ਪਿਛਲੇ ਸਾਲ ਅਗਸਤ ਮਹੀਨੇ ਦੇ 1014.03 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਆਈ ਗਿਰਾਵਟ
ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਕਾਰਨ ਪੰਜਾਬ ਨੂੰ ਜੀਐਸਟੀ ਵਿੱਚ ਵੱਡਾ ਝਟਕਾ ਲੱਗਿਆ ਹੈ, ਪਿਛਲੇ ਇੱਕ ਮਹੀਨੇ ਦੌਰਾਨ 27 ਕਰੋੜ ਰੁਪਏ ਘੱਟ ਇਕੱਠੇ ਹੋਏ ਹਨ, ਜਿਹੜਾ ਕਿ ਪਿਛਲੇ ਸਾਲ ਦੇ ਮੁਕਾਬਲੇ 2.64 ਫੀਸਦੀ ਘੱਟ ਦਰਜ਼ ਕੀਤਾ ਗਿਆ ਹੈ। ਪੰਜਾਬ ਦਾ ਅਗਸਤ 2020 ਮਹੀਨੇ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 987.20 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀ.ਐਸ.ਟੀ. ਮਾਲੀਆ 1014.03 ਕਰੋੜ ਸੀ, ਜੋ ਕਿ ਇਸ ਸਾਲ 2.64 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।
ਕੋਵਿਡ-19 ਕਾਰਨ ਟੈਕਸ ਦਾਤਾਵਾਂ ਨੂੰ ਪਿਛਲੇ ਮਹੀਨਿਆਂ ਦੀ ਰਿਟਰਨ ਭਰਨ ਲਈ ਰਾਹਤ ਦਿੱਤੀ ਗਈ ਸੀ ਅਤੇ ਪਿਛਲੇ ਸਾਲ 5 ਕਰੋੜ ਤੋਂ ਘੱਟ ਟਰਨ ਓਵਰ ਵਾਲੇ ਟੈਕਸ ਦਾਤਾਵਾਂ ਨੂੰ ਸਤੰਬਰ 2020 ਤੱਕ ਰਿਟਰਨ ਭਰਨ ਵਿੱਚ ਢਿੱਲ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਕਰ ਕਮਿਸ਼ਨਰ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਪਰੈਲ ਤੋਂ ਅਗਸਤ 2020 ਦੌਰਾਨ ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 3630.48 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 5266.06 ਕਰੋੜ ਰੁਪਏ ਸੀ। ਇਸ ਤਰਾਂ 31.05 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਸਤ 2020 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ ਜਿਸ ਵਿੱਚੋਂ ਪੰਜਾਬ ਸੂਬੇ ਨੇ 987.20 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕਿ ਕੁੱਲ ਸੁਰੱਖਿਅਤ ਮਾਲੀਏ ਦਾ 41.08 ਫੀਸਦੀ ਬਣਦਾ ਹੈ। ਇਸ ਤਰਾਂ ਅਗਸਤ 2020 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1415.8 ਕਰੋੜ ਹੈ ਜੋ ਕਿ ਹਾਲੇ ਤੱਕ ਪ੍ਰਾਪਤ ਨਹੀਂ ਹੋਈ। ਇਸੇ ਤਰਾਂ ਅਪਰੈਲ ਤੋਂ ਜੁਲਾਈ 2020 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 6965 ਕਰੋੜ ਰੁਪਏ ਹੈ, ਜੋ ਕਿ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.