ਖੇਤੀ ਬਿਲਾਂ ਬਾਰੇ ਪਿੰਡ ਪਿੰਡ ਜਾਕੇ ਕਰਾਂਗੇ ਜਾਗਰੂਕ: ਹਰਜੀਤ ਗਰੇਵਾਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਆਪਣੀ ਹੀ ਭਾਈਵਾਲ ਅਕਾਲੀ ਦਲ ਖਿਲਾਫ ਸ਼ਰੇਆਮ ਮੋਰਚਾ ਖੋਲ੍ਹ ਦਿੱਤਾ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਖੇਤੀ ਬਿੱਲਾਂ ਬਾਰੇ ਅਕਾਲੀ ਦਲ ਨੂੰ ਪੂਰੀ ਜਾਣਕਾਰੀ ਸੀ ਅਤੇ ਹੁਣ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਇੱਧਰ ਭਾਜਪਾ ਆਗੂਆਂ ਵੱਲੋਂ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਬਿੱਲਾਂ ਦੇ ਹੱਕ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਇੱਥੇ ਭਾਜਪਾ ਦੇ ਕੌਮੀ ਸਕੱਤਰ ਰਹੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੂਹ ਦਾ ਪਾਣੀ ਪੀ ਲਿਆ ਹੈ ਤੇ ਇਸੇ ਲਈ ਉਹ ਉਹਨਾਂ ਦੀ ਬੋਲੀ ਬੋਲ ਰਹੇ ਹਨ। ਹਰਜੀਤ ਸਿੰਘ ਗਰੇਵਾਲ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਪੁੱਜੇ ਹੋਏ ਸਨ।
ਇਸ ਮੌਕੇ ਗਰੇਵਾਲ ਨੇ ਕਿਹਾ ਕਿ ਖੇਤੀ ਬਿੱਲਾਂ ਦੇ ਮਾਮਲੇ ‘ਤੇ ਅਕਾਲੀ ਦਲ ਨੂੰ ਪੂਰੀ ਜਾਣਕਾਰੀ ਸੀ ਬਲਕਿ ਇਹਨਾਂ ਬਾਰੇ ਫੈਸਲਾ ਲੈਣ ਵਾਲੀ ਕੈਬਨਿਟ ਦਾ ਹਰਸਿਮਰਤ ਕੌਰ ਬਾਦਲ ਹਿੱਸਾ ਰਹੇ ਹਨ। ਉਹਨਾਂ ਕਿਹਾ ਕਿ ਹੁਣ ਤੱਕ ਹਰਸਿਮਰਤ ਕੌਰ ਬਾਦਲ ਨੇ ਵੀ ਜਨਤਕ ਤੌਰ ‘ਤੇ ਮੰਨ ਲਿਆ ਹੈ ਕਿ ਖੇਤੀਬਾੜੀ ਬਿੱਲਾਂ ਵਿੱਚ ਕੁਝ ਵੀ ਗਲਤ ਨਹੀਂ ਹੈ ਤੇ ਇਹ ਕਿਸਾਨਾਂ ਲਈ ਲਾਹੇਵੰਦ ਹਨ।
ਸਵਾਲਾਂ ਦੇ ਜਵਾਬ ਦਿੰਦਿਆਂ ਭਾਜਪਾ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਧਿਰਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ, ਇਸੇ ਲਈ ਇੰਨਾ ਵਿਰੋਧ ਹੋ ਰਿਹਾ ਹੈ ਪਰ ਅਸੀਂ ਵਿਰੋਧ ਕਰ ਰਹੇ ਕਿਸਾਨਾਂ ਕੋਲ ਪਹੁੰਚ ਕੀਤੀ ਹੈ ਤੇ ਗੱਲਬਾਤ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜਿਸ ਤਰੀਕੇ ਪਹਿਲਾਂ ਭਾਖੜਾ ਡੈਮ ਦਾ ਵਿਰੋਧ ਹੋਇਆ ਸੀ ਤੇ ਅੱਜ ਹਰ ਸੂਬਾ ਉਸਦੇ ਪਾਣੀ ਵਿੱਚ ਹਿੱਸਾ ਮੰਗ ਰਿਹਾ ਹੈ, ਇਸੇ ਤਰ੍ਹਾਂ ਸਮੇਂ ਅਨੁਸਾਰ ਖੇਤੀਬਾੜੀ ਬਿੱਲ ਵੀ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਣਗੇ।
ਜਦੋਂ ਪੁੱਛਿਆ ਗਿਆ ਕਿ ਕਿਸਾਨ ਕਹਿ ਰਹੇ ਹਨ ਐਮ ਐਸ ਪੀ ਬਾਰੇ ਵੀ ਬਿੱਲ ਜਾਰੀ ਕੀਤਾ ਜਾਵੇ ਤਾਂ ਸ੍ਰੀ ਗਰੇਵਾਲ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਇਸ ਬਾਰੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਕਿਉਂਕਿ ਖੇਤੀਬਾੜੀ ਰਾਜ ਸੂਚੀ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹਾੜੀ ਦੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਵਧਾ ਕੇ ਕਿਸਾਨਾਂ ਨੂੰ ਤੋਹਫਾ ਦਿੱਤਾ ਹੈ।
ਉਹਨਾਂ ਦੱਸਿਆ ਕਿ ਖੇਤੀਬਾੜੀ ਬਿੱਲਾਂ ਬਾਰੇ ਕਿਸਾਨਾਂ ਦੇ ਭੁਲੇਖੇ ਦੂਰ ਕਰਨ ਵਾਸਤੇ ਕਿਸਾਨ ਮੋਰਚੇ ਦੇ ਵਰਕਰ ਅਗਲੇ ਮਹੀਨੇ ਦੀ ਸ਼ੁਰੂਆਤ ਤੋਂ ਪਿੰਡ-ਪਿੰਡ ਜਾਣਗੇ ਤੇ ਕਿਸਾਨਾਂ ਨੂੰ ਜਾਗਰੂਕ ਕਰਨਗੇ। ਜਦੋਂ ਸਵਾਲ ਕੀਤਾ ਗਿਆ ਕਿ ਪਿੰਡਾਂ ਵਿੱਚ ਉਨ੍ਹਾਂ ਦੇ ਸਮਾਜਿਕ ਬਾਈਕਾਟ ਦੇ ਚਰਚੇ ਹਨ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਮਰਜੀਵੇੜਿਆਂ ਦੀ ਪਾਰਟੀ ਹੈ ਅਤੇ ਪੰਜਾਬ ਵਿੱਚ ਭਾਜਪਾ ਦੀ ਸਥਿਤੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ, ਕੌਮੀ ਆਗੂ ਗੁਰਤੇਜ ਸਿੰਘ ਢਿੱਲੋਂ, ਕਿਸਾਨ ਮੋਰਚੇ ਦੇ ਮੀਤ ਪ੍ਰਧਾਨ ਪੰਜਾਬ ਰਵਿੰਦਰ ਸਿੰਘ ਗਿੰਨੀ ਢਿੱਲੋਂ, ਸੁਖਦੇਵ ਕੌਰ ਨੌਲਖਾ ਸੂਬਾ ਸਕੱਤਰ, ਵਿਕਾਸ ਸ਼ਰਮਾ ਪ੍ਰਧਾਨ ਪਟਿਆਲਾ ਨਾਰਥ, ਯੋਗੇਸ਼ ਖੱਤਰੀ ਪਟਿਆਲਾ ਸਾਊਥ ਮਹਾਂਮੰਤਰੀ, ਬਲਵਿੰਦਰ ਸਿੰਘ, ਵਰੁਣ ਗੋਇਲ, ਵਿਕਰਮ ਭੱਲਾ, ਲਖਵੀਰ ਸਿੰਘ ਭੱਟੀ, ਐਸ ਕੇ ਦੇਵ ਕਾਰਜਕਾਰੀ ਮੈਂਬਰ ਤੇ ਹੋਰ ਨੇਤਾ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.