ਆਪਣੇ ਆਪ ਨੂੰ ਭਾਰਤੀ ਫੌਜ ਦਾ ਲੈਫ. ਕਰਨਲ ਕਹਿਣ ਵਾਲਾ ਕਾਬੂ

ਉਕਤ ਵਿਅਕਤੀ ਵਿਰੁੱਧ ਪਹਿਲਾਂ ਹੀ ਹਨ ਕਈ ਥਾਣਿਆਂ ਵਿੱਚ ਮੁਕੱਦਮੇ ਦਰਜ਼

ਫ਼ਤਹਿਗੜ੍ਹ ਸਾਹਿਬ, (ਅਨਿਲ ਲੁਟਾਵਾ)। ਜ਼ਿਲ੍ਹਾ ਫਤਿਹਗੜ੍ਹ ਪੁਲਿਸ ਨੇ ਆਪਣੇ ਆਪ ਨੂੰ ਭਾਰਤੀ ਫੌਜ ਦਾ ਲੈਫ਼ਟੀਨੈਂਟ ਕਰਨਲ ਦੱਸਣ ਵਾਲੇ ਵਿਕਅਤੀ ਨੂੰ ਇੱਕ 32 ਬੋਰ ਦੀ ਨਜ਼ਾਇਜ ਪਿਸਟਲ ਸਮੇਤ 3 ਰੌਂਦ, ਇੱਕ ਏਅਰ ਪਿਸਟਲ, 5 ਜਾਅਲੀ ਗੋਲ ਮੋਹਰਾਂ, ਇੱਕ ਵਾਕੀ ਟਾਕੀ ਸੈਟ, ਆਰਮੀ ਦੇ ਲੈਫਟੀਨੈਂਟ ਕਰਨਲ ਦੀ ਕਾਲੇ ਰੰਗ ਦੀ ਵਰਦੀ ਅਤੇ 2 ਹੋਰ ਆਰਮੀ ਦੀਆਂ ਕਾਲੇ ਰੰਗ ਦੀਆਂ ਵਰਦੀਆਂ ਸਮੇਤ ਕਾਬੂ ਕੀਤਾ ਹੈ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸ਼ੋਬਰਾਜ ਸਿੰਘ ਉਰਫ ਸ਼ਿਵਾ ਵਾਸੀ ਪਿੰਡ ਮੰਝ ਫਗੂਵਾਲਾ ਥਾਣਾ ਸਲੇਮਟਾਵਰੀ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੁਲਜ਼ਮ ਸ਼ੋਬਰਾਜ ਪਾਸੋਂ ਪੁਲਿਸ ਨੇ ਇੱਕ ਕਾਰ ਦੀ ਨੰਬਰ ਪਲੇਟ ‘ਤੇ ਲੱਗਿਆ ਇੰਡੀਅਨ ਆਰਮੀ ਦਾ ਲੋਗੋ, ਇੱਕ ਲੈਪਟਾਪ ਅਤੇ ਆਰਮੀ ਦੇ ਜਾਅਲੀ ਦਸਤਾਵੇਜ, ਲੈਫਟੀਨੈਂਟ ਕਰਨਲ ਰੈਂਕ ਦਾ ਸ਼ਨਾਖਤੀ ਕਾਰਡ ਤੇ ਜਾਅਲੀ ਸਰਟੀਫਿਕੇਟ ਮੌਕੇ ਤੋਂ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਮੁਲਜ਼ਮ ਤੋਂ 10 ਹੋਰ ਮੋਹਰਾਂ, ਇੱਕ ਸਟੈਂਪਪੈਡ, ਇੱਕ ਆਰਮੀ ਕੋਟਪੈਂਟ, ਇੱਕ ਨੀਲੀ ਡੋਰੀ, ਪੰਜ ਖਾਕੀ ਡੋਰੀਆਂ, ਇੱਕ ਜੀ.ਓ. ਬੈਲਟ ਰੰਗ ਲਾਲ (ਪੰਜਾਬ ਪੁਲਿਸ), ਇੱਕ ਜੋੜਾ ਪੀ.ਪੀ.ਐਸ. ਬੈਚ, ਇੱਕ ਜੋੜਾ ਸਟਾਰ, ਇੱਕ ਕਾਲੇ ਰੰਗ ਦੀ ਡਾਂਗਰੀ, ਇੱਕ ਪਰੇਡ ਵਾਲੀ ਤਲਵਾਰ, ਇੱਕ ਖਾਕੀ ਰੰਗ ਦੀ ਜੀ.ਓ. ਕੈਪ (ਪੀ.ਪੀ.ਐਸ.), ਦੋ ਵਰਦੀ ਵਾਲੀਆਂ ਫੋਟੋਆਂ ਤੇ ਇੱਕ ਸਿਵਲ ਕੱਪੜਿਆਂ ਵਾਲੀ ਫੋਟੋ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ।

ਉਨ੍ਹਾਂ ਨੇ ਦੱਸਿਆ ਕਿ 20 ਅਗਸਤ ਨੂੰ ਸੀ.ਆਈ.ਏ.ਸਟਾਫ ਦੇ ਏ.ਐਸ.ਆਈ. ਗੁਰਬਚਨ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸ਼ੋਬਰਾਜ ਸਿੰਘ ਉਰਫ ਸ਼ਿਵਾ ਜੋ ਕਿ ਆਰਮੀ ਵਿੱਚ ਬਤੌਰ ਸਿਪਾਹੀ ਨੌਕਰੀ ਕਰਦਾ ਰਿਹਾ ਹੈ, ਪ੍ਰੰਤੂ ਉਹ ਖੁਦ ਨੂੰ ਲੈਫਟੀਨੈਂਟ ਕਰਨਲ ਦੱਸਦਾ ਹੈ, ਨੇ ਜ਼ਿਲ੍ਹਾ ਲੁਧਿਆਣਾ ਦੇ ਤਿੰਨ ਹੋਰ ਵਿਅਕਤੀਆਂ ਨਾਲ ਰਲਾ ਕੇ ਗੈਂਗ ਬਣਾਇਆ ਹੋਇਆ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਮੁਲਜ਼ਮ ਸ਼ੋਬਰਾਜ ਸਿੰਘ ਖੁਦ ਆਰਮੀ ਦੇ ਕਰਨਲ ਰੈਂਕ ਦੀ ਵਰਦੀ ਪਾ ਕੇ ਰੱਖਦਾ ਹੈ ਅਤੇ ਆਪਣੇ ਤਿੰਨ ਸਾਥੀਆਂ ਨੂੰ ਵੀ ਆਰਮੀ ਦੀ ਵਰਦੀ ਪੁਆ ਦਿੰਦਾ ਹੈ। ਜਿਨ੍ਹਾਂ ਪਾਸ ਨਜਾਇਜ਼ ਅਸਲਾ ਹੈ ਅਤੇ ਇਹ ਭੋਲੇ ਭਾਲੇ ਬੇਰੋਜ਼ਗਾਰ ਲੋਕਾਂ ਨੂੰ ਆਰਮੀ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨਾਂ ਨਾਲ ਠੱਗੀ ਮਾਰਦੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ਼ ਕਰ ਲਿਆ ਹੈ

ਉਨ੍ਹਾਂ ਦੱਸਿਆ ਕਿ ਉਸ ਨੂੰ ਕਾਬੂ ਕਰਕੇ  ਉਸ ਪਾਸੋਂ ਉਕਤ ਸਮਾਨ ਅਤੇ ਦਸਤਾਵੇਜ ਬਰਾਮਦ ਕੀਤੇ ਹਨ। ਉਨਾਂ ਹੋਰ ਦੱਸਿਆ ਕਿ ਕਥਿਤ ਦੋਸ਼ੀ ਨੇ ਮੁਢਲੀ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਉਹ ਸਾਲ 2003 ਵਿੱਚ ਬਤੌਰ ਸਿਪਾਹੀ ਇੰਡੀਅਨ ਆਰਮੀ ਵਿੱਚ ਭਰਤੀ ਹੋਇਆ ਸੀ, ਜੋ ਸਾਲ 2014 ਵਿੱਚ ਮੈਡੀਕਲ ਪੈਨਸ਼ਨ ‘ਤੇ  ਆ ਗਿਆ ਸੀ। ਹੁਣ ਉਹ ਭੋਲੇ ਭਾਲੇ ਲੋਕਾਂ ਅਤੇ ਬੇਰੋਜ਼ਗਾਰਾਂ ਨੂੰ ਆਰਮੀ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨਾਂ ਪਾਸੋਂ ਪੈਸੇ ਹੜੱਪ ਦੇ ਹਨ, ਜਿਨਾਂ ਨੇ ਨੇ ਕਾਫੀ ਲੋਕਾਂ ਨਾਲ ਠੱਗੀ ਮਾਰੀ ਹੈ।

ਸ਼੍ਰੀਮਤੀ ਕੌਂਡਲ ਨੇ ਇਹ ਵੀ ਦੱਸਿਆ ਕਿ ਕਥਿਤ ਦੋਸ਼ੀ ਨੇ ਇਹ ਵੀ ਦੱਸਿਆ ਹੈ, ਕਿ ਉਸਦੀ ਮਮਤਾ ਪਤਨੀ ਲੇਟ ਬੀਰ ਸਿੰਘ ਵਾਸੀ ਮੁਹੱਲਾ ਆਦਰਸ਼ ਨਗਰ ਮੰਡੀ ਗੋਬਿੰਦਗੜ ਦੇ ਘਰ ਕਾਫੀ ਆਉਣੀ ਜਾਣੀ ਹੈ, ਜਿਸ ਦੇ ਘਰ ਉਸ ਨੇ ਹੋਰ ਆਰਮੀ ਦਾ ਸਮਾਨ ਲੁਕਾ ਕੇ ਰੱਖੇ ਹੋਏ ਸਨ। ਜੋ ਕਿ ਬ੍ਰਾਮਦ ਕਰ ਲਏ ਗਏ ਹਨ। ਇਸ ਤੋਂ ਇਲਾਵਾ ਮੁਲਜ਼ਮ ਸ਼ੋਬਰਾਜ ਸਿੰਘ ਨੇ ਬੈਂਕ ਤੋਂ ਆਰਮੀ ਦੇ ਜਾਅਲੀ ਦਸਤਾਵੇਜ ਅਤੇ ਰੈਂਕ ਦੇ ਅਧਾਰ ‘ਤੇ 18 ਲੱਖ ਰੁਪਏ ਦਾ ਲੋਨ ਸਾਲ 2018 ਵਿੱਚ ਯੈਸ ਬੈਂਕ ਲੁਧਿਆਣਾ ਤੋਂ 10 ਲੱਖ ਰੁਪਏ ਦਾ ਲੋਨ ਸਾਲ 2018 ਵਿੱਚ, ਐਚ.ਡੀ.ਐਫ.ਸੀ. ਬੈਂਕ ਲੁਧਿਆਣਾ ਤੋਂ ਲਏ ਹੋਏ ਹਨ

ਜਿਨ੍ਹਾਂ ਦੀ ਵੀ ਡੁੰਘਾਈ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ। ਮੁਲਜ਼ਮ ਸ਼ੋਬਰਾਜ ਸ਼ੁਰੂ ਤੋਂ ਹੀ ਕ੍ਰਿਮੀਨਲ ਸੋਚ ਵਾਲਾ ਵਿਅਕਤੀ ਰਿਹਾ ਹੈ, ਜਿਸ ‘ਤੇ ਪਹਿਲਾਂ ਵੀ ਅਸਲਾ ਐਕਟ ਅਧੀਨ ਇੱਕ ਮੁਕੱਦਮਾ ਸਾਲ 2012 ਵਿੱਚ ਥਾਣਾ ਲਾਡੋਵਾਲ ਜ਼ਿਲਾ ਲੁਧਿਆਣਾ ਅਤੇ ਦੂਜਾ ਮੁਕੱਦਮਾ ਲੁੱਟ ਖੋਹ ਦਾ ਸਾਲ 2016 ਵਿੱਚ ਥਾਣਾ ਬਿਲਾਸਪੁਰ, ਹਿਮਾਚਲ ਪ੍ਰਦੇਸ਼ ਵਿਖੇ ਦਰਜ਼ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.