ਆਮ ਦਿਨਾਂ ‘ਚ ਪੁੱਜ ਰਹੇ ਸੀ 1500 ਤੋਂ ਜਿਆਦਾ ਮਰੀਜ਼, ਹੁਣ 400 ਦੇ ਕਰੀਬ ਪੁੱਜੀ ਗਿਣਤੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਉੱਤਰੀ ਭਾਰਤ ਦੇ ਪ੍ਰਸਿੱਧ ਸਰਕਾਰੀ ਰਜਿੰਦਰਾ ਹਸਪਤਾਲ ਪ੍ਰਤੀ ਆਮ ਲੋਕਾਂ ਦੀ ਬੇਭਰੋਸਗੀ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿੰਤਾ ਵਿੱਚ ਪਾ ਕੇ ਰੱਖ ਦਿੱਤਾ ਹੈ। ਕੋਰੋਨਾ ਵਾਇਰਸ ਤੋਂ ਪਹਿਲਾਂ ਜਿੱਥੇ ਆਮ ਦਿਨਾਂ ‘ਚ ਰਜਿੰਦਰਾ ਹਸਪਤਾਲ ਅੰਦਰ ਰੋਜਾਨਾ ਮਰੀਜ਼ਾਂ ਦੀ ਗਿਣਤੀ 1800 ਦੇ ਕਰੀਬ ਹੁੰਦੀ ਸੀ, ਉਹ ਗਿਣਤੀ ਹੁਣ 400 ਦੇ ਨੇੜੇ ਤੇੜੇ ਸਿਮਟ ਕੇ ਰਹਿ ਗਈ ਹੈ। ਕੋਰੋਨਾ ਵਾਇਰਸ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ੋਸਲ ਮੀਡੀਆ ‘ਤੇ ਕੋਰੋਨਾ ਮਰੀਜ਼ਾਂ ਸਬੰਧੀ ਡਾਕਟਰਾਂ ਦੇ ਰਵੱਈਏ ਸਮੇਤ ਅੰਦਰ ਸਾਂਭ-ਸੰਭਾਲ ਪ੍ਰਤੀ ਚੁੱਕੇ ਜਾ ਰਹੇ ਸਵਾਲਾਂ ਕਾਰਨ ਆਮ ਲੋਕਾਂ ਵਿੱਚ ਵੱਡਾ ਡਰ ਪਾਇਆ ਜਾ ਰਿਹਾ ਹੈ।
ਇੱਧਰ ਪਟਿਆਲਾ ਪ੍ਰਸ਼ਾਸਨ ਸਮੇਤ ਲੋਕ ਸੰਪਰਕ ਵਿਭਾਗ ਵੱਲੋਂ ਰਜਿੰਦਰਾ ਹਸਪਤਾਲ ਦੀ ਬਣੀ ਧੁੰਦਲੀ ਛਵੀਂ ਨੂੰ ਸੁਧਾਰਨ ਲਈ ਜੀ-ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਜਿੰਦਰਾ ਹਸਪਤਾਲ ਪਟਿਆਲਾ 1951 ਵਿੱਚ ਹੋਂਦ ਵਿੱਚ ਆਇਆ ਸੀ। ਪੀਜੀਆਈ ਚੰਡੀਗੜ੍ਹ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿੱਚ ਰਜਿੰਦਰਾ ਹਸਪਤਾਲ ਦਾ ਸਭ ਤੋਂ ਵੱਧ ਨਾਂਅ ਹੈ।
ਇਸ ਹਸਪਤਾਲ ਅੰਦਰ ਚੰਗੇ ਮਾਹਰ ਡਾਕਟਰ ਮੌਜੂਦ ਹਨ, ਪਰ ਕੋਰੋਨਾ ਵਾਇਰਸ ਨੇ ਇਸ ਹਸਪਤਾਲ ਪ੍ਰਤੀ ਲੋਕਾਂ ਵਿੱਚ ਅਜਿਹੀ ਬੇਭਰੋਸਗੀ ਭਰ ਦਿੱਤੀ ਹੈ ਕਿ ਪਿੰਡਾਂ ਅੰਦਰ ਹਸਪਤਾਲ ਪ੍ਰਤੀ ਨਕਾਰਾਤਮਕ ਸੋਚ ਭਾਰੂ ਹੋ ਰਹੀ ਹੈ। ਰਜਿੰਦਰਾ ਹਸਪਤਾਲ ਤੋਂ ਪ੍ਰਾਪਤ ਅੰਕੜੇ ਦੱਸ ਰਹੇ ਹਨ ਕਿ ਇੱਥੇ ਰੋਜਾਨਾ ਇਲਾਜ਼ ਲਈ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਕੱਲ੍ਹ ਐਤਵਾਰ ਵਾਲੇ ਦਿਨ ਰਜਿੰਦਰਾ ਹਸਪਤਾਲ ਅੰਦਰ ਓਪੀਡੀ ਵਿੱਚ 413 ਮਰੀਜ਼ ਪੁੱਜੇ ਹਨ ਜਦਕਿ 39 ਦਾਖਲ ਹੋਏ ਹਨ। ਜੇਕਰ ਆਮ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਰੋਜਾਨਾਂ ਦੇ ਮਰੀਜ਼ਾਂ ਦੀ ਗਿਣਤੀ 1500 ਤੋਂ 2000 ਦੇ ਵਿਚਕਾਰ ਹੁੰਦੀ ਸੀ। ਕੋਰੋਨਾ ਵਾਇਰਸ ਤੋਂ ਬਾਅਦ ਹੋ ਰਹੀ
ਉਥਲ ਪੁਥਲ ਕਾਰਨ ਇੱਥੇ ਰੋਜਾਨਾਂ ਦੇ ਮਰੀਜ਼ਾਂ ਦੀ ਗਿਣਤੀ ‘ਤੇ ਵੱਡਾ ਅਸਰ ਪੈ ਰਿਹਾ ਹੈ। ਪੀਜੀਆਈ ਤੋਂ ਬਾਅਦ ਰਜਿੰਦਰਾ ਹਸਪਤਾਲ ਹੀ ਕੋਰੋਨਾ ਨਾਲ ਲੜ ਰਹੇ ਮਰੀਜ਼ਾਂ ਦੇ ਇਲਾਜ਼ ਲਈ ਵੱਡਾ ਹਸਪਤਾਲ ਹੈ। ਇੱਥੇ ਹੀ ਪਲੇਠੀ ਪਲਾਜ਼ਮਾ ਥਰੈਪੀ ਸਥਾਪਿਤ ਕੀਤੀ ਗਈ ਹੈ ਜੋ ਕਿ ਗੰਭੀਰ ਕੋਰੋਨਾ ਮਰੀਜ਼ਾਂ ਲਈ ਇਲਾਜ਼ ‘ਚ ਮੱਦਦ ਬਣ ਰਹੀ ਹੈ, ਪਰ ਫਿਰ ਵੀ ਆਮ ਲੋਕਾਂ ਵਿੱਚ ਇਸ ਹਸਪਤਾਲ ਪ੍ਰਤੀ ਫੈਲੀਆਂ ਅਫ਼ਵਾਹਾਂ ਨੇ ਹਸਪਤਾਲ ਦੇ ਵੱਕਾਰ ਨੂੰ ਵੱਡੀ ਸੱਟ ਮਾਰੀ ਹੈ ਅਤੇ ਲੋਕ ਇੱਥੇ ਦਾਖਲ ਹੋਣ ਤੋਂ ਭੱਜ ਰਹੇ ਹਨ। ਹਸਪਤਾਲ ਪ੍ਰਤੀ ਲੋਕਾਂ ‘ਚ ਯਕੀਨ ਪੈਦਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕ ਸੰਪਰਕ ਵਿਭਾਗ ਅੱਡੀ ਚੋਟੀ ਦਾ ਜੋਰ ਲਾ ਰਿਹਾ ਹੈ।
ਲੋਕ ਸੰਪਰਕ ਵਿਭਾਗ ਵੱਲੋਂ ਰੋਜਾਨਾ ਹੀ ਕੋਰੋਨਾ ਵਾਰਡ ‘ਚ ਠੀਕ ਹੋਣ ਵਾਲੇ ਮਰੀਜ਼ਾਂ ਦੇ ਹਸਪਤਾਲ ਪ੍ਰਤੀ ਵਿਚਾਰ, ਇੱਥੇ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਖਾਣ ਪੀਣ ਸਮੇਤ ਡਾਕਟਰਾਂ ਦੇ ਇਲਾਜ਼ ਪ੍ਰਤੀ ਵੀਡੀਓਜ਼ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਵਿੱਚ ਹਸਪਤਾਲ ਪ੍ਰਤੀ ਚੰਗਾ ਨਜਰੀਆਂ ਜਾਵੇ। ਕੋਰੋਨਾ ਤੋਂ ਠੀਕ ਹੋਣ ਵਾਲੇ ਗੰਭੀਰ ਮਰੀਜ਼ਾਂ ਨੂੰ ਸ਼ੋਸਲ ਮੀਡੀਆ ਜਰੀਏ ਰੂ-ਬੂ-ਰੂ ਕੀਤਾ ਜਾ ਰਿਹਾ ਹੈ। ਇੱਧਰ ਪਿੰਡਾਂ ਦੇ ਲੋਕਾਂ ਵੱਲੋਂ ਕੋਰੋਨਾ ਟੈਸਟਾਂ ਦੇ ਵਿਰੋਧ ਦੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ, ਜੋ ਸਰਕਾਰ ਅਤੇ ਪ੍ਰਸ਼ਾਸਨ ਲਈ ਚਿੰਤਾ ਦਾ ਸਬੱਬ ਬਣੀਆਂ ਹੋਈਆਂ ਹਨ।
250 ਤੋਂ ਵੱਧ ਗੰਭੀਰ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਚੁੱਕੈ: ਸੁਰਭੀ ਮਲਿਕ
ਇਸ ਸਬੰਧੀ ਜਦੋਂ ਰਜਿੰਦਰਾ ਹਸਪਤਾਲ ਦੇ ਕੋਵਿਡ ਕੇਅਰ ਇੰਚਾਰਜ਼ ਆਈਏਐਸ ਸੁਰਭੀ ਮਲਿਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਰਜਿੰਦਰਾ ਹਸਪਤਾਲ ਅੰਦਰ ਅੱਧੀਆਂ ਹੀ ਓਪੀਡੀ ਚੱਲ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਐਮਰਜੈਂਸੀ ਕੇਸਾਂ ਨੂੰ ਹੀ ਦਾਖਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹੀ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਜੋ ਕੋਰੋਨਾ ਦੇ ਇਲਾਜ਼ ਨੂੰ ਲੈ ਕੇ ਰਜਿੰਦਰਾ ਹਸਪਤਾਲ ਪ੍ਰਤੀ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ,
ਉਹ ਸੱਚਾਈ ਤੋਂ ਦੂਰ ਹਨ ਜਦਕਿ ਇੱਥੇ 250 ਤੋਂ ਵੱਧ ਕੋਰੋਨਾ ਦੇ ਗੰਭੀਰ ਮਰੀਜ਼ਾਂ ਦਾ ਇਲਾਜ਼ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਕੋਰੋਨਾ ਬਿਮਾਰੀ ਪ੍ਰਤੀ ਜਾਗਰੂਕ ਹੋਣ ਕਿਉਂਕਿ ਨਾਸਮਝੀ ਉਨ੍ਹਾਂ ਲਈ ਹੀ ਭਾਰੂ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਮਰੀਜ਼ਾਂ ਨੂੰ ਖਾਣ-ਪੀਣ ਤੋਂ ਲੈ ਕੇ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਮੌਤਾਂ ਹੋ ਰਹੀਆਂ ਹਨ, ਉਨ੍ਹਾਂ ਦੇ ਬਹੁਤ ਸਾਰੇ ਹੋਰ ਕਾਰਨ ਹੁੰਦੇ ਹਨ ਕਿਉਂਕਿ ਮਰੀਜ਼ ਕਈ ਬਿਮਾਰੀਆਂ ਨਾਲ ਗ੍ਰਸਤ ਹੁੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.