ਪੁਨਰਗਠਨ ਨੂੰ ਮੁੜ ਤੋਂ ਵਿਚਾਰਨ ਤੇ ਮੁਲਾਜਮ ਜੱਥੇਬੰਦੀਆਂ ਨੂੰ ਭਰੋਸੇ ‘ਚ ਲੈਣ ਦੀ ਮੰਗ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ ਜਲ ਸਰੋਤ (ਸਿੰਚਾਈ) ਵਿਭਾਗ ਦੇ ਪੁਨਰਗਠਨ ਦਾ ਵਿਰੋਧ ਪੰਜਾਬ ਵਿਚਲੇ ਵਿਭਾਗ ਦੇ ਸਰਕਲ, ਮੰਡਲ ਦਫਤਰ ਅੱਗੇ ਤੇ ਡੈਮਾਂ ‘ਤੇ ਵੀ ਕੀਤਾ ਗਿਆ। ਇਸ ਦੌਰਾਨ ਸਿੰਚਾਈ ਮੰਤਰੀ ਸਮੇਤ ਪੁਨਰਗਠਨ ਕਮੇਟੀ ਦੇ ਅਧਿਕਾਰੀਆਂ ਦੀਆਂ ਅਰਥੀਆਂ ਸਾੜੀਆਂ ਗਈਆਂ ਤੇ ਪੁਨਰਗਠਨ ਨੂੰ ਮੁੜ ਤੋਂ ਵਿਚਾਰਨ ਤੇ ਇਸ ਦੌਰਾਨ ਮੁਲਾਜਮ ਜਥੇਬੰਦੀਆਂ ਨੂੰ ਭਰੋਸੇ ਵਿੱਚ ਲੈਣ ਦੀ ਵੀ ਜ਼ੋਰਦਾਰ ਮੰਗ ਕੀਤੀ।
ਇਸ ਮੌਕੇ ਮੁਲਾਜ਼ਮਾਂ ਦੇ ਪ੍ਰਮੁੱਖ ਆਗੂਆਂ ਸੱਜਣ ਸਿੰਘ, ਦਰਸ਼ਨ ਸਿੰਘ ਲੁਬਾਣਾ, ਜਗਦੀਸ ਸਿੰਘ ਚਹਿਲ, ਰਣਜੀਤ ਸਿੰਘ ਰਾਣਵਾ ਤੇ ਬਲਕਾਰ ਸਿੰਘ ਵਲਟੋਹਾ ਨੇ ਅਰਥੀ ਫੂਕ ਰੈਲੀਆਂ ਦੀ ਅਗਵਾਈ ਕਰਦਿਆ ਕਿਹਾ ਕਿ ਸਰਕਾਰ ਮੁਲਾਜਮ ਮੰਗਾਂ ਤੋਂ ਧਿਆਨ ਹਟਾਉਣ ਤੇ ਕੋਵਿਡ-19 ਦੀ ਮਹਾਂਮਾਰੀ ਸਮੇਂ ਮੁਲਾਜਮ ਦੋਖੀ ਫੈਸਲੇ ਲੈ ਰਹੀ ਹੈ। ਜਲ ਸਰੋਤ ਵਿਭਾਗ ਦੇ ਪੁਨਰਗਠਨ ਤੋਂ ਪਹਿਲਾ ਨਾ ਤਾਂ ਸਰਕਾਰ ਨੇ ਤੇ ਨਾ ਹੀ ਵਿਭਾਗ ਦੇ ਅਧਿਕਾਰੀਆਂ ਨੇ ਮੁਲਾਜਮ ਜਥੇਬੰਦੀਆਂ ਦਾ ਪੱਖ ਸੁਣਿਆ ਤੇ ਇੱਕ ਤਰਫ਼ਾ ਫੈਸਲਾ ਥੋਪ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੁਨਰਗਠਨ ਸਮੇਂ ਵਿਭਾਗ ਦੀਆਂ ਲਗਭਗ 24000 ਹਜ਼ਾਰ ਅਸਾਮੀਆਂ ਨੂੰ ਘਟਾ ਕੇ 15606 ਕਰ ਦਿੱਤਾ ਗਿਆ, ਜਦ ਕਿ ਮਈ 2019 ਦੌਰਾਨ 17499 ਅਸਾਮੀਆਂ ਤੇ ਅਧਿਕਾਰੀ ਤੇ ਕਰਮਚਾਰੀ ਕੰਮ ਕਰ ਰਹੇ ਸਨ ਪਰੰਤੂ 1893 ਅਸਾਮੀਆਂ ਦਾ ਕੋਈ ਜ਼ਿਕਰ ਪੁਨਰਗਠਨ ਰਿਪੋਰਟ ਵਿੱਚ ਨਹੀਂ ਕੀਤਾ। ਇਸ ਤਰ੍ਹਾਂ ਵਿਭਾਗ ਦਾ ਇੱਕੋ ਇੱਕ ਲੈਂਡ ਐਕੁਜੀਸਨ ਦਫਤਰ ਪਟਿਆਲਾ ਬਿੱਲ ਕੁੱਲ ਹੀ ਖਤਮ ਕਰ ਦਿੱਤਾ ਹੈ ਅਤੇ ਖੇਤਰੀ ਦਫਤਰਾਂ ਵਿੱਚੋਂ ਤਕਰੀਬਨ 301 ਕਲਰਕਾਂ ਦੀਆਂ ਅਸਾਮੀਆਂ ਖਤਮ ਕੀਤੀਆਂ ਗਈਆਂ ਹਨ ਅਤੇ ਨਹਿਰ ਪਟਵਾਰੀ ਜੋ ਮੌਜ਼ੂਦਾ ਸਮੇਂ ਵਿੱਚ 3000 ਤੋਂ 5000 ਹੈਕਟਰ ਰਕਬੇ ਦਾ ਕੰਮ ਕਰਦੇ ਸਨ ਹੁਣ 7000 ਅਤੇ 10000 ਰਕਬਾ ਵੇਖਣਗੇ ਤੇ 15 ਜਿਲ੍ਹੇਦਾਰ 439 ਕੈਨਾਲ ਪਟਵਾਰੀ ਤੇ ਏ.ਆਰ.ਸੀ. ਦੀਆਂ ਅਸਾਮੀਆਂ ਖਤਮ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਹਿਰਾਂ ਤੇ ਰਜਬਾਹਿਆਂ ‘ਤੇ 8 ਬੇਲਦਾਰ ਤੇ ਇੱਕ ਮੇਟ ਕੰਮ ਕਰਦਾ ਹੈ, ਹੁਣ 2 ਬੇਲਦਾਰ ਤੇ ਉਪ ਮੰਡਲ ਦਫਤਰ ਵਿਖੇ ਇੱਕ ਮੇਟ ਹੋਵੇਗਾ, ਇਸ ਤਰ੍ਹਾਂ 50 ਪ੍ਰਤੀਸ਼ਤ ਅਸਾਮੀਆਂ ਚੋਥਾ ਦਰਜਾ ਕਰਮਚਾਰੀਆਂ ਦੀਆਂ ਖਤਮ ਕੀਤੀਆਂ ਗਈਆਂ ਹਨ ਤੇ ਰੈਗੂਲੇਸ਼ਨ ਨਹਿਰੀ ਹੈਡਾਂ ਤੇ ਰੈਗੂਲੇਸ਼ਨ ਬੇਲਦਾਰ, ਗੇਜਰੀਡਰ ਆਦਿ ਅਸਾਮੀਆਂ ਵੀ ਖਤਮ ਕਰ ਦਿੱਤੀਆਂ ਹਨ। ਭੁੱਖ ਹੜਤਾਲ ਦੇ ਚੌਥੇ ਦਿਨ ਮੇਘਰਾਜ, ਅਵਤਾਰ ਸਿੰਘ ਬੈਠੇ। ਇਸ ਮੌਕੇ ਬਲਜਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਸੁਰਜ ਪਾਲ ਯਾਦਵ, ਗੁਰਦਰਸ਼ਨ ਸਿੰਘ, ਕਾਕਾ ਸਿੰਘ, ਪ੍ਰਿਤਮ ਚੰਦ ਠਾਕੁਰ, ਬਲਬੀਰ ਸਿੰਘ, ਕੁਲਦੀਪ ਸਕਰਾਲੀ, ਨਿਰਮਲ ਸਿੰਘ ਆਦਿ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.