ਕਿਹਾ, ਮੁੱਖ ਮੰਤਰੀ ਹਲਫੀਆ ਬਿਆਨ ਵਾਪਸ ਲੈਣ ਅਤੇ ਸੂਬੇ ਵਿਚ ਰੇਤ ਮਾਫੀਆ ਖਿਲਾਫ ਜਾਂਚ ਦਾ ਸਵਾਗਤ ਕਰਨ
ਚੰਡੀਗੜ, (ਅਸ਼ਵਨੀ ਚਾਵਲਾ)। ਗੁੰਡਾ ਟੈਕਸ ਉਗਰਾਹੀ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੇ ਫੈਸਲੇ ਖ਼ਿਲਾਫ਼ ਹੁਣ ਪੰਜਾਬ ਸਰਕਾਰ ਡਬਲ ਬੈਂਚ ‘ਤੇ ਅਪੀਲ ਲੈ ਕੇ ਪੁੱਜ ਗਈ ਹੈ, ਇਹ ਅਪੀਲ ਸਰਕਾਰ ਵੱਲੋਂ ਦਾਖ਼ਲ ਹੋਣ ਤੋਂ ਬਾਅਦ ਅਕਾਲੀ ਦਲ ਕਾਫ਼ੀ ਜਿਆਦਾ ਤਿੱਖੇ ਤੇਵਰ ਵਿੱਚ ਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਾਫ਼ ਕਹਿ ਦਿੱਤਾ ਹੈ ਕਿ ਗੁੰਡਾ ਟੈਕਸ ਉਗਰਾਹੀ ਦੀ ਸੀਬੀਆਈ ਜਾਂਚ ਖ਼ਿਲਾਫ਼ ਉੱਚ ਅਦਾਲਤ ਵਿੱਚ ਜਾਣਾ ਇਹ ਸਾਬਤ ਕਰਦਾ ਹੈ ਕਿ ਕਾਂਗਰਸ ਸਰਕਾਰ ਰੇਤ ਮਾਫੀਆ ਨਾਲ ਰਲੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਮਾਫੀਆ ਵੱਲੋਂ ਵਸੂਲੇ ਜਾ ਰਹੇ
ਗੁੰਡਾ ਟੈਕਸ ਦੀ ਹਾਈ ਕੋਰਟ ਵੱਲੋਂ ਇੱਕ ਨਿਆਂਇਕ ਅਧਿਕਾਰੀ ਦੀ ਰਿਪੋਰਟ ਦੇ ਆਧਾਰ ‘ਤੇ ਸੀ ਬੀ ਆਈ ਜਾਂਚ ਦੇ ਹੁਕਮਾਂ ਨੂੰ ਚੁਣੌਤੀ ਦੇ ਕੇ ਰੇਤ ਮਾਫੀਆ ਦੀ ਸਰਕਾਰੀ ਤੌਰ ‘ਤੇ ਸ਼ਰੇਆਮ ਹਮਾਇਤ ਵਿੱਚ ਨਿੱਤਰ ਆਈ ਹੈ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਬਜਾਏ ਗੁੰਡਾ ਟੈਕਸ ਉਗਰਾਹੀ ਦੀ ਨਿਆਂਇਕ ਜਾਂਚ ਹੋ ਲੈਣ ਦੇ ਅਤੇ ਇਸਦੀ ਉਗਰਾਹੀ ਕਰਨ ‘ਤੇ ਇਹ ਪੈਸਾ ਸਰਕਾਰੀ ਖ਼ਜ਼ਾਨੇ ਵਿੱਚ ਜਮਾਂ ਕਰਵਾਉਣ ਦੇ, ਕਾਂਗਰਸ ਸਰਕਾਰ ਨਿਆਂਇਕ ਅਫਸਰ ਦੀ ਰਿਪੋਰਟ ਖਿਲਾਫ ਹਾਈ ਕੋਰਟ ਕੋਲ ਪਹੁੰਚ ਕਰ ਰਹੀ ਹੈ।
ਡਾ. ਚੀਮਾ ਨੇ ਕਿਹਾ ਕਿ ਇਸ ਕਾਰਵਾਈ ਨੇ ਬਿੱਲੀ ਥੈਲੇ ਵਿੱਚੋਂ ਬਾਹਰ ਲੈ ਆਉਂਦੀ ਹੈ। ਉਹਨਾਂ ਕਿਹਾ ਕਿ ਹੁਣ ਇਹ ਸਪੱਸ਼ਟ ਹੈ ਕਿ ਕਾਂਗਰਸ ਸਰਕਾਰ ਨੇ ਬਜਾਏ ਉਸ ਖਿਲਾਫ ਕਾਰਵਾਈ ਕਰਨ ਦੇ, ਰੇਤ ਮਾਫੀਆ ਦੇ ਹੱਕ ਵਿੱਚ ਸਟੈਂਡ ਲਿਆ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਕਾਰ ਜਾਣਦੀ ਸੀ ਕਿ ਸੂਬੇ ਵਿੱਚ ਨਜਾਇਜ਼ ਮਾਇਨਿੰਗ ਦੀ ਨਿਰਪੱਖ ਜਾਂਚ ਨਾਲ ਕਾਂਗਰਸ ਦੇ ਮੰਤਰੀ ਤੇ ਵਿਧਾਇਕ, ਜੋ ਮਾਫੀਆ ਤੱਤਾਂ ਨਾਲ ਰਲੇ ਹੋਏ ਹਨ, ਬੇਨਕਾਬ ਹੋ ਜਾਣਗੇ। ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਇਨਿੰਗ ਵਿਭਾਗ ਨੂੰ ਇਹ ਹਲਫੀਆ ਬਿਆਨ ਤੁਰੰਤ ਵਾਪਸ ਲੈਣ ਦੀ ਹਦਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇੱਕ ਨਿਆਂਇਕ ਅਫਸਰ ਦੀ ਪੜਤਾਲ ਦਾ ਸਨਮਾਨ ਕਰਨਾ ਚਾਹੀਦਾ ਹੈ ਜਿਸਨੇ ਸੱਤ ਅਜਿਹੀਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਹੈ
ਜਿੱਥੇ ਰੇਤ ਮਾਫੀਆ ਨੇ ਨਜਾਇਜ਼ ਨਾਕੇ ਲਗਾਏ ਹਨ ਅਤੇ ਉਸਨੇ ਇਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਵੀ ਨਾਲ ਦਿੱਤੀਆਂ ਸਨ ਤੇ ਕਿਹਾ ਸੀ ਕਿ ਟਰੱਕਾਂ ‘ਤੇ ਰੇਤ ਤੇ ਬਜਰੀ ਲਿਜਾ ਰਹੇ ਵਾਹਨਾਂ ਤੋਂ ਇਹ ਗੁੰਡਾ ਟੈਕਸ ਉਗਰਾਹਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਤੱਥਾਂ ਦੀ ਰੌਸ਼ਨੀ ਵਿੱਚ ਮੁੱਖ ਮੰਤਰੀ ਨੂੰ ਅਦਾਲਤ ਵਿੱਚ ਹਲਫੀਆ ਬਿਆਨ ਦਾਇਰ ਕਰਕੇ ਨਾ ਸਿਰਫ ਰੋਪੜ ਵਿੱਚ ਰੇਤ ਮਾਫੀਆ ਖਿਲਾਫ ਐਲਾਨੀ ਸੀ ਬੀ ਆਈ ਜਾਂਚ ਦਾ ਸਵਾਗਤ ਕਰਨਾ ਚਾਹੀਦਾ ਸੀ ਬਲਕਿ ਇਹ ਕਹਿਣਾ ਚਾਹੀਦਾ ਸੀ ਕਿ ਇਹ ਜਾਂਚ ਸਾਰੇ ਸੂਬੇ ਵਿੱਚ ਹੋਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.