MY Bicycle | ਮੇਰਾ ਸਾਈਕਲ
ਮੇਰਾ ਅੱਜ ਨਤੀਜਾ ਆਇਆ, ਭੁੱਲ ਗਿਆ ਰੋਣਾ ਧੋਣਾ।
ਮੇਰੇ ਡੈਡੀ ਸਾਈਕਲ ਲਿਆਏ, ਮੇਰੇ ਵਾਸਤੇ ਸੋਹਣਾ।
ਹੀਰੋ ਕੰਪਨੀ ਦਾ ਇਹ ਬਣਿਆ, ਰੰਗ ਹੈ ਇਸਦਾ ਕਾਲ਼ਾ।
ਸਰਦੀ ਵਿੱਚ ਚਲਾ ਕੇ ਇਸਨੂੰ, ਦੂਰ ਹੈ ਭੱਜਦਾ ਪਾਲ਼ਾ।
ਸੋਹਣੀ ਸੀਟ ਲੱਗੀ ਹੈ ਇਸਦੇ, ਸੋਹਣੇ ਇਸਦੇ ਚੱਕੇ।
ਭਜਾ ਲਓ ਜਿੰਨਾ ਵੀ ਹੈ ਭਜਾਉਣਾ, ਨਾ ਅੱਕੇ ਨਾ ਥੱਕੇ।
ਮਾਰ ਕੇ ਪੈਡਲ ਭੱਜਦਾ ਜਾਵੇ, ਕਰਦਾ ਪੂਰੀਆਂ ਵਾਟਾਂ।
ਸਾਈਕਲ ਦੇ ਨਿਰੇ ਗੁਣ ਹੀ ਗੁਣ ਨੇ, ਕਿਆ ਸਾਈਕਲ ਦੀਆਂ ਬਾਤਾਂ।
ਸਭ ਗੱਡੀਆਂ ਦੇ ਨਾਲੋਂ ਸੋਹਣੀ, ਸਾਈਕਲ ਦੀ ਸਵਾਰੀ।
ਤੰਦਰੁਸਤ ਹੈ ਰਹਿੰਦਾ ਬੰਦਾ, ਭੱਜਦੀ ਦੂਰ ਬਿਮਾਰੀ।
ਨਾ ਪੈਟਰੋਲ ‘ਤੇ ਨਾ ਡੀਜ਼ਲ ‘ਤੇ, ਨਾ ਕੋਈ ਲੱਗਦਾ ਧੇਲਾ।
ਇਸ ਵਾਰੀ ਇਸ ਉੱਤੇ ਜਾਣਾ, ਦੇਖਣ ਜਰਗ ਦਾ ਮੇਲਾ।
ਜੇ ਬਚਣਾ ਹੈ ਰੋਗਾਂ ਕੋਲ਼ੋਂ, ਸਾਈਕਲ ਨੂੰ ਹੱਥ ਪਾਓ।
ਇਸ ਕੀਮਤੀ ਚੀਜ਼ ਨੂੰ ਬੱਚਿਓ, ਅੱਜ ਹੀ ਘਰੇ ਲਿਆਓ।
‘ਗੁਰਵਿੰਦਰ’ ਵਾਸਤੇ ਸਾਈਕਲ ਗੱਡੀ, ਲੱਗਦੀ ਬੜੀ ਹੀ ਚੰਗੀ।
ਡੈਡੀ ਲੈ ਕੇ ਦੇ ਹੀ ਦਿੱਤੀ, ਚੀਜ਼ ਸੀ ਜਿਹੜੀ ਮੰਗੀ।
ਗੁਰਵਿੰਦਰ ਸਿੰਘ ਉੱਪਲ,
ਈ.ਟੀ.ਟੀ. ਅਧਿਆਪਕ
ਸ.ਪ੍ਰਾ.ਸ. ਦੌਲੋਵਾਲ (ਸੰਗਰੂਰ)
ਮੋ. 98411-45000
ਅਰਮਾਨ
ਹਰ ਬੰਦੇ ਦਾ ਹੁੰਦਾ ਏ ਇੱਕ ਅਰਮਾਨ
ਮੇਰਾ ਪਰਿਵਾਰ ਹੋਵੇ ਰੱਬਾ ਸੁੱਘੜ ਸੁਜਾਨ
ਮਾਪਿਆਂ ਦੀ ਅਕਲ ਬੱਚੇ ਕਰ ਲੈਣ ਪ੍ਰਵਾਨ
ਮਾਂ-ਬਾਪ ਨੂੰ ਤਾਹੀਓਂ ਚੰਗਾ ਲੱਗੇ ਭਗਵਾਨ
ਬੱਚੇ ਪੜ੍ਹ-ਲਿਖ ਕੇ ਬਣ ਜਾਣ ਵਿਦਵਾਨ
ਮਾਪੇ ਜਾਣ ਰੱਬ ਤੋਂ ਸੌ ਵਾਰੀ ਕੁਰਬਾਨ
ਰੱਬਾ ਸਾਡੇ ਬੱਚੇ ਬਣਾ ਚੰਗੇ ਇਨਸਾਨ
ਭਾਵੇਂ ਕਰਨ ਨੌਕਰੀ ਭਾਵੇਂ ਕਰਨ ਦੁਕਾਨ
ਮਿੱਠੀ-ਮਿੱਠੀ ਹੋਵੇ ਰੱਬਾ ਇਨ੍ਹਾਂ ਦੀ ਜੁਬਾਨ
ਮਾਪਿਆਂ ਨੂੰ ਤਾਂ ਹੀ ਲੱਗੇਗਾ ਸੁੰਦਰ ਜਹਾਨ।
ਰਾਜਿੰਦਰ ਕੌਰ, ਹਰਿਆਣਾ
ਮੋ. 94789-90980
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.