ਰਾਜਿੰਦਰਾ ਹਸਪਤਾਲ ‘ਚ ਕੋਵਿਡ ਮਰੀਜਾਂ ਵੱਲੋਂ ਇਲਾਜ ਪ੍ਰਬੰਧਾਂ ‘ਤੇ ਸੰਤੁਸ਼ਟੀ ਦਾ ਇਜ਼ਹਾਰ
ਪਟਿਆਲਾ, (ਸੱਚ ਕਹੂੰ ਨਿਊਜ)। ਕੋਵਿਡ-19 ਪਾਜ਼ਿਟਿਵ ਆਉਣ ਤੋਂ ਬਾਅਦ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਕਰਵਾ ਰਹੇ ਕੋਵਿਡ ਮਰੀਜਾਂ ਨੇ ਇੱਥੇ ਇਲਾਜ ਪ੍ਰਬੰਧਾਂ ‘ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਹੈ। ਵੱਖ-ਵੱਖ ਮਰੀਜਾਂ ਨੇ ਕਿਹਾ ਹੈ ਕਿ ਰਾਜਿੰਦਰਾ ਹਪਸਤਾਲ ‘ਚ ਡਾਕਟਰ ਅਤੇ ਪੈਰਾ ਮੈਡੀਕਲ ਅਮਲੇ ਸਮੇਤ ਹੋਰ ਕਰਮਚਾਰੀ ਪੂਰੀ ਤਨਦੇਹੀ ਨਾਲ ਉਨ੍ਹਾਂ ਦੀ ਦੇਖ-ਭਾਲ ਕਰ ਰਹੇ ਹਨ।
ਵੱਖ-ਵੱਖ ਮਰੀਜਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਆਪਣੇ ਇਲਾਜ ਦੌਰਾਨ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਉਹ ਆਪਣੇ ਘਰ ਹਨ ਜਾਂ ਹਸਪਤਾਲ ਵਿੱਚ, ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ ਉਹ ਵਿਸ਼ੇਸ਼ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਖ਼ਿਲਾਫ਼ ਵਿੱਢੀ ਜੰਗ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਵਿਡ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਸਭ ਨੂੰ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਇਨ੍ਹਾਂ ਮਰੀਜਾਂ ਨੇ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਣ ਲਈ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਪੂਰੇ ਇਹਤਿਆਤ ਵਰਤਣ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਵੀ ਯਕੀਨ ਨਾ ਕਰਨ ਅਤੇ ਕੋਵਿਡ ਦੇ ਲੱਛਣ ਆਉਣ ‘ਤੇ ਆਪਣੇ ਟੈਸਟ ਕਰਵਾਉਣ ਅਤੇ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀਆਂ ਸੇਵਾਵਾਂ ਹਾਸਲ ਕਰਨ।
ਕੋਵਿਡ ਵਾਰਡ ‘ਚ ਦਾਖਲ ਮਰੀਜ ਹਰੀ ਸਿੰਘ ਨੇ ਵਾਰਡ ਅਟੈਂਡੈਂਟ ਗੁਰਚਰਨ ਸਿੰਘ ਵੱਲੋਂ ਖਾਣਾ ਖੁਆਉਣ ਸਮੇਤ ਹੋਰ ਦੇਖ-ਭਾਲ ਕਰਨ ਲਈ ਹਸਪਤਾਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਪਿੰਡ ਲੰਗੜੋਈ ਦੀ ਸ੍ਰੀਮਤੀ ਲਛਮੀ ਦੇਵੀ ਨੇ ਵੀ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਅਮਲੇ ਦੀ ਸੇਵਾ ਭਾਵ ਤੋਂ ਖੁਸ਼ ਹੋ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। ਇਸੇ ਤਰ੍ਹਾਂ ਸਮਾਣਾ ਦੇ ਮਨਵਿੰਦਰ ਕੁਮਾਰ ਭਟਨਾਗਰ ਨੇ ਕੋਵਿਡ ਬਿਮਾਰੀ ‘ਤੇ ਫ਼ਤਿਹ ਪਾਉਣ ਉਪਰੰਤ 15 ਦਿਨ ਰਾਜਿੰਦਰਾ ਹਸਪਤਾਲ ‘ਚ ਬਿਤਾਉਣ ਬਾਅਦ ਆਪਣੇ ਘਰ ਜਾਣ ਮੌਕੇ ਕਿਹਾ ਕਿ ਸਰਕਾਰੀ ਹਸਪਤਾਲ ‘ਚ ਖਾਣ-ਪੀਣ ਦੇ ਬਿਹਤਰ ਪ੍ਰਬੰਧਾਂ ਸਮੇਤ ਇਲਾਜ ਸਹੂਲਤਾਂ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਡਾਕਟਰ ਮਰੀਜਾਂ ਦਾ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਇਲਾਜ ਕਰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.