ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਮੁੱਖ ਮੰਤਰੀ ਨੂੰ ਕੀਤੀ ਅਪੀਲ, ਆਦੇਸ਼ ਦੇਣ ਕਿ ਵੀਸੀ ਪੁੱਜਣ ਦਫ਼ਤਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਭੂਰਾ ਸਿੰਘ ਘੁੰਮਣ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਰ੍ਹਾਂ ‘ਸ਼ਾਹੀ ਅੰਦਾਜ਼’ ‘ਚ ਯੂਨੀਵਰਸਿਟੀ ਨੂੰ ਚਲਾ ਰਹੇ ਹਨ। ਆਲਮ ਇਹ ਹੈ ਕਿ ਨਾ ਤਾ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਦਫ਼ਤਰ ਪੁੱਜ ਰਹੇ ਹਨ ਅਤੇ ਨਾ ਹੀ ਯੂਨੀਵਰਸਿਟੀ ‘ਚ ਕਈ ਮਹੀਨਿਆਂ ਤੋਂ ਲੱਗ ਰਹੇ ਧਰਨਾਕਾਰੀਆਂ ਦੇ ਧਰਨਿਆਂ ‘ਚ ਪੁੱਜ ਕੇ ਉਨ੍ਹਾਂ ਦੀ ਗੱਲਬਾਤ ਸੁਣ ਰਹੇ ਹਨ। ਇੱਧਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵੱਲੋਂ ਆਪਣਾਏ ਗਏ ਇਸ ਸ਼ਾਹੀ ਅੰਦਾਜ਼ ਤੇ ਹੁਣ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵੱਲੋਂ ਮੁੱਖ ਮੰਤਰੀ ਅੱਗੇ ਗੁਹਾਰ ਲਾਈ ਗਈ ਹੈ ਕਿ ਉਹ ਵਾਇਸ ਚਾਂਸਲਰ ਨੂੰ ਬਾਹਰ ਨਿਕਲਣ ਦੇ ਆਦੇਸ਼ ਦੇਣ ਤਾ ਜੋਂ ਯੂਨੀਵਰਸਿਟੀ ਦੇ ਠੱਪ ਹੋਏ ਕੰਮਾਂ ਨੂੰ ਲੀਂਹ ਤੇ ਲਿਆਂਦਾ ਜਾ ਸਕੇ।
ਜਾਣਕਾਰੀ ਅਨੁਸਾਰ ਜਿਸ ਤਰ੍ਹਾਂ ਵਿਰੋਧੀਆਂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਿਸ਼ਾਨੇ ਵਿੱਢੇ ਜਾ ਰਹੇ ਹਨ ਕਿ ਉਹ ਆਮ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੇ ਦੁੱਖ ਦਰਦ ਨਹੀਂ ਸੁਣ ਰਹੇ। ਇਸੇ ਤਰ੍ਹਾਂ ਦੇ ਨਿਸ਼ਾਨੇ ਹੁਣ ਪੰਜਾਬੀ ਯੂਨੀਵਰਸਿਟੀ ਦੇ ਵਾਇਚ ਚਾਂਸਲਰ ਭੂਰਾ ਸਿੰਘ ਘੁੰਮਣ ‘ਤੇ ਵੀ ਸ਼ੁਰੂ ਹੋ ਚੁੱਕੇ ਹਨ। ਖੁਦ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵੱਲੋਂ ਆਪਣੇ ਹੀ ਵਾਇਸ ਚਾਂਸਲਰ ਨੂੰ ਘੇਰਿਆ ਗਿਆ ਹੈ। ਯੂਨੀਵਰਸਿਟੀ ਵਿਖੇ ਅਧਿਆਪਕਾਂ, ਪ੍ਰੋਫੈਸਰਾਂ ਅਤੇ ਮੁਲਾਜ਼ਮਾਂ ਵੱਲੋਂ ਪਿਛਲੇ ਮਹੀਨਿਆਂ ਤੋਂ ਆਪਣੀਆਂ ਤਨਖਾਹਾਂ ਅਤੇ ਮੰਗਾਂ ਨੂੰ ਲੈ ਕੇ ਧਰਨੇ ਲਾਏ ਜਾ ਰਹੇ ਹਨ। ਇੱਥੋਂ ਤੱਕ ਕਿ ਮੁਲਾਜ਼ਮਾਂ ਵੱਲੋਂ ਵਾਇਸ ਚਾਂਸਲਰ ਦੇ ਘਰ ਵੀ ਧਰਨਾ ਲਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਇਸ ਚਾਂਸਲਰ ਇੱਕ ਦਿਨ ਵੀ ਆਪਣੇ ਮੁਲਾਜ਼ਮਾਂ ਦੇ ਧਰਨੇ ਵਿੱਚ ਪੁੱਜ ਕੇ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਉਹ ਆਪਣੇ ਯੂਨੀਵਰਸਿਟੀ ਅੰਦਰ ਹੀ ਘਰ ਵਿੱਚ ਮੌਜ਼ੂਦ ਹੁੰਦੇ ਹਨ।
ਯੂਨੀਵਰਸਿਟੀ ਅੰਦਰ ਮੌਜ਼ੂਦਾ ਸਮੇਂ 50 ਫੀਸਦੀ ਸਟਾਫ਼ ਹੀ ਪੁੱਜ ਰਿਹਾ ਹੈ। ਯੂਨੀਵਰਸਿਟੀ ਅੰਦਰ ਲੱਗ ਰਹੇ ਧਰਨਿਆਂ ‘ਚ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਤਾਂ ਪੁੱਜਿਆ ਜਾ ਰਿਹਾ ਹੈ, ਪਰ ਖੁਦ ਵਾਇਸ ਚਾਂਸਲਰ ਆਪਣੇ ਮੁਲਾਜ਼ਮਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਅਤੇ ਸਕੱਤਰ ਗੁਰਨਾਮ ਸਿੰਘ ਵਿਰਕ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਭੂਰਾ ਸਿੰਘ ਘੁੰਮਣ ਨੂੰ ਆਦੇਸ਼ ਜਾਰੀ ਕਰਨ ਕਿ ਉਹ ਆਪਣੇ ਦਫ਼ਤਰ ਵਿੱਚ ਬੈਠ ਕੇ ਯੂਨੀਵਰਸਿਟੀ ਦਾ ਕੰਮਕਾਜ ਚਲਾਉਣ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਆਪਣੇ ਦਫ਼ਤਰ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਬਿਲਕੁਲ ਨਹੀਂ ਆ ਰਹੇ ਜਿਸ ਨਾਲ ਯੂਨੀਵਰਸਿਟੀ ਦੇ ਕੰਮਕਾਜ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਆਪਣੇ ਦਫ਼ਤਰ ਵਿੱਚ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਅਧਿਆਪਕਾਂ ਦੀਆਂ ਸਿਲੈਕਸ਼ਨ ਕਮੇਟੀਆਂ ਵੀ ਦਫ਼ਤਰ ਵਿੱਚ ਕੀਤੀਆਂ ਜਾ ਰਹੀਆਂ ਹਨ। ਇਸੀ ਪ੍ਰਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਵੀ ਆਪਣਾ ਦਫ਼ਤਰ ਲਗਾਤਾਰ ਅਟੈਂਡ ਕਰ ਰਹੇ ਹਨ ਅਤੇ ਅਧਿਆਪਕਾਂ ਦੀਆਂ ਸਿਲੈਕਸ਼ਨ ਕਮੇਟੀਆਂ ਵੀ ਕਰ ਰਹੇ ਹਨ, ਪਰ ਪ੍ਰੋਫੈਸਰ ਭੂਰਾ ਸਿੰਘ ਘੁੰਮਣ ਵੱਲੋਂ ਯੂਨੀਵਰਸਿਟੀ ਅਧਿਆਪਕਾਂ ਦੀਆਂ ਪਿਛਲੇ ਇੱਕ ਸਾਲ ਵਿੱਚ ਸਿਲੈਕਸ਼ਨ ਕਮੇਟੀਆਂ ਨਹੀਂ ਕੀਤੀਆਂ ਗਈਆਂ । ਅਧਿਆਪਕ ਵਰਗ ਵਿੱਚ ਇਸ ਪ੍ਰਤੀ ਬਹੁਤ ਰੋਸ ਹੈ। ਯੂਨੀਵਰਸਿਟੀ ਪ੍ਰਸ਼ਾਸਨ ਪੂਰੀ ਤਰ੍ਹਾਂ ਖੜੋਤ ਦਾ ਸ਼ਿਕਾਰ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਵਾਇਸ ਚਾਂਸਲਰ ‘ਚ ਨਾ ਤਾ ਯੋਗ ਫ਼ੈਸਲੇ ਲੈਣ ਦੀ ਸਮਰੱਥਾ ਨਜ਼ਰ ਨਹੀਂ ਆ ਰਹੀ ਹੈ ਅਤੇ ਨਾ ਹੀ ਉਹ ਜਥੇਬੰਦੀਆਂ ਦਾ ਸਾਹਮਣਾ ਕਰ ਸਕਦੇ ਹਨ।
ਫੋਨ ਵੀ ਨਹੀਂ ਚੁੱਕਦੇ ਵੀਸੀ
ਵਾਇਸ ਚਾਂਸਲਰ ਭੂਰਾ ਸਿੰਘ ਘੁੰਮਣ ਵੱਲੋਂ ਤਾਂ ਫੋਨ ਚੁੱਕਣ ਤੋਂ ਵੀ ਕੰਨੀ ਕਤਰਾਈ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਉਹ ਆਪਣੇ ਮੁਲਾਜ਼ਮਾਂ ਦਾ ਵੀ ਫੋਨ ਨਹੀਂ ਚੁੱਕਦੇ। ਇੱਥੋਂ ਤੱਕ ਕਿ ਜਦੋਂ ਉਨ੍ਹਾਂ ਦਾ ਪੱਖ ਜਾਣਨ ਲਈ ਫੋਨ ਕੀਤਾ ਜਾਂਦਾ ਹੈ ਤਾਂ ਉਹ ਪੱਤਰਕਾਰਾਂ ਦਾ ਵੀ ਫੋਨ ਚੁੱਕਣ ਤੋਂ ਗੁਰੇਜ਼ ਕਰਦੇ ਹਨ। ਅੱਜ ਵੀ ਜਦੋਂ ਉਨ੍ਹਾਂ ਨੂੰ ਕਈ ਵਾਰ ਫੋਨ ਕੀਤਾ ਗਿਆ ਤਾਂ ਉਨ੍ਹਾਂ ਜਾਂ ਤਾਂ ਕੱਟ ਦਿੱਤਾ ਗਿਆ ਜਾਂ ਫੋਨ ਹੀ ਨਹੀਂ ਚੁੱਕਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.