਏ ਨੌਜਵਾਨਾਂ ਦੀ ਤਾਂ ਅੱਜ ਦੇ ਸਾਡੇ ਨੌਜਵਾਨ ਵੀ ਬਹੁਤ ਘੱਟ ਸਹਿਣਸ਼ੀਲ ਹਨ। ਇੱਕ ਅਖਬਾਰ ਵਿੱਚ ਖ਼ਬਰ ਆਈ ਕਿ ਇੱਕ ਨੌਜਵਾਨ ਲੜਕੇ ਨੇ ਖੁਦਖੁਸ਼ੀ ਇਸ ਕਰਕੇ ਕਰ ਲਈ ਕਿ ਉਸਦੇ ਮਾਪੇ ਉਸਨੂੰ ਹਰ ਵੇਲੇ ਪਬਜੀ ਮੋਬਾਇਲ ਗੇਮ ਖੇਡਣ ਤੋਂ ਰੋਕਦੇ ਸਨ। ਇਸਦਾ ਮਤਲਬ ਇਹ ਕਿ ਮਾਪੇ ਹੁਣ ਆਪਣੇ ਬੱਚਿਆਂ ਨੂੰ ਮੰਦੇ ਕੰਮਾਂ ਤੋਂ ਵੀ ਨਾ ਵਰਜਣ। ਪੜ੍ਹ-ਲਿਖ ਕੇ ਚੰਗੀ ਨੌਕਰੀ ਨਾ ਮਿਲੇ ਤਾਂ ਨਿਰਾਸ਼ ਹੋ ਕੇ ਕਈ ਨੌਜਵਾਨ ਗੈਰ-ਕਾਨੂੰਨੀ ਕੰਮਾਂ ਜਾਂ ਨਸ਼ਿਆਂ ਵਿੱਚ ਪੈ ਜਾਂਦੇ ਹਨ। ਜੇਕਰ ਸਾਡਾ ਸਮਾਂ ਖਰਾਬ ਚੱਲ ਰਿਹਾ ਹੈ ਤਾਂ ਘਬਰਾਉਣ ਦੀ ਬਜਾਇ ਹਿੰਮਤ ਅਤੇ ਹੌਂਸਲੇ ਨਾਲ ਸੰਘਰਸ਼ ਕਰਦੇ ਹੋਏ ਚੰਗੇ ਦਿਨ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
ਸੋ ਵਕਤ ਦੀ ਲੋੜ ਹੈ ਕਿ ਅਸੀਂ ਸਾਰੇ ਸਹਿਣਸ਼ੀਲਤਾ ਦਾ ਗੁਣ ਧਾਰਨ ਕਰੀਏ। ਅਸੀਂ ਇਸ ਲਈ ਦੁਖੀ ਨਹੀਂ ਹੁੰਦੇ ਕਿ ਸਾਡੀ ਜਿੰਦਗੀ ਵਿੱਚ ਦੁੱਖ ਬਹੁਤ ਹਨ, ਸਗੋਂ ਅਸੀਂ ਇਸ ਲਈ ਜਿਆਦਾ ਦੁਖੀ ਹੁੰਦੇ ਹਾਂ ਕਿ ਸਾਡੇ ਵਿੱਚ ਸਹਿਣਸ਼ੀਲਤਾ ਦੀ ਘਾਟ ਹੁੰਦੀ ਹੈ। ਦੁੱਖ-ਸੁੱਖ ਸਾਡੇ ਜੀਵਨ ਦੇ ਹਮੇਸ਼ਾ ਨਾਲ ਰਹਿਣ ਵਾਲੇ ਸਮੇਂ ਦੇ ਉਹ ਪਲ ਹਨ ਜਿਨ੍ਹਾਂ ਨੇ ਕਦੇ ਨਾ ਕਦੇ ਬੀਤ ਹੀ ਜਾਣਾ ਹੁੰਦਾ ਹੈ। ਜੇਕਰ ਅਸੀਂ ਸੁੱਖਾਂ ਦਾ ਅਨੰਦ ਮਾਣ ਸਕਦੇ ਹਾਂ ਤਾਂ ਦੁੱਖਾਂ ਨੂੰ ਵੀ ਸਹਿਣ ਦੀ ਸਮਰੱਥਾ ਰੱਖਣੀ ਚਾਹੀਦੀ ਹੈ ਅਤੇ ਹੌਂਸਲੇ ਨਾਲ ਜੀਣਾ ਚਾਹੀਦਾ ਹੈ। ਜੀਵਨ ਵਿੱਚ ਹਰ ਛੋਟੀ-ਵੱਡੀ ਗੱਲ ਨੂੰ ਸਹਿਣ ਕਰਨ ਦਾ ਜਜ਼ਬਾ ਸਾਡੇ ਵਿੱਚ ਹੋਣਾ ਚਾਹੀਦਾ ਹੈ। ਜੁਲਮ ਸਹਿਣਾ ਨੈਤਿਕ ਨਹੀਂ, ਚੰਗਾ ਨਹੀਂ। ਨਾ ਹੀ ਚੁੱਪ-ਚਾਪ ਅਨਿਆਂ ਨੂੰ ਬਰਦਾਸ਼ਤ ਕਰੀ ਜਾਣਾ ਕੋਈ ਬਹਾਦਰੀ ਹੈ। ਬੇਸ਼ਕ ਸਾਨੂੰ ਜੁਲਮ ਅਤੇ ਬੇਇਨਸਾਫੀਆਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ।
ਪਰ ਜੁਲਮ ਦਾ ਟਾਕਰਾ ਵੀ ਉਹੀ ਕਰ ਸਕਦੇ ਹਨ ਜਿਨ੍ਹਾਂ ਵਿੱਚ ਹਿੰਮਤ ਅਤੇ ਬਰਦਾਸ਼ਤ ਸ਼ਕਤੀ ਹੁੰਦੀ ਹੈ ਕਿਉਂਕਿ ਥੋੜ੍ਹੇ ਜਿਹੇ ਦੁੱਖਾਂ ਅਤੇ ਮੁਸੀਬਤਾਂ ਨਾਲ ਪਰੇਸ਼ਾਨ ਹੋ ਜਾਣ ਵਾਲਾ ਕਦੇ ਵੀ ਜੁਲਮ ਦੇ ਖਿਲਾਫ ਖੜ੍ਹਾ ਨਹੀਂ ਹੋ ਸਕਦਾ । ਜੁਲਮ ਅਤੇ ਅਨਿਆਂ ਦੇ ਖਿਲਾਫ਼ ਜੰਗ ਓਹੀ ਲੜ ਸਕਦਾ ਹੈ ਜਿਸਦੀ ਸਹਿਣਸ਼ਕਤੀ ਮਜਬੂਤ ਹੋਵੇ। ਜਿਸ ਵਿਅਕਤੀ ਵਿੱਚ ਔਖੇ ਤੋਂ ਔਖੇ ਵੇਲੇ ਨੂੰ ਬਰਦਾਸ਼ਤ ਕਰਨ ਦੀ ਹਿੰਮਤ ਹੁੰਦੀ ਹੈ, ਉਹ ਜਰੂਰ ਆਪਣੀਆਂ ਸਮੱਸਿਆਵਾਂ ਤੇ ਜੀਵਨ ਦੀਆਂ ਔਖਿਆਈਆਂ ‘ਤੇ ਫਤਿਹ ਹਾਸਿਲ ਕਰ ਲੈਂਦਾ ਹੈ। ਸਹਿਣਸ਼ੀਲਤਾ ਕੋਈ ਕਮਜ਼ੋਰੀ ਨਹੀਂ ਸਗੋਂ ਮਨੁੱਖ ਦੀ ਅੰਦਰੂਨੀ ਸ਼ਕਤੀ ਹੁੰਦੀ ਹੈ। ਸਹਿਣਸ਼ੀਲਤਾ ਉੱਚ ਸ਼ਖਸੀਅਤ ਦਾ ਪ੍ਰਤੀਕ ਹੁੰਦੀ ਹੈ। ਜਿਸਨੂੰ ਸਹਿਣਾ ਆ ਜਾਂਦਾ ਹੈ, ਉਸਨੂੰ ਰਹਿਣਾ ਆ ਜਾਂਦਾ ਹੈ।
ਸ੍ਰੀ ਮੁਕਤਸਰ ਸਾਹਿਬ। ਮੋ. 90413-47351
ਯਸ਼ਪਾਲ ਮਹਾਵਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.