ਸਿਹਤ ਵਿਭਾਗ ਦੇ ਨਿਯਮਾਂ ਨੂੰ ਨਹੀਂ ਮੰਨਣਗੇ ਵਿਧਾਇਕ

Punjab Vidhan Sabha

ਇਕਾਂਤਵਾਸ ਜਾਣ ਦੀ ਬਜਾਇ ਲੈਣਗੇ ਸੈਸ਼ਨ ‘ਚ ਭਾਗ!

ਆਮ ਆਦਮੀ ਪਾਰਟੀ ਨੇ (covid 19) ਪਾਜ਼ਿਟਿਵ ਟੈਸਟ ‘ਤੇ ਜ਼ਾਹਿਰ ਕੀਤਾ ਸ਼ੱਕ, ਟੈਸਟ ‘ਤੇ ਭਰੋਸਾ ਕਰਨ ਤੋਂ ਇਨਕਾਰ

  • ਆਪ ਵਿਧਾਇਕ ਮੁੜ ਤੋਂ ਕਰਵਾਉਣਗੇ ਟੈਸਟ, ਪ੍ਰਾਈਵੇਟ ਲੈਬੋਰੇਟਰੀ ਵਿੱਚ ਹੋਣਗੇ ਹੁਣ ਟੈਸਟ
  • ਅਕਾਲੀ ਦਲ ਨੇ ਸੱਦੀ ਕੋਰ ਕਮੇਟੀ ਦੀ ਮੀਟਿੰਗ, ਅੱਜ ਲਿਆ ਜਾਵੇਗਾ ਮੀਟਿੰਗ ਵਿੱਚ ਫੈਸਲਾ

ਚੰਡੀਗੜ੍ਹ, (ਅਸ਼ਵਨੀ ਚਾਵਲਾ) । ਕੋਰੋਨਾ ਪਾਜ਼ਿਟਿਵ (covid 19) ਆਉਣ ਤੋਂ ਬਾਅਦ ਪ੍ਰਾਇਮਰੀ ਸੰਪਰਕ ਵਿੱਚ ਆਉਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਸਿਹਤ ਵਿਭਾਗ ਦੇ ਨਿਯਮਾਂ ਦੇ ਤਹਿਤ ਉਨ੍ਹਾਂ ਨੂੰ 7 ਦਿਨਾਂ ਲਈ ਇਕਾਂਤਵਾਸ ਵਿੱਚ ਜਾਣਾ ਚਾਹੀਦਾ ਹੈ ਪਰ ਉਹ ਇਨ੍ਹਾਂ ਸਿਹਤ ਵਿਭਾਗ ਦੇ ਨਿਯਮਾਂ ਨੂੰ ਮੰਨਣ ਦੀ ਥਾਂ ‘ਤੇ ਵਿਧਾਨ ਸਭਾ ਸੈਸ਼ਨ ਵਿੱਚ ਭਾਗ ਲੈਣ ਜਾ ਰਹੇ ਹਨ।

ਕੁਝ ਇਸ ਤਰੀਕੇ ਦਾ ਫੈਸਲਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰ ਲਿਆ ਗਿਆ ਹੈ ਪਰ ਇਸ ਸਬੰਧੀ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਲੀਡਰਾਂ ਨੇ ਇਹ ਸਾਫ਼ ਕੀਤਾ ਹੈ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਕੋਈ ਵੀ ਆਦੇਸ਼ ਨਹੀਂ ਆਏ ਹਨ ਤਾਂ ਉਹ ਇਕਾਂਤਵਾਸ ਵਿੱਚ ਕਿਉਂ ਜਾਣ, ਇਸ ਲਈ ਵਿਧਾਨ ਸਭਾ ਸੈਸ਼ਨ ਵਿੱਚ ਭਾਗ ਲਿਆ ਜਾਵੇਗਾ। ਇਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕਿਸੇ ਵੀ ਪ੍ਰਾਈਵੇਟ ਲੈਬੋਰੇਟਰੀ ਤੋਂ ਟੈਸਟ ਕਰਵਾਉਣ ਜਾ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਸਰਕਾਰੀ ਟੈਸਟ ਰਿਪੋਰਟ ਅਤੇ ਸਰਕਾਰ ਦੇ ਟੈਸਟ ‘ਤੇ ਵਿਸ਼ਵਾਸ ਹੀ ਨਹੀਂ ਹੈ।

MLAs will not abide by the rules of the health department

ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਅਮਨ ਅਰੋੜਾ ਵਲੋਂ ਮਨਜੀਤ ਸਿੰਘ ਬਿਲਾਸਪੁਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਟੈਸਟ ‘ਤੇ ਸੁਆਲ ਕਰਦੇ ਹੋਏ ਇਸ ‘ਤੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਇਸ ਪਿੱਛੇ ਸਰਕਾਰ ਦੀ ਕੋਈ ਗਲਤ ਨੀਅਤ ਹੋ ਸਕਦੀ ਹੈ ਕਿ ਵਿਰੋਧੀ ਧਿਰਾਂ ਨੂੰ ਸਦਨ ਤੋਂ ਹੀ ਬਾਹਰ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਭਖਵੇਂ ਮੁੱਦੇ ਵਿਰੋਧੀ ਧਿਰ ਨੇ ਚੁੱਕਣੇ ਹਨ, ਉਹ ਚੁੱਕੇ ਹੀ ਨਹੀਂ ਜਾਣ।

ਅਮਨ ਅਰੋੜਾ ਨੇ ਇਥੇ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ (covid 19) ਪਾਜ਼ਿਟਿਵ ਆਏ ਵਿਧਾਇਕਾਂ ਨੂੰ ਮੁੜ ਤੋਂ ਪ੍ਰਾਈਵੇਟ ਲੈਬ ਵਿੱਚ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਕਿ ਸੱਚ ਬਾਹਰ ਆ ਸਕੇ, ਕਿਉਂਕਿ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਪਹਿਲਾਂ ਨੈਗਟਿਵ ਆਉਣ ਬਾਰੇ ਫੋਨ ‘ਤੇ ਜਾਣਕਾਰੀ ਦਿੱਤੀ ਗਈ ਸੀ, ਜਦੋਂ ਕਿ ਡੇਢ ਘੰਟੇ ਬਾਅਦ ਉਨ੍ਹਾਂ ਨੂੰ ਪਾਜ਼ਿਟਿਵ ਆਉਣ ਬਾਰੇ ਦੱਸਿਆ ਗਿਆ ਸੀ। ਇਹ ਟੈਸਟ ਰਿਪੋਰਟ ਨੈਗਟਿਵ ਤੋਂ ਪਾਜ਼ਿਟਿਵ ਕਿਵੇਂ ਹੋ ਗਈ, ਇਸ ਲਈ ਸ਼ੱਕ ਕੀਤਾ ਜਾ ਰਿਹਾ ਹੈ। ਅਮਨ ਅਰੋੜਾ ਨੇ ਕਿਹਾ ਕਿ ਮਨਜੀਤ ਬਿਲਾਸਪੁਰ ਦੇ ਭਾਵੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਾਇਮਰੀ ਸੰਪਰਕ ਵਿੱਚ ਆਏ ਹਨ ਪਰ ਵਿਧਾਨ ਸਭਾ ਵਿੱਚ ਸਾਰੇ ਵਿਧਾਇਕ ਹੀ ਸ਼ਾਮਲ ਹੋਣ ਲਈ ਜਾਣਗੇ, ਕਿਉਂਕਿ ਬਾਕੀ ਵਿਧਾਇਕਾਂ ਦੇ ਟੈਸਟ ਨੈਗਟਿਵ ਆ ਗਏ ਹਨ, ਇਸ ਲਈ ਉਨ੍ਹਾਂ ਨੂੰ ਬਾਹਰ ਕਰਨਾ ਸੰਵਿਧਾਨ ਦੇ ਉਲਟ ਹੋਏਗਾ।

MLAs will not abide by the rules of the health department

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਾਰੇ ਮੁੱਦੇ ‘ਤੇ ਅੱਜ ਵੀਰਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਭਾਗ ਲੈਣ ਅਤੇ ਵਿਧਾਇਕ ਦੇ ਪ੍ਰਾਇਮਰੀ ਸੰਪਰਕ ਵਿੱਚ ਆਉਣ ਬਾਰੇ ਚਰਚਾ ਕੀਤੀ ਜਾਏਗੀ। ਹਾਲਾਂਕਿ ਨਿਯਮਾਂ ਬਾਰੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੀ ਜਾਣਕਾਰੀ ਹੈ ਪਰ ਵਿਧਾਨ ਸਭਾ ਦਾ ਸੈਸ਼ਨ ਅਹਿਮ ਹੋਣ ਕਾਰਨ ਦੋਵਾਂ ਪਾਰਟੀਆਂ ਦੇ ਵਿਧਾਇਕ ਮੁੜ ਤੋਂ ਟੈਸਟ ਕਰਵਾਉਣ ਲਈ ਤਿਆਰ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਾ ਪੈਦਾ ਹੋ ਸਕੇ ਪਰ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਹਰ ਰਹਿਣ ਨੂੰ ਵੀ ਤਿਆਰ ਨਹੀਂ ਹਨ।

ਸਿਹਤ ਵਿਭਾਗ ਆਪਣਾ ਕੰਮ ਕਰੇਗਾ, ਨਿਯਮਾਂ ਦੀ ਹੋਵੇਗੀ ਪਾਲਣਾ : ਬਲਬੀਰ ਸਿੱਧੂ

ਸਿਹਤ ਵਿਭਾਗ ਪੰਜਾਬ ਦੇ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਪ੍ਰੋਟੋਕਾਲ ਅਨੁਸਾਰ ਆਪਣੀ ਕਾਰਵਾਈ ਕਰੇਗਾ। ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਪ੍ਰਾਇਮਰੀ ਸੰਪਰਕ ਵਾਲਿਆਂ ਦੀ ਲਿਸਟ ਤਿਆਰ ਹੁੰਦੀ ਹੈ ਅਤੇ ਸਿਹਤ ਵਿਭਾਗ (covid 19) ਪਾਜ਼ਿਟਿਵ ਆਏ ਵਿਧਾਇਕਾਂ ਨਾਲ ਸੰਪਰਕ ਕਰਕੇ ਉਹ ਲਿਸਟ ਵੀ ਤਿਆਰ ਕਰੇਗਾ ਅਤੇ ਪ੍ਰਾਇਮਰੀ ਸੰਪਰਕ ਵਾਲੇ ਵਿਅਕਤੀ ਵਿਸ਼ੇਸ਼ ਨੂੰ ਵੀ ਜਾਣਕਾਰੀ ਦਿੱਤੀ ਜਾਵੇਗੀ। ਪ੍ਰਾਇਮਰੀ ਸੰਪਰਕ ਵਾਲੇ ਵਿਅਕਤੀਆਂ ਲਈ ਤੈਅ ਨਿਯਮ ਹੀ ਲਾਗੂ ਹੋਣਗੇ।

ਨਿਯਮਾਂ ਦੀ ਪਾਲਣਾ ਕਰਨਾ ਵਿਧਾਇਕਾਂ ਦਾ ਕੰਮ, ਖ਼ੁਦ ਨਿਭਾਉਣ ਜਿੰਮੇਵਾਰੀ : ਸਪੀਕਰ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਕੋਰੋਨਾ (covid 19) ਮਰੀਜ਼ ਦੇ ਪ੍ਰਾਇਮਰੀ ਸੰਪਰਕ ਵਿੱਚ ਆਏ ਹਨ ਅਤੇ ਹੁਣ ਵਿਧਾਨ ਸਭਾ ਸੈਸ਼ਨ ਵਿੱਚ ਭਾਗ ਲੈਣਾ ਹੈ ਜਾਂ ਨਹੀਂ ਲੈਣਾ ਹੈ, ਇਸ ਸਬੰਧੀ ਵਿਧਾਇਕਾਂ ਦੀ ਖ਼ੁਦ ਜਿੰਮੇਵਾਰੀ ਬਣਦੀ ਹੈ।

ਉਨ੍ਹਾਂ ਨੂੰ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਵਿੱਚ ਭਾਗ ਲੈਣ ਲਈ ਨੈਗਟਿਵ ਰਿਪੋਰਟ ਚਾਹੀਦੀ ਹੈ, ਜੇਕਰ ਪ੍ਰਾਇਮਰੀ ਸੰਪਰਕ ਵਾਲੇ ਵਿਧਾਇਕ ਵਿਧਾਨ ਸਭਾ ਵਿੱਚ ਸਿਹਤ ਵਿਭਾਗ ਦੇ ਨਿਯਮਾਂ ਦੇ ਉਲਟ ਆਉਂਦੇ ਹਨ ਤਾਂ ਉਨ੍ਹਾਂ ਦਾ ਸਿਰਫ਼ ਨੈਗਟਿਵ ਰਿਪੋਰਟ ਹੀ ਦੇਖੀ ਜਾਏਗੀ। ਇਸ ਤੋਂ ਇਲਾਵਾ ਕੰਮ ਸਿਹਤ ਵਿਭਾਗ ਅਤੇ ਖ਼ੁਦ ਵਿਧਾਇਕ ਦਾ ਹੈ ਕਿ ਉਨ੍ਹਾਂ ਪ੍ਰਾਇਮਰੀ ਸੰਪਰਕ ਵਿੱਚ ਆਉਣ ਤੋਂ ਬਾਅਦ ਕੀ ਕਰਨਾ ਹੈ ਜਾ ਨਹੀਂ ਕਰਨਾ ਹੈ?

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.