ਆਸ ਦੀ ਲੋਅ
ਉਦਾਸੀ ਵਿਚ ਜ਼ਿੰਦਗੀ ਗੁਜ਼ਾਰਦਾ ਬਿੰਦਰ ਬਿਲਕੁਲ ਟੁੱਟ ਚੁੱਕਾ ਸੀ ਉਸਨੇ ਸੋਚਿਆ ਕਿ ਕਿਉਂ ਨਾ ਆਪਣੇ ਦੋਸਤ ਮੱਘਰ ਨੂੰ ਈ ਮਿਲ ਆਵਾਂ ਜਦ ਉਹ ਆਪਣੇ ਦੋਸਤ ਮੱਘਰ ਦੇ ਘਰ ਗਿਆ ਤਾਂਦੇਖ ਕੇ ਬਹੁਤ ਹੈਰਾਨ ਹੋਇਆ ਕਿ ਮੱਘਰ ਦੁਨੀਆਂ ਤੋਂ ਬੇਖ਼ਬਰ ਆਪਣੇ ਬੱਚਿਆਂ ਨਾਲ ਹੱਸ-ਖੇਡ ਰਿਹਾ ਸੀ ।
ਉਸਨੇ ਮੱਘਰ ਨੂੰ ਬੜੀ ਹੈਰਾਨੀ ਨਾਲ ਪੁੱਛਿਆ, ‘ਮੱਘਰਾ ਸਾਰੀ ਦੁਨੀਆਂ ‘ਤੇ ਕੋਰੋਨਾ ਦਾ ਕਹਿਰ ਛਾਇਆ ਤੇ ਤੂੰ… ਤੂੰ ਠਹਾਕੇ ਲਾ ਰਿਹੈਂ!’ ਮੱਘਰ ਬੋਲਿਆ, ‘ਓਏ ਬਿੰਦਰਾ ਹਾਸੇ ਵਿੱਚੋਂ ਈ ਜ਼ਿੰਦਗੀ ਜਿਊਣ ਦੀ ਆਸ ਉਪਜਦੀ ਆ ਚਿੰਤਾ, ਪ੍ਰੇਸ਼ਾਨੀ ਕਿਸੇ ਵੀ ਚੀਜ਼ ਦਾ ਹੱਲ ਨਹੀਂ ਸਿਰ ਸੁੱਟ ਕੇ ਬੈਠਣ ਨਾਲ ਨਹੀਂ ਜੰਗਾਂ ਲੜਨ ਨਾਲ ਜਿੱਤੀਆਂ ਜਾਂਦੀਆਂ ਤੂੰ ਕੀ ਚਾਹੁੰਨੈ ਕਿ ਆਪਣੇ ਪਰਿਵਾਰ ਨੂੰ ਵੀ ਚਿੰਤਾ ਦੀ ਭੱਠੀ ਵਿੱਚ ਝੋਕ ਦੇਵਾਂ ਨਹੀਂ ਬਿੰਦਰਾ ਨਹੀਂ… ਹਾਲਾਤਾਂ ਨੂੰ ਹੌਂਸਲੇ ਨਾਲ ਨਜਿੱਠੋ’ ਮੱਘਰ ਦੀਆਂ ਇਹ ਊਰਜਾ ਭਰਪੂਰ ਗੱਲਾਂ ਸੁਣ ਬਿੰਦਰ ਦੀ ਚਿੰਤਾ ਛੂ-ਮੰਤਰ ਹੋ ਗਈ ਤੇ ਉਸਦੇ ਚਿਹਰੇ ‘ਤੇ ਆਸ ਦੀ ਲੋਅ ਚਮਕ ਉੱਠੀ।
ਜਸਪਾਲ ਵਧਾਈਆਂ
ਮੋ. 99140-43045
ਪੇਟ ਦੀ ਅੱਗ
ਕਿਸੇ ਨਗਰ ਵਿੱਚ ਧਾਰਮਿਕ-ਸੰਸਥਾਵਾਂ ਰਾਸ਼ਨ ਵੰਡ ਰਹੀਆਂ ਸਨ। ਨਾਲ ਹੀ ਲੱਗਦੀਆਂ ਝੁੱਗੀਆਂ-ਝੋਂਪੜੀਆਂ ਵੱਲੋਂ ਵੀ ਕੁਝ ਲੋਕ ਰਾਸ਼ਨ ਲੈਣ ਵਾਸਤੇ ਕੁਝ ਫਾਸਲਾ ਰੱਖ ਕੇ ਲਾਈਨ ਲਾ ਕੇ ਖੜ੍ਹੇ ਸਨ। ਇੱਕ ਨਸ਼ੇੜੀ ਜਿਹੇ ਬੰਦੇ ਨੇ ਆਪਣੇ ਦਸ ਕੁ ਸਾਲ ਦੇ ਬੱਚੇ ਨੂੰ ਲਾਈਨ ਵਿਚ ਖੜ੍ਹਾ ਕਰ ਦਿੱਤਾ ਤੇ ਆਪ ਪਾਸੇ ਖੜ੍ਹੋ ਕੇ ਗੱਲਾਂ ਮਾਰਨ ਲੱਗ ਪਿਆ ਸੀ। ਉੁਸ ਥਾਂ ‘ਤੇ ਬਹੁਤ ਧੁੱਪ ਸੀ ਤੇ ਉਹ ਥਾਂ ਬਹੁਤ ਗਰਮ ਸੀ। ਬੱਚਾ ਕਦੇ ਅੱਡੀਆਂ Àੁੱਪਰ ਖੜ੍ਹਦਾ ਤੇ ਕਦੇ ਪੰਜਿਆਂ ਉੱਤੇ ਤੇ ਕਦੇ ਪੈਰ ਟੇਢੇ ਕਰ ਰਿਹਾ ਸੀ। ਕਿਸੇ ਨੇ ਮਜ਼ਾਕ ਨਾਲ ਕਿਹਾ ਸੀ,
ਓ ਕਾਕਾ! ਜੇ ਕੋਈ ਜ਼ੋਰ-ਜ਼ਾਰ ਪਿਆ ਤਾਂ ਭੱਜ ਕੇ ਜੰਗਲ-ਪਾਣੀ ਜਾ ਕੇ ਆਜਾ… ਐਵੇਂ ਕਾਹਨੂੰ ਔਖਾ-ਸੌਖਾ ਹੋਈ ਜਾਂਦੈ!… ਰਾਸ਼ਨ ਤਾਂ ਤੈਨੂੰ ਮਿਲ ਹੀ ਜਾਣੈਂ!
ਉਸਨੇ ਕੀ ਆਖਣਾ ਸੀ ਉਹ ਚੁੱਪ ਕਰਕੇ ਖੜ੍ਹਾ ਰਿਹਾ। ਜਦ ਉਸ ਬੱਚੇ ਦੀ ਵਾਰੀ ਆਈ ਤਾਂ ਉਹ ਆਟੇ ਵਾਲਾ ਲਿਫਾਫਾ ਲੈ ਕੇ ਆਪਣੀਆਂ ਝੁੱਗੀਆਂ ਵੱਲ ਨੂੰ ਨੰਗੇ ਪੈਰੀਂ ਭੱਜਿਆ ਜਾ ਰਿਹਾ ਸੀ। ਸ਼ਾਇਦ ਹੁਣ ਉਸ ਦੇ ਪੈਰਾਂ ਨੂੰ ਗਰਮੀ ਮਹਿਸੂਸ ਨਹੀਂ ਹੋ ਰਹੀ ਸੀ। ਪੇਟ ਦੀ ਅੱਗ ਕਿਸੇ ਵੀ ਹੋਰ ਅੱਗ ਨਾਲੋਂ ਬੜੀ ਵੱਡੀ ਹੁੰਦੀ ਹੈ ਇਸ ਗੱਲ ਦਾ ਸਬੂਤ ਅੱਜ ਅੱਖਾਂ ਸਾਹਮਣੇ ਮੌਜ਼ੂਦ ਸੀ। ਬਾਕੀ ਸਭ ਆਪੋ-ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ।
ਹੀਰਾ ਸਿੰਘ ਤੂਤ,
ਫਿਰੋਜ਼ਪੁਰ
ਮੋ. 98724-55994